ਸਿਆਸਤਖਬਰਾਂ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸੱਚ ’ਤੇ ਖੜੀ : ਕਨ੍ਹਈਆ

ਕੰਨਿਆਕੁਮਾਰੀ-ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਪਹੁੰਚੇ। ਉਨ੍ਹਾਂ ਨੇ ਇੱਥੇ ਰਾਜੀਵ ਗਾਂਧੀ ਦੀ ਸਮਾਰਕ ’ਤੇ ਪਹੁੰਚ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਾਰਥਨਾ ਸਭਾ ’ਚ ਸ਼ਾਮਲ ਹੋਏ। ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ’ਚ 3 ਦਹਾਕੇ ਪਹਿਲਾਂ ਇਕ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਕਰ ਕੇ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਓਧਰ ਰਾਹੁਲ ਗਾਂਧੀ ਨੇ ਆਪਣੇ ਪਿਤਾ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦਗਾਰ ’ਤੇ ਇਕ ਬੂਟਾ ਵੀ ਲਾਇਆ।  ਮਿਸ਼ਨ 2024 ਤੋਂ ਪਹਿਲਾਂ ਕਾਂਗਰਸ ਇਸ ਯਾਤਰਾ ਜ਼ਰੀਏ ਪਾਰਟੀ ’ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ’ਚ ਜੁੱਟ ਗਈ ਹੈ। ਰਾਹੁਲ ਗਾਂਧੀ ਸ਼ਾਮ ਨੂੰ ਕੰਨਿਆਕੁਮਾਰੀ ਦੇ ਸਮੁੰਦਰੀ ਤੱਟ ਨੇੜੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ ਅਤੇ ਇਸ ਦੇ ਨਾਲ ਹੀ ਯਾਤਰਾ ਦੀ ਰਸਮੀ ਤੌਰ ’ਤੇ ਸ਼ੁਰੂਆਤ ਹੋਵੇਗੀ। ਕਾਂਗਰਸ ਦੀ  ਭਾਰਤ ਜੋੜੋ ਯਾਤਰਾ ਕਰੀਬ 3500 ਕਿਲੋਮੀਟਰ ਲੰਬੀ ਹੋਵੇਗੀ। ਭਾਰਤ ਜੋੜੋ ਯਾਤਰਾ 12 ਸੂਬਿਆਂ ਤੋਂ ਹੋ ਕੇ ਲੰਘੇਗੀ। ਹਰ ਦਿਨ 21 ਕਿਲੋਮੀਟਰ ਪੈਦਲ ਚਲ ਕੇ 150 ਦਿਨ ’ਚ 3 ਹਜ਼ਾਰ 570 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਯਾਤਰਾ ਕਸ਼ਮੀਰ ਪਹੁੰਚੇਗੀ। ਇਹ ਪੈਦਲ ਯਾਤਰਾ 11 ਸਤੰਬਰ ਨੂੰ ਕੇਰਲ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਸੂਬੇ ਤੋਂ ਹੁੰਦੇ ਹੋਏ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਕਰਨਾਟਕ ’ਚ 21 ਦਿਨਾਂ ਤੱਕ ਚਲੇਗੀ ਅਤੇ ਉਸ ਤੋਂ ਬਾਅਦ ਉੱਤਰ ਵੱਲ ਹੋਰ ਸੂਬਿਆਂ ’ਚ ਜਾਵੇਗੀ।  ਇਸ ਯਾਤਰਾ ’ਚ ਕਾਂਗਰਸ ਵਰਕਰਾਂ ਦੇ ਨਾਲ-ਨਾਲ ਆਮ ਜਨਤਾ ਵੀ ਜੁੜੇਗੀ। ਕਈ ਥਾਵਾਂ ’ਤੇ ਆਮ ਜਨ ਸਭਾ ਅਤੇ ਚੌਪਾਲ ਲਾਈ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਯਾਤਰਾ ਨੂੰ ਸਾਧਾਰਨ ਤਰੀਕੇ ਨਾਲ ਪੂਰਾ ਕਰਨਗੇ। ਉਹ ਕਿਸੇ ਪੰਜ ਸਿਤਾਰਾ ਹੋਟਲ ’ਚ ਨਹੀਂ ਠਹਿਰਣਗੇ। ਰਾਹੁਲ ਗਾਂਧੀ ਇਕ ਕੰਟੇਨਰ ’ਚ ਅਗਲੇ 150 ਦਿਨਾਂ ਤੱਕ ਰਹਿਣ ਵਾਲੇ ਹਨ। ਇਸੇ ਕੰਟੇਨਰ ’ਚ ਉਨ੍ਹਾਂ ਲਈ ਬੈੱਡ, ਵਾਸ਼ਰੂਮ ਦੀ ਵਿਵਸਥਾ ਕੀਤੀ ਗਈ ਹੈ। ਸਾਰੇ ਯਾਤਰੀ ਇਕ ਟੈਂਟ ’ਚ ਰਾਹੁਲ ਗਾਂਧੀ ਨਾਲ ਹੀ ਖਾਣਾ ਖਾਉਣਗੇ।

