ਦੋ ਮਹੀਨਿਆਂ ਚ ਹੋਵੇਗਾ ਥੀਸਿਸ ਪੂਰਾ
ਚੰਨੀ ਦੇ ਜੱਦੀ ਘਰ ਤੇ ਮੌਜੂਦਾ ਰਿਹਾਇਸ਼ ਤੇ ਰੌਣਕ
ਚੰਡੀਗੜ-ਚਰਨਜੀਤ ਸਿੰਘ ਚੰਨੀ ਦੀ ਪੀਐਚਡੀ ਦੇ ਵਿਸ਼ੇ ਦੀ ਉਹਨਾਂ ਦੇ ਅਚਾਨਕ ਮੁਖ ਮੰਤਰੀ ਬਣਨ ਵਾਂਗ ਹੀ ਚਰਚਾ ਹੋ ਰਹੀ ਹੈ। ਪੰਜਾਬ ਦੇ ਨਵੇਂ ਚੁਣੇ ਗਏ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪੀਐਚਡੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਖੋਜ ਦਾ ਵਿਸ਼ਾ ‘ਕਾਂਗਰਸ ਦਾ ਡਾਊਨ ਫਾਲ’ ਰੱਖਿਆ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦੀ ਖੋਜ ਦਾ ਵਿਸ਼ਾ ਬੇਹੱਦ ਦਿਲਚਲਪ ਹੈ। ਚੰਨੀ 2004 ਤੋਂ ਕਾਂਗਰਸ ਦੀ ਡਿੱਗਦੇ ਗਿਰਾਫ ਤੇ ਇਸੇ ਦੌਰਾਨ ਨਰੇੰਦਰ ਮੋਦੀ ਦੀ ਚੜ੍ਹਤ ‘ਤੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਵਿਸ਼ੇ ਦੀ ਖੋਜ ਦਾ ਕਾਰਜ 2017 ਤੋਂ ਆਰੰਭ ਕੀਤਾ ਸੀ। 2004 ਤੋਂ ਕਾਂਗਰਸ ਦੀ ਚੜ੍ਹਤ ਤੇ 2014 ਤੋਂ ਬਾਅਦ ਆਏ ਨਿਘਾਰ ਦੀ ਗਾਥਾ ਚੰਡੀਗੜ੍ਹ ਵਿੱਚ ਲਿਖੀ ਜਾ ਰਹੀ ਹੈ। ਪੀ ਐਚ ਡੀ ਲਈ ਚਰਨਜੀਤ ਚੰਨੀ ਦੇ ਗਾਈਡ ਪ੍ਰੋਫੈਸਰ ਇਮੈਨੂਅਲ ਨਾਹਰ ਹਨ। ਪਰੋਫੈਸਰ ਨਾਹਰ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਪ੍ਰੋ. ਨਾਹਰ ਨੇ ਦੱਸਿਆ ਕਿ ਚੰਨੀ 2004 ਤੋਂ ਲੈ ਕੇ ਹੁਣ ਤੱਕ ਕਾਂਗਰਸ ਵਿੱਚ ਆਏ ਬਦਲਾਅ ਤੇ ਰਿਸਰਚ ਕਰ ਰਹੇ ਹਨ। ਤੇ ਉਨ੍ਹਾਂ ਦਾ ਖੋਜ ਕਾਰਜ ਤਕਰੀਬਨ 2 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਚੰਨੀ ਨੇ ਆਪਣੀ ਰਿਸਰਚ ਵਿੱਚ ਇੱਕ ਕਾਰਨ ਪਾਰਟੀ ਦੀ ਲੀਡਰਸ਼ਿਪ ਨੂੰ ਡਾਊਨ ਫਾਲ ਦਾ ਕਾਰਨ ਮੰਨਿਆ। ਧੜੇਬੰਦੀ ਨੂੰ ਵੀ ਡਾਊਨ ਫਾਲ ਦਾ ਕਾਰਨ ਮੰਨਿਆ। ਸਟੇਟ ਲੈਵਲ ’ਤੇ ਵੀ ਪਾਰਟੀ ਚੰਗਾ ਕੰਮ ਨਹੀਂ ਕਰ ਪਾਈ। 