ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਵਰਕਿੰਗ ਕਮੇਟੀ ‘ਚ ਪਾਰਟੀ ਨੇ ਨਵਜੋਤ ਸਿੱਧੂ ਨੂੰ ਕੀਤਾ ਦਰਕਿਨਾਰ

ਚੰਡੀਗੜ-ਕਾਂਗਰਸ ਪਾਰਟੀ ਵੱਲੋਂ ਆਪਣੀ ਨਵੀਂ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਰਕਿੰਗ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਕਈ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਪਰ ਨਵਜੋਤ ਸਿੱਧੂ ਦਾ ਨਾਂ ਇਸ ਸੂਚੀ ਵਿੱਚ ਸ਼ਾਮਿਲ ਨਾ ਹੋਣ ਕਾਰਨ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਕਿਤੇ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਦਰਕਿਨਾਰ ਤਾਂ ਨਹੀਂ ਕਰ ਦਿੱਤਾ ਜਾਂ ਫਿਰ ਨਵਜੋਤ ਸਿੱਧੂ ‘ਤੇ ਕਾਂਗਰਸ ਨੂੰ ਭਰੋਸਾ ਹੀ ਨਹੀਂ ਰਿਹਾ। ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਕਾਂਗਰਸ ਵਰਕਿੰਗ ਕਮੇਟੀ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ ਕਾਂਗਰਸ ਵਿਚ ਵੀ ਥਾਂ ਨਹੀਂ ਦਿੱਤੀ ਗਈ ਸੀ।
ਕਾਂਗਰਸ ਵਰਕਿੰਗ ਕਮੇਟੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੈਂਬਰ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਅੰਬਿਕਾ ਸੋਨੀ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੰਦਿਆਂ ਇਸ ਸੂਚੀ ਵਿੱਚ ਪਿਯੰਕਾ ਗਾਂਧੀ ਤੋਂ ਉੱਪਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਪਰਮਾਨੈਂਟ ਇਨਵਾਇਟੀ ਬਣਾਇਆ ਗਿਆ। ਇਸਦੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਉਥੇ ਹੀ ਨਵਜੋਤ ਸਿੱਧੂ ਦਾ ਨਾਂ ਸੂਚੀ ਵਿਚ ਸ਼ਾਮਿਲ ਨਾ ਹੋਣ ‘ਤੇ ਸਵਾਲ ਇਸ ਲਈ ਵੀ ਉੱਠ ਰਹੇ ਹਨ ਕਿਉਂਕਿ ਨਵਜੋਤ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜਾਣ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਕੌਮੀ ਪੱਧਰ ‘ਤੇ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਪਰ ਕਾਂਗਰਸ ਵਰਕਿੰਗ ਕਮੇਟੀ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਇਹਨਾਂ ਅੰਦਾਜ਼ਿਆਂ ਨੂੰ ਵਿਰਾਮ ਲੱਗ ਗਿਆ ਹੈ।
ਕਾਂਗਰਸ ਵਰਕਿੰਗ ਕਮੇਟੀ ਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਸ ਵਿਚ 24 ਮੈਂਬਰ ਹੁੰਦੇ ਹਨ ਅਤੇ ਇਕ ਪਾਰਟੀ ਦਾ ਪ੍ਰਧਾਨ ਹੁੰਦਾ ਹੈ। ਇਸ ਵਾਰ ਕਾਂਗਰਸ ਕਮੇਟੀ ਦਾ ਦਾਇਰਾ ਵਧਾਇਆ ਗਿਆ ਹੈ ਜਿਸ ਵਿਚ ਪਾਰਟੀ ਦੇ 39 ਮੈਂਬਰ ਬਣਾਏ ਗਏ ਹਨ ਅਤੇ 13 ਨੂੰ ਸਪੈਸ਼ਲ ਇਨਵਾਇਟੀ ਬਣਾਇਆ ਗਿਆ। ਜਿਸਦੀ ਚੋਣ ਸੂਬਾ, ਜਾਤੀ ਵਰਗ ਅਤੇ ਲਿੰਗ ਨੂੰ ਧਿਆਨ ਵਿਚ ਰੱਖਕੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਕ ਤੱਥ ਇਹ ਵੀ ਹੈ ਕਿ ਵਰਕਿੰਗ ਕਮੇਟੀ ਵਿਚ 50 ਪ੍ਰਤੀ ਐਸੀ, ਬੀਸੀ ਅਤੇ ਓਬੀਸੀ ਦਾ ਕੋਟਾ ਰੱਖਣਾ ਸੀ ਜਿਸ ਕਰਕੇ ਜਾਤੀ ਅਧਾਰ ‘ਤੇ ਵੀ ਚੰਨੀ ਨੂੰ ਮੈਂਬਰ ਬਣਾਇਆ ਗਿਆ ਹੋ ਸਕਦਾ ਹੈ।
ਨਵਜੋਤ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਰੀਬ ਬਾਅਦ ਵਿਚ ਆਏ ਚਰਨਜੀਤ ਚੰਨੀ ਪਹਿਲਾਂ ਹੀ ਉਹਨਾਂ ਦੇ ਨਜ਼ਦੀਕ ਸਨ। ਪੰਜਾਬ ਵਿਚੋਂ ਇਸ ਵਾਰ ਚਰਨਜੀਤ ਚੰਨੀ ਅਤੇ ਸੁਖਜਿੰਦਰ ਰੰਧਾਵਾ ਨੂੰ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਹੈ। ਇਹ ਦੋਵੇਂ ਆਗੂ ਅੰਬਿਕਾ ਸੋਨੀ ਦੇ ਨੇੜੇ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਅੰਬਿਕਾ ਸੋਨੀ ਦਾ ਹੀ ਪ੍ਰਭਾਵ ਮੰਨਿਆ ਜਾ ਰਿਹਾ ਹੈ ਜੋ ਇਹਨਾਂ ਦੋਵਾਂ ਆਗੂਆਂ ਨੂੰ ਵਰਕਿੰਗ ਕਮੇਟੀ ਵਿਚ ਥਾਂ ਮਿਲੀ ਹੈ। ਅੰਬਿਕਾ ਸੋਨੀ ਦਾ ਨਾਂ ਸੂਚੀ ਵਿਚ ਹਮੇਸ਼ਾ 7ਵੇਂ ਨੰਬਰ ਤੇ ਬਰਕਰਾਰ ਰਹਿੰਦਾ ਹੈ। ਕਾਂਗਰਸ ਵਿਚ ਹੁੰਦਿਆਂ ਸੁਨੀਲ ਜਾਖੜ ਵੀ ਦੋਸ਼ ਲਗਾ ਚੁੱਕੇ ਹਨ ਕਿ ਅੰਬਿਕਾ ਸੋਨੀ ਨੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣਨ ਦਿੱਤਾ। ਰਾਜਸਥਾਨ ਦਾ ਇੰਚਾਰਜ ਹੋਣ ਕਰਕੇ ਸੁਖਜਿੰਦਰ ਰੰਧਾਵਾ ਨੂੰ ਇਸ ਸੂਚੀ ਵਿਚ ਥਾਂ ਦਿੱਤੀ ਗਈ ਹੈ।
ਸਿਆਸੀ ਮਾਹਿਰ ਹਮੀਰ ਸਿੰਘ ਕਹਿੰਦੇ ਹਨ ਕਿ ਨਵਜੋਤ ਸਿੱਧੂ ਕਦੇ ਵੀ ਸੰਗਠਨ ਲਈ ਵੱਡਾ ਚਿਹਰਾ ਨਹੀਂ ਰਹੇ। ਸੰਗਠਨ ਵਿਚ ਫਿੱਟ ਬੈਠਣ ਦੀ ਥਾਂ ਉਹਨਾਂ ਹਮੇਸ਼ਾ ਸੰਗਠਨ ਲਈ ਸਮੱਸਿਆ ਖੜੀ ਹੀ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਵੀ ਨਵਜੋਤ ਸਿੱਧੂ ਨੇ ਪਾਰਟੀ ਲਈ ਹਮੇਸ਼ਾ ਕੋਈ ਨਾ ਕੋਈ ਸੰਕਟ ਖੜ੍ਹਾ ਕੀਤਾ। ਪਾਰਟੀ ਨਾਲ ਕਈ ਮੁੱਦਿਆਂ ‘ਤੇ ਮੱਤਭੇਦ ਵੀ ਹੋਏ। ਸੰਗਠਨ ਵਿਚ ਉਤਾਰ ਚੜਾਅ ਆਉਂਦੇ ਰਹੇ ਪਰ ਮੰਦੇ ਸਮੇਂ ਨਵਜੋਤ ਸਿੱਧੂ ਕਦੇ ਵੀ ਧਰਾਤਲ ‘ਚ ਸਾਹਮਣੇ ਨਹੀਂ ਆਏ।
