ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਨਿੱਜੀ ਚੈਨਲ ਉੱਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਆਰਥਿਕ ਮੰਦਹਾਲੀ,ਬੇਰੁਜ਼ਗਾਰੀ ਅਤੇ ਗਰੀਬੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਉੱਤੇ ਕਾਬਿਜ਼ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣ ਲਈ ਉਹ ਕਿਸੇ ਨਾਲ ਵੀ ਗਠਜੋੜ ਵਿੱਚ ਆਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਵਿੱਚ ਉਹ ਕਿਸੇ ਨਿੱਜੀ ਸੁਆਰਥ ਲਈ ਨਹੀਂ ਸਗੋਂ ਦੇਸ਼ ਦੀ ਭਲਾਈ ਲਈ ਸ਼ਾਮਿਲ ਹੋਏ ਹਨ।
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਦੇਸ਼ ਭਰ ‘ਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ ‘ਤੇ ਚੋਣ ਲੜੇਗੀ। ‘ਇੰਡੀਆ’ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਸ ਸਬੰਧੀ ਫੈਸਲਾ 14 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਕਿਸੇ ਨਾਲ ਵੀ ਗਠਜੋੜ ਕਰਨ ਨੂੰ ਤਿਆਰ ਹਨ। ਰਾਘਵ ਚੱਢਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨਾਲ ਗਠਜੋੜ ਵਿੱਚ ਚੋਣ ਲੜਨ ਲਈ ਤਿਆਰ ਹਨ।
ਦੱਸ ਦਈਏ ਇਸ ਤੋਂ ਪਹਿਲਾਂ ਕਾਂਗਰਸ ਦੀ ਪੰਜਾਬ ਇਕਾਈ ਦੇ ਕਈ ਵੱਡੇ ਲੀਡਰ ਸਿੱਧਾ ਦੋ ਟੁੱਕ ਜਵਾਬ ‘ਆਪ’ ਨਾਲ ਗਠਜੋੜ ਦੇ ਮਾਮਲੇ ਉੱਤੇ ਦੇ ਚੁੱਕੇ ਹਨ। ਰਾਘਵ ਚੱਢਾ ਕਿਹਾ ਕਿ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ, ਜੋ ਉਨ੍ਹਾਂ ਦੀ ਪਾਰਟੀ ਨਾਲ ਮੇਲ ਨਹੀਂ ਖਾਂਦੇ ਪਰ ‘ਇੰਡੀਆ’ ਗਠਜੋੜ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਨੂੰ ਆਪਣੇ ਮੱਤਭੇਦ ਅਤੇ ਲਾਲਚਾਂ ਨੂੰ ਪਾਸੇ ਰੱਖਣਾ ਹੋਵੇਗਾ। ਰਾਘਵ ਚੱਢਾ ਨੇ ਕਿਹਾ, ਇਸ ਤੋਂ ਪਹਿਲਾਂ ਵੀ ਅਜਿਹਾ ਗਠਜੋੜ 1977 ਵਿੱਚ ਹੋਇਆ ਸੀ। ਇੰਦਰਾ ਗਾਂਧੀ ਦੀ ਸਰਕਾਰ ਨੂੰ ਹਰਾਉਣ ਲਈ ਸੱਜੇਪੱਖੀ, ਖੱਬੇਪੱਖੀ, ਸਮਾਜਵਾਦੀ, ਕਮਿਊਨਿਸਟ ਤੇ ਜਨ ਸੰਘੀ ਸਾਰੇ ਇਕਜੁੱਟ ਹੋ ਗਏ ਸਨ। ਹੁਣ ਅਜਿਹਾ ਹੀ ਕੁੱਝ 2024 ਵਿੱਚ ਹੋਣ ਜਾ ਰਿਹਾ ਹੈ ਜਦੋਂ ਦੇਸ਼ ਦੀ ਭਲਾਈ ਲਈ ਸਾਰੀਆਂ ਪਾਰਟੀਆਂ ਨਿੱਜੀ ਅਤੇ ਸਿਆਸੀ ਮੱਤਭੇਦ ਭੁਲਾ ਕੇ ਐਨਡੀਏ ਖ਼ਿਲਾਫ਼ ਚੋਣਾਂ ਲੜਨਗੀਆਂ।
Comment here