ਸਿਆਸਤਖਬਰਾਂ

ਕਾਂਗਰਸ ਸਰਕਾਰ ਦਾ ਇੱਕੋ ਮਕਸਦ ਸਾਨੂੰ ਗ੍ਰਿਫਤਾਰ ਕਰਨਾ-ਸੁਖਬੀਰ ਨੇ ਲਾਏ ਦੋਸ਼

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੂਬੇ ਵਿਚ ਭਾਰਤ ਮਾਲਾ ਪ੍ਰੋਜੈਕਟ ਸਕੀਮ ਤਹਿਤ ਕਿਸਾਨਾਂ ਦੀ ਘੱਟ ਕੀਮਤ ’ਤੇ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਮਾਮਲੇ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਪੁੱਜੇ। ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਮੌਜੂਦਾ ਸਰਕਾਰ ’ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਦਾ ਇਕੋ ਮਕਸਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਅਤੇ ਅਫ਼ਸਰਾਂ ’ਤੇ ਗ੍ਰਿਫ਼ਤਾਰੀ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਕਾਲੀ ਜੇਲ੍ਹਾਂ ਜਾਣ ਤੋਂ ਡਰਦੇ ਨਹੀਂ ਹਨ, ਇਸ ਲਈ ਅਫ਼ਸਰਾਂ ’ਤੇ ਦਬਾਅ ਬਣਾਉਣ ਦੀ ਜ਼ਰੂਰਤ ਨਹੀਂ ਹੈ, ਜਿੱਥੋ ਕਹੋਗੇ ਉਹ ਗ੍ਰਿਫ਼ਤਾਰੀ ਦੇਣ ਆ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਆਸੀ ਬਦਲਾਖੋਰੀ ਦੀ ਬਜਾਏ ਸੂਬੇ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।ਸੁਖਬੀਰ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਦੋਸ਼ ਲਾਇਆ ਕਿ ਉਹ ਅਫ਼ਸਰਾਂ ਨੂੰ ਅਕਾਲੀਆਂ ਨੂੰ ਵੀਹ ਦਿਨਾਂ ’ਚ ਗ੍ਰਿਫ਼ਤਾਰ ਕਰਨ ਦੀ ਸ਼ਰਤ ’ਤੇ ਨਿਯੁਕਤ ਕਰ ਰਹੇ ਹਨ। ਉਨ੍ਹਾਂ ਰੰਧਾਵਾ ਨੂੰ ਕਿਹਾ ਕਿ ਅਜਿਹਾ ਕੰਮ ਨਾ ਕਰੋ ਜਿਸ ਨਾਲ ਸੂਬੇ ਦਾ ਮਾਹੌਲ ਖਰਾਬ ਹੋਵੇ। ਉਨ੍ਹਾਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਕਿ ਮੁੱਖ ਮੰਤਰੀ ਦੀ ਕੁਰਸੀ ਦੀ ਮਰਿਆਦਾ ਦੇ ਖਿਆਲ ਰੱਖਿਆ ਜਾਵੇ ਤੇ ਸਿੱਧੂ ਅਤੇ ਰੰਧਾਵਾ ਨੂੰ ਸਪਸ਼ਟ ਕਿਹਾ ਜਾਵੇ ਕਿ ਉਹ ਮੁੱਖ ਮੰਤਰੀ ਹਨ ਨਾ ਕਿ ਤੁਸੀਂ। ਸਵਾਲ ਦੇ ਜਵਾਬ ਵਿਚ ਸੁਖਬੀਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਪਹਿਲੀ ਪਸੰਦ ਨਹੀਂ ਸਨ। ਪਹਿਲੀ ਪਸੰਦ ਸੁਨੀਲ ਜਾਖੜ ਸਨ ਪਰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਹਿੰਦੂ ਨਹੀਂ ਸਿੱਖ ਨੂੰ ਬਣਾਇਆ ਜਾਵੇ ਤਾਂ ਸੁਖਜਿੰਦਰ ਰੰਧਾਵਾ ਦਾ ਨਾਮ ਅੱਗੇ ਆਇਆ। ਉਨ੍ਹਾਂ ਦੀ ਲੜਾਈ ਵਿਚ ਹੀ ਚਰਨਜੀਤ ਚੰਨੀ ਦਾ ਨਾਮ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਕਾਂਗਰਸ ਦਾ ਅਨੁਸੂਚਿਤ ਜਾਤੀ ਵਰਗ ਨਾਲ ਮੋਹ ਨਹੀਂ ਹੈ ਅਗਰ ਅਜਿਹਾ ਹੈ ਤਾਂ 2022 ਦੀਆਂ ਚੋਣਾਂ ਵਿਚ ਵੀ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਅੱਗੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਬਣਾਉਣ ਦਾ ਐਲਾਨ ਕੀਤਾ ਸੀ ਇਸ ਤਰ੍ਹਾਂ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਉਨ੍ਹਾਂ ਨੇ ਭਾਰਤ ਮਾਲਾ ਸਕੀਮ ਤਹਿਤ ਕਿਸਾਨਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਨਾ ਦੇਣ ’ਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਨਿੰਦਾਂ ਕਰਦਿਆ ਕਿਹਾ ਕਿ 29 ਸਤੰਬਰ ਨੂੰ ਮੁੱਖ ਮੰਤਰੀ ਦੇ ਘਰ ਤੱਕ ਰੋਸ ਮਾਰਚ ਕਰਨ ਕੀਤਾ ਜਾਵੇਗਾ।

Comment here