ਸਿਆਸਤਖਬਰਾਂਦੁਨੀਆ

ਕਾਬੁਲ ਲਈ ਪਾਕਿਸਤਾਨੀ ਏਅਰਲਾਈਨ ਦੀਆਂ ਉਡਾਣਾਂ ਸ਼ੁਰੂ

ਇਸਲਾਮਾਬਾਦ – ਅਫਗਾਨਿਸਤਾਨ ਚ ਤਾਲਿਬਾਨ ਦੇ ਕਬਜ਼ੇ ਮਗਰੋਂ ਵੱਖ ਵੱਖ ਮੁਲਕਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਸਨ। ਪਾਕਿਸਤਾਨ ਵੀ ਇਹਨਾਂ ਚ ਸ਼ੁਮਾਰ ਸੀ, ਪਰ ਹੁਣ ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਵਿਚ ਫਸੇ ਪਾਕਿਸਤਾਨੀ ਲੋਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕਾਬੁਲ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮੰਤਰੀ ਫਵਾਦ ਚੌਧਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ 350 ਯਾਤਰੀਆਂ ਨੂੰ ਕੱਢਣ ਲਈ ਆਪਣੇ ਦੋ ਜਹਾਜ਼ ਅਫਗਾਨਿਸਤਾਨ ਦੀ ਰਾਜਧਾਨੀ ਭੇਜੇ। ਪਾਕਿਸਤਾਨ ਦਾ ਗ੍ਰਹਿ ਮੰਤਰਾਲਾ ਵੀ ਪਾਕਿਸਤਾਨੀਆਂ ਅਤੇ ਵਿਦੇਸ਼ੀਆਂ ਨੂੰ ਅਫਗਾਨਿਸਤਾਨ ਤੋਂ ਕੱਢਣ ਵਿਚ ਮਦਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੀ.ਆਈ.ਏ. ਨੇ ਅਫਗਾਨ ਸ਼ਹਿਰੀ ਹਵਾਬਾਜ਼ੀ ਅਧਿਕਾਰੀਆ ਨਾਲ ਸਲਾਹ ਕਰਨ ਮਗਰੋਂ ਯਾਤਰੀਆਂ, ਚਾਲਕ ਦਲ ਅਤੇ ਜਹਾਜ਼ਾਂ ਦੀ ਸੁਰੱਖਿਆ ਲਈ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਸਨ। ਪਾਕਿਸਤਾਨ ਉਹਨਾਂ ਸਾਰੇ ਡਿਪਲੋਮੈਟਾਂ, ਵਿਦੇਸ਼ੀਆਂ ਅਤੇ ਪੱਤਰਕਾਰਾਂ ਨੂੰ ਐਰਾਈਵਲ ਆਨ ਵੀਜ਼ਾ ਜਾਰੀ ਕਰ ਰਿਹਾ ਹੈ ਜੋ ਸੁਰੱਖਿਆ ਕਾਰਨਾਂ ਤੋਂ ਕਾਬੁਲ ਛੱਡਣਾ ਚਾਹੁੰਦੇ ਹਨ। ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਕਰਨ ਦੇ ਬਾਅਦ ਤੋਂ ਪਾਕਿਸਤਾਨ ਦੀ ਸਰਕਾਰ ਆਪਣੇ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਹਵਾਈ ਅਤੇ ਜ਼ਮੀਨੀ ਰਸਤਿਆਂ ਜ਼ਰੀਏ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

Comment here