ਸਿਆਸਤਖਬਰਾਂ

ਕਾਂਗਰਸ ਵਿਰੋਧੀ ਪੋਸਟਾਂ ਤੋੰ ਨਹੀਂ ਰੁਕ ਰਿਹਾ ਸਿੱਧੂ ਦਾ ਸਲਾਹਕਾਰ ਮਾਲੀ

ਚੰਡੀਗੜ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਿੱਜੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰੇ ਲਾਲ ਗਰਗ ਦੀਆਂ ਟਿਪਣੀਆਂ ਤੇ ਪੰਜਾਬ ਦੀ ਸਿਆਸਤ ਪੂਰੀ ਗਰਮਾਈ ਹੋਈ ਹੈ। ਪਾਰਟੀ ਦੇ ਅੰਦਰ ਵੀ ਜੰਮ ਕੇ ਵਿਰੋਧ ਹੋ ਰਿਹਾ ਹੈ। ਕਨੂੰਨੀ ਕਾਰਵਾਈ ਦੀ ਮੰਗ ਹੋ ਰਹੀ ਹੈ, ਪਰ ਫੇਰ ਵੀ ਮਾਲੀ ਦੇ ਤੇਵਰ ਬਦਲਦੇ ਹੋਏ ਦਿਖਾਈ ਨਹੀਂ ਦੇ ਰਹੇ , ਉਸ ਨੇ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਇਕ ਪੋਸਟ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨਵਜੋਤ ਸਿੱਧੂ ਦੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਤ੍ਰਿਪਤ ਬਾਜਵਾ ਅਤੇ ਹੋਰ ਸਾਥੀਆਂ ਨਾਲ ਮੀਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਕਿ ਖ਼ਤਰੇ ਦਾ ਘੁੱਗੂ ਬੋਲ ਗਿਆ ਹੈ, ਕੈਪਟਨ, ਭਾਜਪਾ, ਬਾਦਲਾਂ ਅਤੇ ਕੇਜਰੀਵਾਲ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਬਾਦੇ ਹੇਠ ਰਾਸ਼ਟਰਵਾਦ ਦੇ ਕੁਤਕੇ ਨਾਲ ਪੰਜਾਬ ਅੰਦਰ ਆਪਣੀ ਕੁਰਸੀ ਅਤੇ ਰਾਜਸੀ ਭਵਿੱਖ ਬਚਾਉਣ ਦੀ ਵਿੱਢੀ ਮੁਹਿੰਮ ਠੁੱਸ ਹੋ ਗਈ ਹੈ। ਅੱਗੇ ਉਨ੍ਹਾਂ ਕਿਹਾ ਕਿ ਸਿੱਧੂ ਦੇ ਨਿੱਜੀ ਸਲਾਹਕਾਰਾਂ ਦੇ ਨਿੱਜੀ ਵਿਚਾਰਾਂ ਦੇ ਬਹਾਨੇ ਸਿੱਧੂ ਦੇ ਪੰਜਾਬ ਏਜੰਡੇ ਨੂੰ ਨਿਸ਼ਾਨਾ ਬਣਾ ਕੇ ਭਟਕਾਉਣ ਲਈ ਸਲਾਹਕਾਰਾਂ ਨੂੰ ਹਟਾਉਣ ਦੀ ਮੁਹਿੰਮ ਵਿੱਢ ਕੇ ਕਾਂਗਰਸ ਹਾਈ ਕਮਾਂਡ ਉੱਪਰ ਸੁਆਲ ਉਠਾਉਣ ਦੇ ਮੌਕੇ ਮੁਹੱਈਆ ਕਰਨ ਵਾਲੇ ਕੈਪਟਨ ਅਤੇ ਉਸਦੀ ਚਾਪਲੂਸ ਸਲਾਹਕਾਰ ਜੁੰਡਲ਼ੀ ਆਪਣੀ ਕੁਰਸੀ ਉੱਪਰ ਹੀ ਸੁਆਲ਼ੀਆਂ ਨਿਸ਼ਾਨ ਲਵਾ ਬੈਠੀ ਹੈ। ਮਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅਤੇ ਸਿੱਧੂ ਵੱਲੋਂ ਮੈਨੂੰ ਆਪਣੇ ਨਿੱਜੀ ਸਲਾਹਕਾਰ ਵਜੋਂ ਮਾਨਤਾ ਦੇਣ ਤੋਂ ਪਹਿਲਾਂ ਹੀ ਮੈਂ ਪੋਸਟ ਪਾਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣੇ ਰਹਿਣ ਦੇ ਲੱਛਣ ਨਹੀਂ ਲੱਗ ਰਹੇ। ਇਹ ਮੇਰਾ ਨਿੱਜੀ ਵਿਚਾਰ ਅਤੇ ਸਿਆਸੀ ਜਾਇਜ਼ਾ ਸੀ। ਮਾਲਵਿੰਦਰ ਮਾਲੀ ਦੀਆਂ ਅਜਿਹੀਆਂ ਲਗਾਤਾਰ ਆ ਰਹੀਆਂ ਪੋਸਟਾਂ ਤੇ ਕਈ ਕਾਂਗਰਸੀਆਂ ਨੇ ਹਾਈਕਮਾਂਡ ਨੂੰ ਦਖਲ ਦੇਣ ਲਈ ਕਿਹਾ ਹੈ ਅਤੇ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਕਾਬੂ ਚ ਰੱਖਣ ਵਾਸਤੇ ਕਹਿਣ ਦੀ ਅਪੀਲ ਵੀ ਕੀਤੀ ਹੈ। ਸਾਰੇ ਹੈਰਾਨ ਹੋ ਰਹੇ ਹਨ ਕਿ ਖਾਸ ਕਰਕੇ ਮਾਲੀ ਦੀਆਂ ਪੋਸਟਾਂ ਤੇ ਐਨਾ ਵਿਵਾਦ ਹੋ ਰਿਹਾ ਹੈ, ਪਰ ਨਵਜੋਤ ਸਿੱਧੂ ਨੇ ਸਾਰੇ ਮਾਮਲੇ ਤੇ ਘੇਸਲ ਵੱਟੀ ਹੋਈ ਹੈ।

Comment here