ਸਿਆਸਤਖਬਰਾਂ

ਕਾਂਗਰਸ ਪ੍ਰਧਾਨ ਚੋਣ ਅਖਾੜਾ ਭਖਿਆ, ਖੜਗੇ ਤੇ ਥਰੂਰ ਵਿਚਾਲੇ ਮੁਕਾਬਲਾ

ਨਵੀਂ ਦਿੱਲੀ-ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਦਾ ਅਖਾੜਾ ਭੱਖ ਚੁੱਕਾ ਹੈ। ਪ੍ਰਧਾਨ ਦੀ ਚੋਣ ਵਿੱਚ ਸੀਨੀਅਰ ਕਾਂਗਰਸੀ ਆਗੂ ਮੱਲਿਕਾਰਜੁਨ ਖੜਗੇ (80) ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੋਵੇਗਾ। ਦੋਹਾਂ ਆਗੂਆਂ ਨੇ ਅੱਜ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ।
ਨਾਮਜ਼ਦਗੀ ਦਾਖਲ ਪੱਤਰ ਕਰਨ ਵੇਲੇ ਖੜਗੇ ਦੇ ਪ੍ਰਸਤਾਵਕਾਂ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਸਨ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਖੜਗੇ ਨੇ ਕਿਹਾ, ‘‘ਮੈਂ ਬਦਲਾਅ ਲਈ ਪ੍ਰਧਾਨਗੀ ਦੀ ਚੋਣ ਲੜ ਰਿਹਾ ਹਾਂ। ਮੈਂ ਸਾਰਿਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਾ ਹਾਂ।’’
ਸੰਭਾਵਨਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਪਾਰਟੀ ਆਗੂਆਂ ਵਿੱਚ ਸਹਿਮਤੀ ਬਣ ਸਕਦੀ ਹੈ, ਕਿਉਂ ਉਨ੍ਹਾਂ ਨੂੰ ਪਾਰਟੀ ਦੇ ਆਗੂਆਂ ਦੇ ਬਣੇ ਜੀ23 ਸਮੂਹ ਸਣੇ ਸਾਰੇ ਸੀਨੀਅਰ ਆਗੂਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਉਹ ਗਾਂਧੀ ਪਰਿਵਾਰ ਦੇ ਵਫ਼ਾਦਾਰਾਂ ਵਿੱਚ ਸ਼ਾਮਲ ਹਨ।
ਇਸ ਤੋਂ ਪਹਿਲਾਂ ਸਵੇਰੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਤੋਂ ਨਾਂਹ ਕਰਦਿਆਂ ਖੜਗੇ ਦੀ ਨਾਮਜ਼ਦਗੀ ਵਿੱਚ ਪ੍ਰਸਤਾਵਕ ਬਣਨ ਦਾ ਐਲਾਨ ਕੀਤਾ ਸੀ। ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਅੱਜ ਸਵੇਰੇ ਖੜਗੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਚੋਣ ਲੜਨ ਦੀ ਬੇਨਤੀ ਕੀਤੀ ਗਈ, ਜਿਸ ਸਬੰਧੀ ਖੜਗੇ ਨੇ ਹਾਮੀ ਭਰ ਦਿੱਤੀ ਸੀ।
ਖੜਗੇ ਨੂੰ ਇਕ ਅਜਿਹੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਦੇ ਨਾਂ ’ਤੇ ਦੇਸ਼ ਭਰ ਵਿੱਚ ਸਹਿਮਤੀ ਬਣ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਖੜਗੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ ਪਾਰਟੀ ਦੇ ‘ਇਕ ਵਿਅਕਤੀ, ਇਕ ਅਹੁਦਾ’ ਨਿਯਮ ਤਹਿਤ ਇਹ ਕੁਰਸੀ ਦਿਗਵਿਜੈ ਸਿੰਘ ਕੋਲ ਜਾ ਸਕਦੀ ਹੈ।
ਉੱਧਰ, ਸ਼ਸ਼ੀ ਥਰੂਰ ਵੱਲੋਂ ਵੀ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਗਈ ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਖੜਗੇ ਦੇ ਸਮਰਥਨ ’ਚ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਥਰੂਰ ਨੇ ਕਿਹਾ ਕਿ ਉਨ੍ਹਾਂ  ਨੂੰ ਸਿਰਫ 23 ਆਗੂਆਂ ਦੀ ਨਹੀਂ ਬਲਕਿ ਪਾਰਟੀ ਦੇ 9100 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੈ। ਥਰੂਰ ਨੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਅੱਜ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਹਰਿਆਣਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਥਰੂਰ ਨੂੰ ਖੜਗੇ ਦੇ ਸਮਰਥਨ ਵਿੱਚ ਆਪਣੀ ਨਾਮਜ਼ਦਗੀ ਵਾਪਸ ਲੈਣ ਦੀ ਅਪੀਲ ਕੀਤੀ।
ਉੱਧਰ, ਜੀ 23 ਦੇ ਆਗੂ ਮਨੀਸ਼ ਤਿਵਾੜੀ ਨੇ ਸੰਕੇਤ ਦਿੱਤਾ ਕਿ ਇਸ ਸਬੰਧੀ ਆਮ ਸਹਿਮਤੀ ਬਣ ਸਕਦੀ ਹੈ ਕਿ ਸੋਨੀਆ ਗਾਂਧੀ ਤੋਂ ਬਾਅਦ ਪਾਰਟੀ ਦੇ ਸਿਖਰਲੇ ਅਹੁਦੇ ’ਤੇ ਕੌਣ ਕਾਬਜ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਖੜਗੇ ਦੁਪਹਿਰ ਵੇਲੇ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਤਿਵਾੜੀ ਨੇ ਕਿਹਾ ਕਿ ਖੜਗੇ ਪਾਰਟੀ ਵਿੱਚ ਸਭ ਤੋਂ ਤਜ਼ਰਬੇਕਾਰ ਆਗੂਆਂ ’ਚੋਂ ਇਕ ਹਨ।
ਇਸੇ ਦੌਰਾਨ ਝਾਰਖੰਡ ਦੇ ਸਾਬਕਾ ਮੰਤਰੀ ਕੇ.ਐੱਨ. ਤ੍ਰਿਪਾਠੀ ਨੇ ਕਾਂਗਰਸ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ।

Comment here