ਕਾਬੁਲ-ਬੀਤੇ ਦਿਨੀ ਤਾਲਿਬਾਨ ਦੇ ਖੁਫੀਆ ਏਜੰਟਾਂ ਦੀ ਇੱਕ ਟੀਮ ਨੇ ਕਾਬੁਲ ਵਿੱਚ ਹਜ਼ਾਰਾਂ ਲੀਟਰ ਸ਼ਰਾਬ ਜ਼ਬਤ ਕੀਤੀ।ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਇਸਲਾਮਿਕ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਏਜੰਟਾਂ ਨੇ ਜ਼ਬਤ ਕੀਤੀ ਸ਼ਰਾਬ ਨੂੰ ਕੈਮਰੇ ਦੇ ਸਾਹਮਣੇ ਕਾਬੁਲ ਦੀ ਇੱਕ ਨਹਿਰ ਵਿੱਚ ਸੁੱਟ ਦਿੱਤਾ। ਤਾਲਿਬਾਨ ਨੇ ਅਫਗਾਨ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਉਸ ਦੀ ਵਿਕਰੀ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਤਾਲਿਬਾਨ ਦੇ ਡਾਇਰੈਕਟੋਰੇਟ ਜਨਰਲ ਆਫ਼ ਇੰਟੈਲੀਜੈਂਸ (ਜੀਡੀਆਈ) ਦੁਆਰਾ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਇਸ ਦੇ ਏਜੰਟ ਕਾਬੁਲ ਵਿੱਚ ਇੱਕ ਛਾਪੇਮਾਰੀ ਦੌਰਾਨ ਇੱਕ ਨਹਿਰ ਵਿੱਚ ਸ਼ਰਾਬ ਦੇ ਬੈਰਲ ਸੁੱਟ ਰਹੇ ਹਨ। ਐਤਵਾਰ ਨੂੰ ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਇਕ ਖੁਫੀਆ ਅਧਿਕਾਰੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਤੋਂ ਗੰਭੀਰਤਾ ਨਾਲ ਪਰਹੇਜ਼ ਕਰਨਾ ਚਾਹੀਦਾ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਛਾਪੇਮਾਰੀ ਕਦੋਂ ਕੀਤੀ ਗਈ ਸੀ ਜਾਂ ਸ਼ਰਾਬ ਦੀ ਖੇਪ ਕਦੋਂ ਨਸ਼ਟ ਕੀਤੀ ਗਈ। ਇਸ ਦੇ ਬਾਵਜੂਦ ਤਾਲਿਬਾਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਛਾਪੇਮਾਰੀ ਦੌਰਾਨ ਤਿੰਨ ਡੀਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ‘ਤੇ ਇਸਲਾਮਿਕ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਜ਼ਾ ਤੈਅ ਕੀਤੀ ਜਾਵੇਗੀ। ਇਸਲਾਮ ਵਿੱਚ ਸ਼ਰਾਬ ਨੂੰ ਹਰਾਮ ਮੰਨਿਆ ਗਿਆ ਹੈ।
Comment here