ਅਰਦਾਸ ਦੀਆਂ ਤੁਕਾਂ ਤੋੜ ਮਰੋੜ ਕੇ ਵਰਤੀਆਂ
ਮੁਹੰਮਦ ਮੁਸਤਫਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ
ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਉੱਪਰ ਆਪਣੇ ਨਿੱਜੀ ਤੇ ਰਾਜਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ ਮਰੋੜ ਕੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵਜੋਂ ਵਰਤਣ ਦਾ ਇਲਜ਼ਾਮ ਲਾਉਂਦਿਆਂ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ।
ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਪੰਜਾਬ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਇਹ ਘਿਨੌਣੀ ਹਰਕਤ ਕੀਤੀ ਹੈ, ਜਿਸ ਦਾ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਥਾਂ-ਥਾਂ ਲਗਾਏ ਆਪਣੇ ਹੋਰਡਿੰਗ ਬੋਰਡਾਂ ’ਤੇ ਛਪਵਾਇਆ ਹੈ ਤੇ ਅੱਜ ਆਪਣੇ ਟਵਿੱਟਰ ਖਾਤੇ ’ਤੇ ਵੀ ਪੋਸਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚੋਣ ਕਮਿਸ਼ਨਰ ਨੂੰ ਇਸ ਸਬੰਧ ਵਿਚ ਸ਼ਿਕਾਇਤ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਕਾਂਗਰਸ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲਿਆ ਜਾਵੇ, ਕਾਂਗਰਸ ਵੱਲੋਂ ਲਗਾਏ ਗਏ ਹੋਰਡਿੰਗ ਬੋਰਡ ਹਟਾਉਣ ਤੇ ਜਨਤਕ ਮੁਆਫ਼ੀ ਮੰਗਵਾਈ ਜਾਵੇ।
ਮੁਹੰਮਦ ਮੁਸਤਫਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ
ਇੱਕ ਹੋਰ ਮਸਲਾ ਪੰਥਕ ਹਲਕਿਆਂ ਵਿੱਚ ਮਘਿਆ ਹੋਇਆ ਹੈ, ਮੁਹੰਮਦ ਮੁਸਤਫਾ ਵਲੋਂ ਕਥਿਤ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਿਹਾ ਗਿਆ, ਜਿਸ ਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨੋਟਿਸ ਲੈਂਦਿਆਂ ਕਾਂਗਰਸੀ ਆਗੂ ਮੁਹੰਮਦ ਮੁਸਤਫਾ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਹਿਣਾ ਮੁਹੰਮਦ ਮੁਸਤਫਾ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਸ ਦੇ ਇਸ ਬਿਆਨ ਨਾਲ ਸਿੱਖ ਕੌਮ ਦੀ ਭਾਵਨਾਵਾਂ ਨੂੰ ਸੱਟ ਵੱਜੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਮੁਹੰਮਦ ਮੁਸਤਫਾ ਖੁਲ੍ਹੇਆਮ ਮੁਆਫ਼ੀ ਮੰਗਣ, ਜੇਕਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਤੇ ਵਿਵਾਦ ਭਖਣ ਤੇ ਮੁਹੰਮਦ ਮੁਸਤਫਾ ਨੇ ਮੁਆਫੀ ਮੰਗ ਲਈ ਹੈ। ਮੁਸਤਫਾ ਨੇ ਕਿਹਾ ਜਦੋਂ ਇਹ ਵਾਕਿਆ ਹੋਇਆ ਮੈਂ ਤਾਂ ਕੁਰਾਨ ਸ਼ਰੀਫ ਦੀ ਗੱਲ ਕਰ ਰਿਹਾ ਸੀ। ਉਸ ਵੇਲੇ ਮੇਰੇ ਮੂੰਹ ਤੋਂ ਗੁਰੂ ਗ੍ਰੰਥ ਸਾਹਿਬ ਨਿਕਲ ਗਿਆ। ਮੈਂ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹਨ। ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹੋਇਆ, ਇਸ ਲਈ ਮੁਆਫੀ ਮੰਗਦਾ ਹਾਂ।
Comment here