ਕਾਬੁਲ-ਅਫਗਾਨਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਬੌਡੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਹਾਲ ਦੇ ਦਿਨਾਂ ਵਿਚ ਸਾਰੇ ਤਕਨੀਕੀ ਮੁੱਦਿਆਂ ਦਾ ਹੱਲ ਕਰ ਲਿਆ ਗਿਆ ਹੈ। ਟੋਲੋ ਨਿਊਜ਼ ਮੁਤਾਬਕ ਦੇਸ਼ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਐਲਾਨ ਕਰਦਿਆਂ ਕਿਹਾ ਕਿ ਕਾਬੁਲ ਹਵਾਈ ਅੱਡੇ ’ਤੇ ਸਧਾਰਨ ਗਤੀਵਿਧੀਆਂ ਮੁੜ ਚਾਲੂ ਹੋ ਗਈਆਂ ਹਨ। ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਉਡਾਣਾਂ ਲਈ ਸਾਰੀਆਂ ਸਹੂਲਤਾਂ ਮੌਜੂਦ ਹਨ।
ਹਾਲ ਹੀ ਦੇ ਦਿਨਾਂ ਵਿਚ ਹਵਾਈ ਅੱਡੇ ਨੂੰ ਕਤਰ, ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਮਿਲੀ ਸੀ। ਦੇਸ਼ ਦੀ ਸ਼ਹਿਰੀ ਹਵਾਬਾਜ਼ੀ ਬੌਡੀ ਦੇ ਬੁਲਾਰੇ ਮੁਹੰਮਦ ਨਈਮ ਸਾਲੇਹੀ ਨੇ ਕਿਹਾ ਕਿ ਵਿਭਾਗ ਨੇ ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪੱਤਰ ਲਿਖ ਕੇ ਹਵਾਈ ਅੱਡੇ ’ਤੇ ਉਡਾਣਾਂ ਮੁੜ ਸ਼ੁਰੂ ਕਰਨ ਲਈ ਕਿਹਾ ਹੈ। ਟੋਲੋ ਨਿਊਜ਼ ਨੇ ਸਾਲੇਹੀ ਦੇ ਹਵਾਲੇ ਨਾਲ ਕਿਹਾ, ‘‘ਤਕਨੀਕੀ ਤੌਰ ’ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਲੈਕੇ ਅੱਗੇ ਕੋਈ ਸਮੱਸਿਆ ਨਹੀਂ ਹੈ। ਅਸੀਂ ਹਾਲੇ ਗੁਆਂਢੀ ਦੇਸ਼ਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂਕਿ ਉਹ ਕਾਬੁਲ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨਗੇ ਜਾਂ ਨਹੀਂ। ਵਰਤਮਾਨ ਵਿਚ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਾਰੀ ਹਨ।’’
ਅਫਗਾਨਿਸਤਾਨ ਟੂਰਿਜ਼ਮ ਕੰਪਨੀਆਂ ਦੇ ਸੰਘ ਦੇ ਪ੍ਰਮੁੱਖ ਮਸੂਦ ਬੀਨਾ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪਹਿਲਾਂ ਪਾਕਿਸਤਾਨ ਜਾਣ ਲਈ ਟਿਕਟਾਂ ਦੀ ਕੀਮਤ 150 ਤੋਂ 200 ਅਮਰੀਕੀ ਡਾਲਰ ਸੀ ਅਤੇ ਹੁਣ ਇਹ ਕੀਮਤ 1,200 ਡਾਲਰ ਤੱਕ ਪਹੁੰਚ ਗਈ ਹੈ।
ਇਸ ਵਿਚਕਾਰ ਈਰਾਨ ਅਤੇ ਪਾਕਿਸਤਾਨ ਦੇ ਵੀਜ਼ਾ ਪ੍ਰਾਪਤ ਕਰਨ ਵਾਲੇ ਕੁਝ ਅਫਗਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਹਾਲ ਹੀ ਵਿਚ ਕਾਬੁਲ ਵਿਚ ਟਿਕਟਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਾਂ ਤਾਂ ਟਿਕਟ ਉਪਲਬਧ ਨਹੀਂ ਹਨ ਅਤੇ ਜੇਕਰ ਉਪਲਬਧ ਹਨ ਤਾਂ ਲਾਗਤ ਬਹੁਤ ਜ਼ਿਆਦਾ ਹੈ।
Comment here