ਅੰਮ੍ਰਿਤਸਰ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ। ਕੱਲ ਉਹ ਮਾਲਵੇ ਦੇ ਮੋਗਾ ਅਤੇ ਲੁਧਿਆਣਾ ਵਿੱਚ ਸਨ, ਅੱਜ ਅੰਮ੍ਰਿਤਸਰ ਪੁੱਜੇ ਅਤੇ ਇਥੇ ਦਾਅਵਾ ਕੀਤਾ ਕਿ ਕਾਂਗਰਸ ਦੇ 25 ਵਿਧਾਇਕ ਅਤੇ 2-3 ਐਮ ਪੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਕੇਜਰੀਵਾਲ ਨੇ ਕਿਹਾ ਕਿ ਜੇਕਰ ਦਲ ਬਦਲੀ ਦੀ ਗੱਲ ਹੈ ਤਾਂ ਸਾਡੇ ਤਾਂ 2 ਵਿਧਾਇਕ ਕਾਂਗਰਸ ‘ਚ ਗਏ ਹਨ ਪਰ ਮੈਂ ਦਾਅਵਾ ਕਰਦਾ ਹਾਂ ਕਿ ਜੇਕਰ ਅਸੀਂ ਚਾਹੀਏ ਤਾਂ ਸ਼ਾਮ ਤੱਕ 25 ਵਿਧਾਇਕ ‘ਆਪ’ ਦਾ ਝਾੜੂ ਫੜ ਸਕਦੇ ਹਨ ਪਰ ਅਸੀਂ ਕੂੜਾ ਇਕੱਠਾ ਨਹੀਂ ਕਰਾਂਗੇ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ‘ਤੇ 8 ਗਾਰੰਟੀਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਧਿਆਪਕਾਂ ਨੂੰ ਵਧੀਆ ਮਾਹੌਲ ਦੇਵਾਂਗੇ ਤੇ ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲੈ ਕੇ ਆਵਾਂਗੇ। ਜਿੰਨੇ ਅਧਿਆਪਕ ਆਉਟ ਸੋਰਸ ਜਾਂ ਠੇਕੇ ‘ਤੇ ਕੰਮ ਕਰ ਰਹੇ ਨੇ ਸਭ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ।ਤਬਦੀਲੀ ਪਾਲਿਸੀ ਪਾਰਦਰਸ਼ੀ ਹੋਵੇਗੀ। ਅਧਿਆਪਕ ਸਿਰਫ਼ ਪੜ੍ਹਾਉਣ ਦਾ ਕੰਮ ਕਰਨਗੇ, ਨਾਨ ਟੀਚਿੰਗ ਦਾ ਸਾਰਾ ਕੰਮ ਵਾਪਸ ਲਿਆ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ ‘ਚ ਸਿਖਲਾਈ ਲਈ ਭੇਜਿਆ ਜਾਵੇਗਾ।ਅਧਿਆਪਕਾਂ ਦੀ ਪਰਮੋਸ਼ਨ ਸਮੇਂ ਅਨੁਸਾਰ ਹੋਵੇਗੀ। ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਦੀ ਚੋਣ ਸਰਗਰਮੀ ਬੇਸ਼ਕ ਸ਼ੁਰੂ ਕਰ ਦਿੱਤੀ ਹੈ, ਪਰ ਮੁੱਖ ਮੰਤਰੀ ਚਿਹਰਾ ਹਾਲੇ ਵੀ ਨਹੀਂ ਐਲਾਨਿਆ, ਜਿਸ ਕਰਕੇ ਪਾਰਟੀ ਕਾਡਰ ਤੇ ਸਮਰਥਕਾਂ ਚ ਕੁਝ ਨਿਰਾਸ਼ਾ ਦਾ ਮਹੌਲ ਹੈ।
Comment here