2014 ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ਵੀ ਕਾਂਗਰਸ ਪਾਰਟੀ ਦੇ ਡਾਊਨ ਫਾਲ ਦਾ ਕਾਰਨ ਬਣੀ। ਇਸ ਦਾ ਵੀ ਜ਼ਿਕਰ ਆਪਣੀ ਰਿਸਰਚ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਦਰਜ ਕੀਤਾ ਹੈ ਕਿ ਕਾਂਗਰਸ ਆਪਣੇ ਕੀਤੇ ਕੰਮਾਂ ਨੂੰ ਵੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾ ਨਹੀਂ ਸਕੀ। ਪ੍ਰੋ. ਨਾਹਰ ਨੇ ਦੱਸਿਆ ਕਿ ਆਪਣੀ ਰਿਸਰਚ ਪੂਰੀ ਕਰਨ ਲਈ ਚੰਨੀ ਨੇ ਬਹੁਤ ਸਾਰੇ ਲੀਡਰਾਂ ਨਾਲ ਗੱਲਬਾਤ ਵੀ ਕੀਤੀ। ਆਪਣੇ ਖੋਜਾਰਥੀ ਵਿਦਿਆਰਥੀ ਚੰਨੀ ਦੀ ਤਾਰੀਫ ਕਰਦਿਆਂ ਉਹਨਾਂ ਦੇ ਗਾਈਡ ਪ੍ਰੋ. ਨਾਹਰ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਦੇ ਗ੍ਰਾਫ ਵਿੱਚ ਬਦਲਾਅ ਜ਼ਰੂਰ ਲੈ ਕੇ ਆਉਣਗੇ। ਤੇ ਜਿਸ ਤਰ੍ਹਾਂ ਦੇ ਲੀਡਰ ਦੀ ਪੰਜਾਬ ਨੂੰ ਲੋੜ ਸੀ, ਉਹ ਹੁਣ ਮਿਲ ਚੁੱਕਿਆ ਹੈ।
ਚੰਨੀ ਦੇ ਜੱਦੀ ਘਰ ਤੇ ਮੌਜੂਦਾ ਰਿਹਾਇਸ਼ ਤੇ ਰੌਣਕ
ਸਿਸਵਾਂ ਫਾਰਮ ਹਾਊਸ ਤਕ ਸਿਮਟੀ ਪੰਜਾਬ ਸਰਕਾਰ ਦੀ ਸਰਗਰਮੀ ਅਚਾਨਕ ਖਰੜ ਦੇ ਨਜ਼ਦੀਕ ਮਕਰੋਨਾ ਕਲਾਂ ਵਿੱਚ ਆ ਪੁੱਜੀ। ਪਿੰਡ ਦੇ ਲੋਕ ਇੱਕ ਛੋਟੇ ਜਿਹੇ ਖਸਤਾ ਹਾਲ ਘਰ ਦਾ ਤਾਰੁਫ ਬੜੀ ਉਤਸੁਕਤਾ ਨਾਲ ਕਰਵਾ ਰਹੇ ਹਨ, “ਇਹ ਉਹ ਘਰ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਦਾ ਜਨਮ ਹੋਇਆ ਸੀ। ਅੱਜ ਇਸ ਮੰਦੇ ਹਾਲ ਘਰ ਚ ਕੋਈ ਵੀ ਨਹੀਂ ਰਹਿੰਦਾ, ਸੀ ਐਮ ਬਣਨ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਵਿਚ ਚਰਨਜੀਤ ਚੰਨੀ ਨੇ ਆਪਣੀਆਂ ਜੜ੍ਹਾਂ ਨੂੰ ਯਾਦ ਕਰਦਿਆਂ ਕਿਹਾ ਸੀ ਕਿ “ਮੇਰੇ ਪਿਤਾ ਦਾ ਇੱਕ ਛੋਟਾ ਜਿਹਾ ਟੈਂਟ ਹਾਊਸ ਸੀ ਤੇ ਮੈਂ ਰਿਕਸ਼ਾ ਚਲਾਉਂਦਾ ਸੀ। ਪਿੰਡ ਵਾਸੀਆਂ ਕੋਲ ਅਜੇ ਵੀ ਚੰਨੀ ਦੇ ਬਚਪਨ ਅਤੇ ਪਰਿਵਾਰ ਨੂੰ ਯਾਦ ਕਰਨ ਲਈ ਕਹਾਣੀਆਂ ਹਨ। ਪਿੰਡ ਵਾਸੀਆਂ ਨੇ ਚੰਨੀ ਪਰਿਵਾਰ ਵੱਲੋਂ ਸ਼ਹੀਦ ਬਾਬਾ ਹਰੀ ਸਿੰਘ, ਜੋ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ, ਉਹਨਾਂ ਨਮਿਤ ਬਣਾਈ ਗਈ ਯਾਦਗਾਰ ਦਿਖਾਉਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੰਨੀ ਪਰਿਵਾਰ ਸ਼ਹੀਦ ਬਾਬਾ ਹਰੀ ਸਿੰਘ ਵਿੱਚ ਡੂੰਘੀ ਆਸਥਾ ਰੱਖਦਾ ਹੈ ਅਤੇ ਉਨ੍ਹਾਂ ਵੱਲੋਂ ਯਾਦਗਾਰ ਲਈ ਆਪਣੀ ਕੁਝ ਜ਼ਮੀਨ ਦਾਨ ਕੀਤੀ ਗਈ ਹੈ। ਜਦੋਂ ਵੀ ਪਰਿਵਾਰ ਵਿੱਚ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ, ਚੰਨੀ ਹੁਰਾਂ ਦਾ ਪਰਿਵਾਰ ਇੱਥੇ ਮੱਥਾ ਟੇਕਣ ਲਈ ਆਉਂਦਾ ਹੈ। ਮਕਰੋਨਾ ਕਲਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ “ਜੇ ਅਗਲੇ ਸਾਲ ਪੰਜਾਬ ਵਿੱਚ ਕਾਂਗਰਸ ਜਿੱਤਦੀ ਹੈ ਤਾਂ ਚੰਨੀ ਨੂੰ ਹੀ ਮੁੱਖ ਮੰਤਰੀ ਵਜੋਂ ਚੁਣਿਆ ਜਾਵੇ। ਉਨ੍ਹਾਂ ਦਾ ਕੰਮ ਅਤੇ ਸਾਦਗੀ ਅਗਲੇ ਚਾਰ ਕੁ ਮਹੀਨਿਆਂ ਵਿੱਚ ਲੋਕਾਂ ਦਾ ਦਿਲ ਜਿੱਤ ਲਵੇਗੀ। ਮਕਰੋਨਾ ਕਲਾਂ ਪਿੰਡ ਤੋਂ ਤਕਰੀਬਨ 40 ਕਿਲੋਮੀਟਰ ਦੂਰ ਸਿਸਵਾਂ ਫਾਰਮ ਹਾਊਸ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਰਿਹਾਇਸ਼ ਹੈ। ਪੰਜਾਬ ਦੀ ਸਿਆਸਤ ਵੀ ਸਿਸਵਾਂ ਫਾਰਮ ਹਾਊਸ ਤੋਂ ਮਕਰੋਨਾ ਕਲਾਂ ਤੱਕ ਦੀ ਯਾਤਰਾ ਕਰਦੀ ਜਾਪਦੀ ਹੈ, ਕਿਉਂਕਿ ਫਾਰਮ ਹਾਊਸ ਤੋੰ ਮਕਰੋਨਾ ਕਲਾਂ ਤਕ ਦੇ ਰਸਤੇ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਚੰਨੀ ਦੇ ਪੋਸਟਰ ਅਤੇ ਹੋਰਡਿੰਗਿਸ ਲਾਏ ਗਏ ਹਨ।
ਚੰਨੀ ਦੇ ਖਰੜ ਵਿਚਲੇ ਘਰ ਚ ਇਕ ਹੋਰ ਖੁਸ਼ੀ ਨਾਲ ਰੌਣਕ ਲੱਗੀ ਹੋਈ ਹੈ। ਉਹਨਾਂ ਦੀ ਪਤਨੀ ਕਮਲਜੀਤ ਕੌਰ 10 ਅਕਤੂਬਰ ਨੂੰ ਆਪਣੇ ਬੇਟੇ ਨਵਜੀਤ ਦੇ ਵਿਆਹ ਦੀ ਤਿਆਰੀ ਚ ਜੁਟੇ ਹੋਏ ਹਨ। ਘਰ ਵਿੱਚ ਇੱਕ ਸਜਾਵਟੀ ਗੇਟ ਵਿਆਹ ਦੀਆਂ ਤਿਆਰੀਆਂ ਵਜੋਂ ਲਾਇਆ ਗਿਆ ਹੈ, ਵਿਆਹ ਵਾਲੇ ਭੇਜੇ ਗਏ ਸੱਦਾ ਪੱਤਰਾਂ ਵਿੱਚ ਚੰਨੀ ਨੂੰ ਕੈਬਨਿਟ ਮੰਤਰੀ ਵਜੋਂ ਦਰਸਾਇਆ ਗਿਆ ਹੈ ਨਾ ਕਿ ਮੁੱਖ ਮੰਤਰੀ ਵਜੋਂ। ਮੁੱਖ ਮੰਤਰੀ ਦੀ ਪਤਨੀ ਦੋਹਰੀ ਖੁਸ਼ੀ ਸਾਂਝੀ ਕਰਨ ਆਉਣ ਵਾਲੇ ਮਹਿਮਾਨਾਂ ਨੂੰ ਜੀਅ ਆਇਆਂ ਆਖਦੀ ਹੋਈ ਮਜਾਕ ਵੀ ਕਰਦੀ ਹੈ ਕਿ ਹੁਣ ਮੇਰੀ ਡਿਊਟੀ ਡਬਲ ਹੋ ਗਈ, ਕਿਉਂਕਿ ਸਰਦਾਰ ਜੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਆਦਾ ਵਿਅਸਤ ਹੋ ਗਏ ਹਨ। ਸ. ਚਰਨਜੀਤ ਸਿੰਘ ਚੰਨੀ ਦੀ ਧਰਮ ਪਤਨੀ ਡਾ ਕਮਲਜੀਤ ਕੌਰ ਖਰੜ ਦੇ ਸਥਾਨਕ ਈਐਸਆਈ ਹਸਪਤਾਲ ਵਿੱਚ ਡਾਕਟਰ ਹੈ। ਚੰਨੀ ਦਾ ਵੱਡਾ ਭਰਾ ਇੰਜੀਨੀਅਰ-ਇਨ-ਚੀਫ ਹੈ ਅਤੇ ਉਸ ਦੀ ਪਤਨੀ ਬੈਂਕ ਕਰਮਚਾਰੀ ਹੈ, ਚੰਨੀ ਦਾ ਛੋਟਾ ਭਰਾ ਅਤੇ ਭੈਣ ਦੋਵੇਂ ਡਾਕਟਰ ਹਨ। ਸਾਰਾ ਪਰਿਵਾਰ ਪੜਿਆ ਲਿਖਿਆ ਹੈ।
ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪਰਿਵਾਰ ‘ਤੇ ਵੀ ਜਿਮੇਵਾਰੀਆਂ ਵਧ ਰਹੀਆਂ ਹਨ। ਇੱਥੇ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ, ਮੈਟਲ ਡਿਟੈਕਟਰ ਆ ਗਏ ਹਨ ਤੇ ਲੋਕ ਆਪਣੀ ਫਰਿਆਦ ਲੈ ਕੇ ਇੱਥੇ ਆ ਰਹੇ ਹਨ। ਇੱਕ ਅਪਾਹਜ ਵਿਅਕਤੀ ਡਾ ਕਮਲਜੀਤ ਕੌਰ ਕੋਲ ਪਹੁੰਚਿਆ ਤੇ ਨੌਕਰੀ ਲਈ ਫਰਿਆਦ ਕੀਤੀ । ਬੇਰੁਜ਼ਗਾਰ ਅੰਦੋਲਨਕਾਰੀ ਨੌਜਵਾਨਾਂ ਦਾ ਇੱਕ ਗਰੁੱਪ ਵੀ ਬੀਬੀ ਕਮਲਜੀਤ ਕੌਰ ਨੂੰ ਮਿਲਣ ਆ ਪੁੱਜਿਆ। ਡਾ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਮੁਖ ਮੰਤਰੀ ਸਿਰਫ ਚੰਨੀ ਹੁਰੀਂ ਬਣੇ ਨੇ, ਪਰ ਸਾਰਾ ਪਰਿਵਾਰ ਸੂਬਾ ਵਾਸੀਆਂ ਦੀਆਂ ਮੁਸ਼ਕਲਾਂ ਤੇ ਉਹਨਾਂ ਪ੍ਰਤੀ ਆਪਣੇ ਪਰਿਵਾਰ ਦੀਆਂ ਜਿਮੇਵਾਰੀਆਂ ਨੂੰ ਬਖੂਬੀ ਸਮਝਦਾ ਹੈ ਅਤੇ ਸਰਕਾਰੀ ਕਰਮਚਾਰੀ ਹੁੰਦਿਆੰ ਬੇਰੁਜਗਾਰਾਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਦਿਕਤਾਂ ਨੂੰ ਵੀ ਬਾਖੂਬੀ ਜਾਣਦਾ ਹੈ। ਇਸ ਦੇ ਨਾਲ ਹੀ ਪੂਰਾ ਪਰਿਵਾਰ ਆਮ ਲੋਕਾਂ ਵਾਂਗ ਆਸਵੰਦ ਹੈ ਕਿ ਸ ਚਰਨਜੀਤ ਸਿੰਘ ਚੰਨੀ ਮੁਖ ਮੰਤਰੀ ਅਹੁਦੇ ਤੇ ਬਹਿ ਕੇ ਸਰਕਾਰ ਦੇ ਰਹਿੰਦੇ ਕਾਰਜਕਾਲ ਚ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਪਰ ਕੀ ਹੁੰਦਾ ਹੈ, ਇਹ ਸਭ ਭਵਿੱਖ ਦੀ ਬੁੱਕਲ ਚ ਪਿਆ ਹੈ।
Comment here