‘ਭਾਰਤ ਜੋੜੋ ਯਾਤਰਾ’ ਸੱਚ ’ਤੇ ਖੜੀ : ਕਨ੍ਹਈਆ

ਕਾਂਗਰਸ ਨੇਤਾ ਕਨ੍ਹਈਆ ਕੁਮਾਰ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਕਿਸੇ ਵੀ ਭਾਰਤ ਲਈ ਇਹ ਸੌਭਾਗ ਦੀ ਗੱਲ ਹੈ ਕਿ ਉਹ ਇਸ ਯਾਤਰਾ ਦਾ ਹਿੱਸਾ ਬਣੇ। ਕਨ੍ਹਈਆ ਕੁਮਾਰ ਨੇ ਪਾਰਟੀ ਦੀ ‘ਭਾਰਤ ਜੋੜੋ’ ਯਾਤਰਾ ਨੂੰ ਲੈ ਕੇ ਦਾਅਵਾ ਕੀਤਾ ਕਿ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਵਲੋਂ 1990 ’ਚ ਕੀਤੀ ਗਈ ‘ਰੱਥ ਯਾਤਰਾ’ ਸੱਤਾ ਲਈ ਸੀ ਪਰ ਉਨ੍ਹਾਂ ਦੀ ਪਾਰਟੀ ਦੀ ਇਹ ਯਾਤਰਾ ਸੱਚ ਲਈ ਹੈ। ਦੱਸ ਦੇਈਏ ਕਿ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਨਾਲ ਜੋ 118 ‘ਭਾਰਤੀ ਯਾਤਰੀ’ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕਰਨਗੇ, ਉਨ੍ਹਾਂ ’ਚ ਕਨ੍ਹਈਆ ਕੁਮਾਰ ਵੀ ਸ਼ਾਮਲ ਹਨ। ਕਨ੍ਹਈਆ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਕਿਸੇ ਵੀ ਭਾਰਤ ਲਈ ਇਹ ਸੌਭਾਗ ਦੀ ਗੱਲ ਹੈ ਕਿ ਉਹ ਇਸ ਯਾਤਰਾ ਦਾ ਹਿੱਸਾ ਬਣੇ। ਇਹ ਸਿਰਫ਼ ਇਕ ਸਿਆਸੀ ਯਾਤਰਾ ਨਹੀਂ ਸਗੋਂ ਇਸ ਦੇ ਸੱਭਿਆਚਾਰਕ, ਸਮਾਜਿਕ ਪਹਿਲੂ ਵੀ ਹਨ, ਲੋਕਾਂ ਨਾਲ ਮੇਲ-ਜੋਲ ਹੈ। ਇਹ ਪੁੱਛੇ ਜਾਣ ’ਤੇ ਕਿ ਇਹ ਯਾਤਰਾ ਅਡਵਾਨੀ ਅਤੇ ਕੁਝ ਹੋਰ ਨੇਤਾਵਾਂ ਵਲੋਂ ਅਤੀਤ ’ਚ ਕੱਢੀਆਂ ਗਈਆਂ ਯਾਤਰਾਵਾਂ ਤੋਂ ਕਿਸ ਤਰ੍ਹਾਂ ਵੱਖ ਹੈ, ਕਨ੍ਹਈਆ ਨੇ ਕਿਹਾ ਕਿ ਇਸ ਯਾਤਰਾ ਦੇ 3 ਬਿੰਦੂ ਹਨ- ਸਿਆਸੀ, ਸਮਾਜਿਕ ਅਤੇ ਆਰਥਿਕ। ਅਡਵਾਨੀ ਜੀ ਦੀ ਰੱਥ ਯਾਤਰਾ ਸਿਆਸੀ ਯਾਤਰਾ ਸੀ ਅਤੇ ਸੱਤਾ ਲਈ ਸੀ ਪਰ ਭਾਰਤ ਜੋੜੋ ਯਾਤਰਾ ਸੱਚ ਲਈ ਹੈ। ਜ਼ਿਕਰਯੋਗ ਹੈ ਕਿ ਅਡਵਾਨੀ ਨੇ 1990 ’ਚ ਰਾਮ ਮੰਦਰ ਅੰਦੋਲਨ ਦੇ ਸਮੇਂ ਰੱਥ ਯਾਤਰਾ ਕੱਢੀ ਸੀ, ਜਿਸ ਦਾ ਭਾਜਪਾ ਪਾਰਟੀ ਨੂੰ ਸਿਆਸੀ ਫਾਇਦਾ ਮਿਲਿਆ ਸੀ। ਕਨ੍ਹਈਆ ਨੇ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਅਮੀਰ ਅਤੇ ਗਰੀਬ ਵਿਚਾਲੇ ਫ਼ਰਕ ਪੈਦਾ ਕਰ ਰਹੀ ਹੈ, ਜਿਸ ਕਾਰਨ ਇਸ ਯਾਤਰਾ ਦਾ ਮਹੱਤਵ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਾਰ-ਵਾਰ ਇਹ ਕਹਿ ਕੇ ਆਲੋਚਨਾ ਕੀਤੀ ਜਾ ਰਹੀ ਹੈ ਕਿ ਭਾਰਤ ਕਿੱਥੇ ਟੁੱਟਿਆ ਹੈ ਕਿ ਇਹ ਯਾਤਰਾ ਕੱਢੀ ਜਾ ਰਹੀ ਹੈ। ਭਾਰਤ ਭੂਗੋਲਿਕ ਅਤੇ ਇਤਿਹਾਸਕ ਰੂਪ ਨਾਲ ਨਹੀਂ ਟੁੱਟਿਆ ਹੈ ਪਰ ਸਰਕਾਰ ਦੀ ਨੀਤੀ ਕਾਰਨ ਅਮੀਰ ਅਤੇ ਗਰੀਬ ਵਿਚਾਲੇ ਵੱਡੀ ਖਾਈ ਦਿੱਸੇਗੀ।

Comment here