ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ਵਰਕਿੰਗ ਕਮੇਟੀ ਦਾ ਐਲਾਨ

ਨਵੀਂ ਦਿੱਲੀ-ਕਾਂਗਰਸ ਪਾਰਟੀ ਵੱਲੋਂ ਆਪਣੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕੀਤਾ ਹੈ, ਜਿਸ ‘ਚ ਖੜਗੇ ਤੋਂ ਇਲਾਵਾ ਸੋਨੀਆ ਗਾਂਧੀ,ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਏ.ਕੇ.ਐਂਟਨੀ,ਪੰਜਾਬ ਸਰਕਾਰ ਵਿਚ ਮੰਤਰੀ ਰਹੇ ਅੰਬਿਕਾ ਸੋਨੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੀਰਾ ਕੁਮਾਰ, ਦਿਗਵਿਜੇ ਸਿੰਘ ਪੀ ਚਿਦੰਬਰਮ ਵਰਗੇ ਸੀਨੀਅਰ ਨੇਤਾਵਾਂ ਨੂੰ ਅਹਿਮ ਜਗ੍ਹਾ ਦਿੱਤੀ ਗਈ ਹੈ। ਉਥੇ ਹੀ ਇਸ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜਗ੍ਹਾ ਵੀ ਬਰਕਰਾਰ ਹੈ। ਜਿਥੇ ਆਪਣੇ ਕਰੀਬੀਆਂ ਨੂੰ ਪਾਰਟੀ ਵਿੱਚ ਕਾਹਸ ਥਾਂ ਦਿੱਤੀ ਹੈ ਉਥੇ ਹੀ ਖੜਗੇ ਨੇ ਆਪਣੇ ਖਿਲਾਫ ਲੜਨ ਵਾਲੇ ਸ਼ਸ਼ੀ ਥਰੂਰ ਨੂੰ ਵੀ ਇਸ ਕਮੇਟੀ ‘ਚ ਜਗ੍ਹਾ ਦੇ ਦਿੱਤੀ ਹੈ। ਇਸ ਕਮੇਟੀ ਵਿੱਚ 39 ਮੈਂਬਰ,14 ਸਥਾਈ ਮੈਂਬਰ,14 ਇੰਚਾਰਜ ਅਤੇ 9 ਵਿਸ਼ੇਸ਼ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ, ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 23 ਮੈਂਬਰੀ ਸੀਡਬਲਯੂਸੀ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਦੀ ਥਾਂ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾ ਦਿੱਤੀ ਸੀ।
ਕਾਂਗਰਸ ਨੇ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਨਵੀਂ ਟੀਮ ਵਿੱਚ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਆਨੰਦ ਸ਼ਰਮਾ ਅਤੇ ਸ਼ਸ਼ੀ ਥਰੂਰ ਸਮੇਤ ਜੀ-23 ਦੇ ਕਈ ਨੇਤਾਵਾਂ ਨੂੰ ਵੀ ਇਸ ਵਰਕਿੰਗ ਕਮੇਟੀ ‘ਚ ਜਗ੍ਹਾ ਮਿਲੀ ਹੈ। ਜਿਸ ਨੂੰ ਲੈਕੇ ਵਿਰੋਧੀਆਂ ਦਾ ਧਿਆਨ ਤਾਂ ਜਰੂਰ ਆਕਰਸ਼ਿਤ ਕੀਤਾ ਹੈ। ਸੀਡਬਲਯੂਸੀ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਕਾਂਗਰਸ ਦੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਕਮੇਟੀ ਹੈ। ਹਾਲਾਂਕਿ ਇਸ ਨਵੀਂ ਕਮੇਟੀ ਵਿੱਚ ਪੁਰਾਣੀ ਤੋਂ ਜ਼ਿਆਦਾ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੂਚੀ ਜਾਰੀ ਕਰਨ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਕਈ ਮੀਟਿੰਗਾਂ ਕੀਤੀਆਂ।
ਕਾਂਗਰਸ ਦੀ ਵਰਕਿੰਗ ਕਮੇਟੀ ‘ਚ ਸਚਿਨ ਪਾਇਲਟ, ਸ਼ਸ਼ੀ ਥਰੂਰ, ਅਸ਼ੋਕ ਚੋਹਾਨ,ਦੀਪਕ ਬਾਵਰੀਆ ਦੇ ਰੂਪ ‘ਚ ਨਵੇਂ ਨਾਂ ਸਾਹਮਣੇ ਆਏ ਹਨ। ਗੌਰਵ ਗੋਗੋਈ, ਨਾਸਿਰ ਹੁਸੈਨ, ਦੀਪਾ ਦਾਸ ਮੁਨਸ਼ੀ ਨੂੰ ਵੀ ਸੀਡਬਲਯੂਸੀ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਸ਼ੇਸ਼ ਸੱਦੇ ਵਾਲਿਆਂ ਵਿੱਚ ਪਵਨ ਖੇੜਾ, ਸੁਪ੍ਰੀਆ ਸ਼੍ਰੀਨਾਤੇ ਅਤੇ ਅਲਕਾ ਲਾਂਬਾ ਸ਼ਾਮਲ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੇ ਨਾਲ ਕੰਮ ਕਰ ਰਹੇ ਸਨ। ਹੁਣ ਜੋ ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਉਸ ਵਿੱਚ ਪਿਛਲੀ ਕਮੇਟੀ ਦੇ ਮੁਕਾਬਲੇ ਬਹੁਤੀ ਤਬਦੀਲੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਵਿੱਚ ਸੀਐਮ ਅਸ਼ੋਕ ਗਹਿਲੋਤ ਨੂੰ ਸੀਡਬਲਯੂਸੀ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। ਕਾਂਗਰਸ ਸ਼ਾਸਨ ਦੇ ਕਿਸੇ ਵੀ ਮੁੱਖ ਮੰਤਰੀ ਨੂੰ ਸੀਡਬਲਯੂਸੀ ਵਿੱਚ ਨਹੀਂ ਲਿਆ ਗਿਆ ਹੈ। ਸੀਡਬਲਿਊਸੀ ਦੇ ਮੈਂਬਰ ਰਹਿ ਚੁੱਕੇ ਰਘੁਵੀਰ ਮੀਨਾ ਨੂੰ ਇਸ ਵਾਰ ਜਗ੍ਹਾ ਨਹੀਂ ਮਿਲੀ ਹੈ। ਕਬਾਇਲੀ ਪੱਟੀ ਦੇ ਜਲ ਸਰੋਤ ਮੰਤਰੀ ਮਹਿੰਦਰਜੀਤ ਮਾਲਵੀਆ ਨੂੰ ਰਘੁਵੀਰ ਮੀਨਾ ਦੀ ਥਾਂ ‘ਤੇ ਸੀਡਬਲਿਊਸੀ ‘ਚ ਸ਼ਾਮਲ ਕੀਤਾ ਗਿਆ ਹੈ। ਮਾਲਵੀਆ ਨੂੰ ਕਬਾਇਲੀ ਪੱਟੀ ਵਿੱਚ ਮਾਸ ਲੀਡਰ ਮੰਨਿਆ ਜਾਂਦਾ ਹੈ।

Comment here