ਸਿਆਸੀ ਮਾਹਿਰ ਹਮੀਰ ਸਿੰਘ ਦਾ ਕਹਿਣਾ ਕਿ ਨਵਜੋਤ ਸਿੱਧੂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈ। ਉਹਨਾਂ ਨੂੰ ਭਾਜਪਾ,ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਕੋਈ ਸਮੱਸਿਆ ਨਹੀਂ। ਕੋਈ ਵੀ ਧਿਰ ਆ ਕੇ ਮੁੱਖ ਮੰਤਰੀ ਬਣਨ ਲਈ ਕਹੇ ਤਾਂ ਵੀ ਸਿੱਧੂ ਨੂੰ ਕੋਈ ਸਮੱਸਿਆ ਨਹੀਂ। 4 ਵਾਰ ਮੈਂਬਰ ਪਾਰਲੀਮੈਂਟ ਹੁੰਦਿਆਂ ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਕਦੇ ਸਾਹਮਣੇ ਨਹੀਂ ਆਈ। ਜਦਕਿ ਸੰਸਦ ਵਿਚ ਸਿੱਧੂ ਚੰਗਾ ਬੁਲਾਰਾ ਹੋ ਸਕਦਾ ਸੀ। ਸਮੇਂ ਸਮੇਂ ‘ਤੇ ਪਬਲੀਸਿਟੀ ਲੈਣ ਨਾਲ ਕੁਝ ਨਹੀਂ ਹੁੰਦਾ ਆਪਣੀ ਕਾਰਗੁਜ਼ਾਰੀ ਵੀ ਕਰਕੇ ਵਿਖਾਉਣੀ ਪੈਂਦੀ ਹੈ।
ਪੰਜਾਬ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਕਿ ਨਵਜੋਤ ਸਿੱਧੂ ਨੂੰ ਦਰਕਿਨਾਰ ਕੀਤਾ ਗਿਆ ਹੋਵੇ ਜਾਂ ਫਿਰ ਪਾਰਟੀ ਨੂੰ ਨਵਜੋਤ ਸਿੱਧੂ ‘ਤੇ ਵਿਸ਼ਵਾਸ ਨਹੀਂ ਰਿਹਾ। ਨਵਜੋਤ ਸਿੱਧੂ ਬਹੁਤ ਹੀ ਸੀਨੀਅਰ ਲੀਡਰ ਹਨ। ਕਾਂਗਰਸ ਵਰਕਿੰਗ ਕਮੇਟੀ ਦੀ ਚੋਣ ਇਕ ਲੰਬੀ ਚੌੜੀ ਪ੍ਰਕਿਰਿਆ ਹੈ ਅਤੇ ਵਰਕਿੰਗ ਕਮੇਟੀ ਦਾ ਸਾਰਾ ਢਾਂਚਾ ਮੁੜ ਤੋਂ ਵਿਕਸਿਤ ਕੀਤਾ ਗਿਆ ਹੈ। ਵਰਕਿੰਗ ਕਮੇਟੀ ਵਿਚ ਕੁਝ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ ਤੇ ਨਾਲ ਹੀ ਜਿਹੜੇ ਲੋਕ ਰਾਜਨੀਤਿਕ ਤੌਰ ‘ਤੇ ਜ਼ਿਆਦਾ ਵਿਚਰ ਰਹੇ ਹਨ, ਉਹਨਾਂ ਨੂੰ ਵਰਕਿੰਗ ਕਮੇਟੀ ਵਿਚ ਥਾਂ ਮਿਲੀ ਹੈ।
ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਵੱਡੇ ਚਿਹਰੇ ਅਤੇ ਲੀਡਰ ਹਨ, ਪਾਰਟੀ ਨੇ ਇਕ ਸੂਬੇ ਵਿਚੋਂ ਦੋ ਜਾਂ ਤਿੰਨ ਮੈਂਬਰਾਂ ਨੂੰ ਹੀ ਥਾਂ ਦੇਣੀ ਸੀ, ਇਸ ਕਰਕੇ ਸਿੱਧੂ ਨੂੰ ਉਸ ਵਿਚ ਥਾਂ ਨਹੀਂ ਦਿੱਤੀ ਜਾ ਸਕੀ। ਨਵਜੋਤ ਸਿੱਧੂ ਲਈ ਪਾਰਟੀ ਨੇ ਕੁਝ ਨਾ ਕੁਝ ਹੋਰ ਸੋਚ ਕੇ ਰੱਖਿਆ ਹੋਵੇਗਾ। ਉਹਨਾਂ ਨੂੰ ਪਾਰਟੀ ਵੱਲੋਂ ਕੋਈ ਨਾ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਨਵਜੋਤ ਸਿੱਧੂ ਅੱਜਕੱਲ ਵੈਸੇ ਵੀ ਪਰਿਵਾਰਿਕ ਰੁਝੇਵਿਆਂ ਵਿਚ ਮਸ਼ਰੂਫ ਹਨ, ਉਹਨਾਂ ਦੀ ਪਤਨੀ ਗੰਭੀਰ ਬਿਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਕਾਰਨ ਪਾਰਟੀ ਨੇ ਇਹ ਸਭ ਗੱਲਾਂ ਦਾ ਵੀ ਧਿਆਨ ਰੱਖਿਆ ਹੈ।

Comment here