ਸਿਆਸਤਖਬਰਾਂ

ਕਾਂਗਰਸ ਸਾਰੇ ਵਿਰੋਧੀਆਂ ਨੂੰ ਆਪਣੇ ਹੱਥ ਹੇਠ ਰੱਖਣ ਲਈ ਹੋਈ ਸਰਗਰਮ

20 ਅਗਸਤ ਨੂੰ ਸੱਦੀ ਵਰਚੁਅਲ ਬੈਠਕ

ਸਟਾਲਿਨ, ਮਮਤਾ, ਊਧਵ ਆਦਿ ਨੂੰ ਸੋਨੀਆ ਨੇ ਖੁਦ ਫੋਨ ਕਰਕੇ ਸੱਦਿਆ

ਨਵੀਂ ਦਿੱਲੀ- ਦੇਸ਼ ਚ ਤੀਜੇ ਫਰੰਟ ਦੀ ਚੱਲ ਰਹੀ ਸਰਗਰਮੀ ਦੇ ਦਰਮਿਆਨ ਕਾਂਗਰਸ ਨੇ ਇਕ ਵਾਰ ਫੇਰ ਹੰਭਲਾ ਮਾਰਿਆ ਹੈ, ਤਾਂ ਜੋ ਵਿਰੋਧੀ ਪਾਰਟੀਆਂ ਦੀ ਸਿਆਸਤ ਦੀ ਕਮਾਨ ਉਸ ਦੇ ਹੱਥਾਂ ਚ ਰਹੇ, ਇਸ ਦੇ ਮਦੇਨਜ਼ਰ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 20 ਅਗਸਤ ਨੂੰ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਵਰਚੁਅਲ ਬੈਠਕ ਬੁਲਾਈ ਹੈ। ਇਸ ’ਚ ਕੌਮੀ ਪੱਧਰ ’ਤੇ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਇਕਜੁਟ ਹੋ ਕੇ ਭਾਜਪਾ ਖ਼ਿਲਾਫ਼ ਲੰਬੀ ਸਿਆਸੀ ਜੰਗ ਦੀ ਸਾਂਝੀ ਰਣਨੀਤੀ ’ਤੇ ਗੱਲਬਾਤ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੂੰ ਇਕ ਮੰਚ ’ਤੇ ਲਿਆਉਣ ਦੀ ਇਸ ਪਹਿਲ ਲਈ ਕਾਂਗਰਸ ਲੀਡਰਸ਼ਿਪ ਦੀ ਉਤਸੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਨੀਆ ਗਾਂਧੀ ਨੇ ਮਮਤਾ ਬੈਨਰਜੀ, ਸ਼ਰਦ ਪਵਾਰ, ਊਧਵ ਠਾਕਰੇ ਤੋਂ ਲੈ ਕੇ ਐੱਮਕੇ ਸਟਾਲਿਨ ਤਕ ਨੂੰ ਖ਼ੁਦ ਫੋਨ ਕਰ ਕੇ ਇਸ ਬੈਠਕ ਲਈ ਸੱਦਾ ਦਿੱਤਾ ਹੈ। ਇਹ ਬੈਠਕ ਵਰਚੁਅਲ ਹੋਵੇਗੀ ਤੇ ਸੰਕੇਤ ਹੈ ਕਿ ਇਸ ਦੌਰਾਨ ਸਿਆਸੀ ਮੁੱਦਿਆਂ ’ਤੇ ਚਰਚਾ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਦਿੱਗਜਾਂ ਦੇ ਇਕ ਮੰਚ ’ਤੇ ਜਲਦ ਹੀ ਇਕੱਠਾ ਹੋਣ ਦੀ ਤਰੀਕ ਵੀ ਤੈਅ ਹੋਵੇਗੀ। ਸੂੁਤਰਾਂ ਮੁਤਾਬਕ ਕਾਂਗਰਸ ਲੀਡਰਸ਼ਿਪ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ 23 ਤੋਂ 25 ਅਗਸਤ ਵਿਚਾਲੇ ਭੋਜਨ ’ਤੇ ਚਰਚਾ ਲਈ ਬੁਲਾਉਣ ਦੀ ਯੋਜਨਾ ਬਣਾਈ ਸੀ ਪਰ ਕੁਝ ਨੇਤਾਵਾਂ ਦੀ ਵਿਵਹਾਰਕ ਤੌਰ ’ਤੇ ਉਪਲਬਧਾ ਸਬੰਧੀ ਦਿੱਕਤਾਂ ਨੂੰ ਦੇਖਦੇ ਹੋਏ ਲੰਚ ਜਾਂ ਡਿਨਰ ’ਤੇ ਬੈਠਕ ਦੀ ਜਗ੍ਹਾ ਵਰਚੁਅਲ ਬੈਠਕ ਬੁਲਾਉਣ ’ਤੇ ਸਹਿਮਤੀ ਬਣੀ। ਸਮਝਿਆ ਜਾਂਦਾ ਹੈ ਕਿ ਸੋਨੀਆ ਗਾਂਧੀ ਨੇ ਇਸ ਪਹਿਲ ਤਹਿਤ ਸਭ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫੋਨ ਕਰ ਕੇ ਸੱਦਾ ਦਿੱਤਾ। ਇਸ ਤੋਂ ਬਾਅਦ ਰਾਕਾਂਪਾ ਮੁਖੀ ਸ਼ਰਦ ਪਵਾਰ, ਡੀਐੱਮਕੇ ਮੁਖੀ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਮਾਕਪਾ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨਾਲ ਉਨ੍ਹਾਂ ਦੀ ਗੱਲ ਹੋਈ। ਸੋਨੀਆ ਨੇ ਸ਼ਿਵਸੈਨਾ ਮੁਖੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਇਸ ਬੈਠਕ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰਾਜਸਭਾ ’ਚ ਸ਼ਿਵਸੈਨਾ ਦੇ ਨੇਤਾ ਸੰਜੇ ਰਾਓਤ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਗੱਲ ਕਰ ਕੇ ਬੈਠਕ ’ਚ ਬੁਲਾਇਆ ਹੈ ਤੇ ਠਾਕਰੇ ਇਸ ਵਰਚੁਅਲ ਬੈਠਕ ’ਚ ਸ਼ਿਰਕਤ ਵੀ ਕਰਨਗੇ। ਸਮਾਜਵਾਦੀ ਪਾਰਟੀ ਨੂੰ ਵੀ ਇਸ ਬੈਠਕ ’ਚ ਸੱਦਾ ਭੇਜਿਆ ਗਿਆ ਹੈ ਪਰ ਬਸਪਾ ਨੂੰ ਸੱਦਾ ਭੇਜਣ ’ਤੇ ਹਾਲੇ ਪਤਾ ਨਹੀਂ ਲੱਗ ਸਕਿਆ। ਵਿਰੋਧੀ ਪਾਰਟੀਆਂ ਦੇ ਇਕਜੁਟ ਹੋਣ ਨਾਲ ਸੰਸਦ ਦੇ ਮੌਨਸੂਨ ਇਜਲਾਸ ’ਚ ਸਰਕਾਰ ਨੂੰ ਮਿਲੀ ਚੁਣੌਤੀ ਜਿੱਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਬੁਲਾਉਣ ਦਾ ਮੁੱਖ ਕਾਰਨ ਹੈ, ਉੱਥੇ 2024 ’ਚ ਪ੍ਰਧਾਨ ਮੰਤਰੀ ਮੋਦੀ ਨੂੰ ਸਿਆਸੀ ਚੁਣੌਤੀ ਦੇਣ ਲਈ ਵਿਰੋਧੀ ਪਾਰਟੀਆਂ ਦਾ ਮਜ਼ਬੂਤ ਬਦਲ ਬਣਾਉਣ ਦੀਆਂ ਕਾਂਗਰਸ ’ਚ ਉੱਠ ਰਹੀਆਂ ਆਵਾਜ਼ਾਂ ਨੂੰ ਦੇਖਦੇ ਹੋਏ ਵੀ ਕਾਂਗਰਸ ਲੀਡਰਸ਼ਿਪ ’ਤੇ ਦਬਾਅ ਵੱਧ ਰਿਹਾ ਹੈ। ਖ਼ਾਸ ਕਰ ਕੇ ਕਾਂਗਰਸ ਦੇ ਹੀ ਅਸੰਤੁਸ਼ਟ ਜੀ-23 ਦੇ ਇਕ ਮੁੱਖ ਨੇਤਾ ਕਪਿਲ ਸਿੱਬਲ ਵੱਲੋਂ ਰਾਤ ਦੇ ਖਾਣੇ ’ਤੇ ਇਕੱਠੇ ਹੋਏ ਵਿਰੋਧੀ ਪਾਰਟੀਆਂ ਦੇ ਦਿੱਗਜਾਂ ਵਿਚਾਲੇ ਅਗਲੀਆਂ ਆਮ ਚੋਣਾਂ ’ਚ ਵਿਰੋਧੀ ਧਿਰ ਨੂੰ ਮਜ਼ਬੂਤ ਬਦਲ ਦੇ ਰੂਪ ਬਾਰੇ ਜਿਸ ਤਰ੍ਹਾਂ ਸ਼ੁਰੂਆਤੀ ਚਰਚਾ ਹੋਈ, ਉਸ ਤੋਂ ਵੀ ਹਾਈਕਮਾਨ ’ਤੇ ਦਬਾਅ ਵਧਿਆ ਹੈ। ਸੋਨੀਆ ਗਾਂਧੀ ਵੱਲੋਂ ਇਹ ਬੈਠਕ ਬੁਲਾਉਣ ਦੀ ਇਹ ਤਾਜ਼ਾ ਪਹਿਲ ਕਾਫੀ ਹੱਦ ਤਕ ਸਿੱਬਲ ਵੱਲੋਂ ਬਣਾਏ ਗਏ ਸਿਆਸੀ ਦਬਾਅ ਦਾ ਵੀ ਅਸਰ ਹੈ। ਵੈਸੇ ਮਮਤਾ ਬੈਨਰਜੀ ਨੇ ਮੌਨਸੂਨ ਸੈਸ਼ਨ ਦੌਰਾਨ ਦੋ ਹਫਤੇ ਪਹਿਲਾਂ ਦਿੱਲੀ ਆ ਕੇ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ 2024 ’ਚ ਇਕਜੁਟਤਾ ਬਾਰੇ ਚਰਚਾ ਦੀ ਪਹਿਲ ਸ਼ੁਰੂ ਕੀਤੀ, ਉਹ ਵੀ ਕਾਂਗਰਸ ਲਈ ਚੁਣੌਤੀ ਹੈ ਤੇ ਪਾਰਟੀ ਇਸ ਨੂੰ ਚੰਗੀ ਤਰ੍ਹਾਂ ਸਮਝ ਰਹੀ ਹੈ, ਇਸ ਕਰਕੇ ਆਪਣੀ ਪਹਿਲਾਂ ਵਾਲੀ ਸਾਖ ਬਹਾਲ ਕਰਨ ਲਈ ਕਾਂਗਰਸ ਸਰਗਰਮ ਹੋ ਰਹੀ ਹੈ।

Comment here