ਕਾਠਮੰਡੂ-ਨੇਪਾਲ ਦੇ ਮਾਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਠਮੰਡੂ ਏਅਰਪੋਰਟ ਤੋਂ ਕਰੀਬ ਇਕ ਕੁਇੰਟਲ ਸੋਨਾ ਬਾਹਰ ਕੱਢਿਆ ਜਾ ਰਿਹਾ ਹੈ। ਰਾਜਧਾਨੀ ਕਾਠਮੰਡੂ ‘ਚ ਸੋਨੇ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ, ਜਿੱਥੇ ਸੋਨੇ ਦੀ ਵੱਡੇ ਪੱਧਰ ‘ਤੇ ਤਸਕਰੀ ਹੋ ਰਹੀ ਸੀ। ਤ੍ਰਿਭੁਵਨ ਹਵਾਈ ਅੱਡੇ ਤੋਂ ਕਸਟਮ ਕਲੀਅਰੈਂਸ ਤੋਂ ਬਾਅਦ ਮਾਲ ਵਿਭਾਗ ਨੇ ਹਵਾਈ ਅੱਡੇ ਦੇ ਬਾਹਰੋਂ 155 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਮਾਮਲੇ ‘ਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਸਟਮ ਵਿਭਾਗ ਦੇ 2 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਾਂਚ ਦੇ ਹੁਕਮ ਵੀ ਦਿੱਤੇ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਨੇਪਾਲ ਦੇ ਮਾਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਠਮੰਡੂ ਏਅਰਪੋਰਟ ਤੋਂ ਕਰੀਬ ਇਕ ਕੁਇੰਟਲ ਸੋਨਾ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਹਵਾਈ ਅੱਡੇ ‘ਤੇ ਪੁੱਜੇ ਪਰ ਪਤਾ ਲੱਗਾ ਕਿ ਕਸਟਮ ਕਲੀਅਰੈਂਸ ਤੋਂ ਬਾਅਦ ਸੋਨਾ ਇਕ ਟੈਕਸੀ ‘ਚ ਰੱਖ ਕੇ ਉਥੋਂ ਥੋੜ੍ਹਾ ਸਮਾਂ ਪਹਿਲਾਂ ਹੀ ਰਵਾਨਾ ਹੋਇਆ ਸੀ। ਮਾਲ ਵਿਭਾਗ ਦੇ ਅਧਿਕਾਰੀ ਨੇ ਪੁਲਸ ਦੀ ਮਦਦ ਨਾਲ ਹਵਾਈ ਅੱਡੇ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ। ਸਾਰੀਆਂ ਟੈਕਸੀਆਂ ਦੀ ਤਲਾਸ਼ੀ ਲਈ ਗਈ। ਹਵਾਈ ਅੱਡੇ ਤੋਂ ਬਾਹਰ ਨਿਕਲਣ ਵਾਲੇ ਮੁੱਖ ਗੇਟ ਕੋਲ ਉਹ ਟੈਕਸੀ ਮਿਲ ਗਈ, ਜਿਸ ਵਿੱਚ ਸੋਨਾ ਰੱਖ ਕੇ ਬਾਹਰ ਕੱਢਿਆ ਜਾ ਰਿਹਾ ਸੀ। ਮਾਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ 10 ਸਕਿੰਟ ਦੀ ਵੀ ਦੇਰੀ ਹੋ ਜਾਂਦੀ ਤਾਂ ਸੋਨਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਾ ਸੀ।
ਇਸ ਮਾਮਲੇ ‘ਚ ਨੇਪਾਲ ਪੁਲਸ ਨੇ ਇਕ ਚੀਨੀ ਨਾਗਰਿਕ ਜਿਕਵਾਂਗ ਲਿੰਗ ਨੂੰ ਏਅਰਪੋਰਟ ਤੋਂ ਚੀਨ ਭੱਜਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਉਹ ਪਿਛਲੇ ਇਕ ਸਾਲ ਤੋਂ ਨੇਪਾਲ ਵਿੱਚ ਰਹਿ ਰਿਹਾ ਸੀ। ਜਿਸ ਦਿਨ ਸੋਨੇ ਦੀ ਇੰਨੀ ਵੱਡੀ ਖੇਪ ਫੜੀ ਗਈ, ਉਸੇ ਦਿਨ ਉਸ ਨੂੰ ਏਅਰਪੋਰਟ ਦੇ ਇਮੀਗ੍ਰੇਸ਼ਨ ਏਰੀਏ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਦੇ ਘਰੋਂ ਸਿੰਗਾਪੁਰ ਤੋਂ ਭੇਜੇ ਕੁਝ ਸੀਲਬੰਦ ਪੈਕ ਪਾਰਸਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਮਾਲ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਾਲ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕਰੀਬ 100 ਕਿਲੋ ਸੋਨੇ ਦੀ ਤਸਕਰੀ ਹੋ ਰਹੀ ਹੈ। ਬਰਾਮਦ ਹੋਣ ‘ਤੇ 155 ਕਿਲੋ ਸੋਨਾ ਮਿਲਿਆ।
ਕਾਠਮੰਡੂ ਏਅਰਪੋਰਟ ਤੋਂ ਡੇਢ ਕੁਇੰਟਲ ਸੋਨਾ ਬਰਾਮਦ

Comment here