ਅੱਜ ਦੇਸ਼ ਦੀ ਸਭ ਤੋੰ ਪੁਰਾਣੀ ਤੇ ਸਭ ਤੋਂ ਵਧ ਸਮਾਂ ਦੇਸ਼ ਦੀ ਸੱਤਾ ਤੇ ਰਾਜ ਕਰਨ ਵਾਲੀ ਕਾਂਗਰਸ ਆਪਣੀ ਹੋਂਦ ਬਚਾਈ ਰੱਖਣ ਲਈ ਜੱਦੋਜਹਿਦ ਕਰ ਰਹੀ ਹੈ। ਜਦ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿਚ ਜਾਣ ਬਾਰੇ ਸੋਚ ਰਹੇ ਸਨ ਤਾਂ ਦੇਸ਼ ਸਾਹ ਰੋਕ ਕੇ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਡੈਮੋਕਰੇਸੀ ਨੂੰ ਮਜ਼ਬੂਤ ਕਰਨ ਵਾਲੀ ਕੋਈ ਖ਼ਬਰ ਆ ਹੀ ਜਾਏ | ਕਿਤੇ ਸ਼ਾਇਦ ਭਾਜਪਾ ਦੇ ਦਿਲ ਵਿਚ ਵੀ ਇਹੀ ਉਮੀਦ ਜਾਗ ਪਈ ਹੋਵੇਗੀ ਕਿ ਕਾਂਗਰਸ ਵਿਚ ਕੋਈ ਥੋੜ੍ਹੀ ਬਹੁਤ ਜਾਨ ਪਾ ਹੀ ਦੇਵੇ ਕਿਉਂਕਿ ਮੁਰਦਾ ਹੋਈ ਆਪੋਜ਼ੀਸ਼ਨ ਦੇ ਹੁੰਦਿਆਂ ਰਾਜ ਕਰਨ ਦਾ ਸਵਾਦ ਹੀ ਬੜਾ ਫਿੱਕਾ ਫਿੱਕਾ ਰਹਿੰਦਾ ਹੈ | ਕਾਰਨ ਗਾਂਧੀ ਪ੍ਰਵਾਰ ਜਾਂ ਕਾਂਗਰਸ ਪ੍ਰਤੀ ਮੋਹ ਨਹੀਂ ਬਲਕਿ ਲੋਕਤੰਤਰ ਵਾਸਤੇ ਚਿੰਤਾ ਜ਼ਰੂਰ ਹੈ | ਉਂਜ ਪਿਆਸੇ ਨੂੰ ਖੂਹ ਕੋਲ ਲਿਜਾਇਆ ਤਾਂ ਜਾ ਸਕਦਾ ਹੈ ਪਰ ਪਾਣੀ ਪੀਣ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ | ਇਹੋ ਹਾਲ ਕਾਂਗਰਸ ਦਾ ਹੋਇਆ ਪਿਆ ਹੈ | ਅੱਜ ਦੇਸ਼ ਦੀ ਵੱਡੀ ਆਬਾਦੀ ਤੇ ਵੱਡੇ ਸਿਆਸਤਦਾਨ ਵੀ ਕਾਂਗਰਸ ਨੂੰ ਮਜ਼ਬੂਤ ਹੁੰਦਾ ਵੇਖਣਾ ਚਾਹੁੰਦੇ ਹਨ ਪਰ ਕਾਂਗਰਸ ਦੇ ਗਾਂਧੀ ਪ੍ਰਵਾਰ ਨੂੰ ਅਜੇ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਪਾਰਟੀ ਕਿੰਨੀ ਕਮਜ਼ੋਰ ਹੋ ਚੁੱਕੀ ਹੈ |
ਪ੍ਰਸ਼ਾਂਤ ਕਿਸ਼ੋਰ ਵੈਸੇ ਕੋਈ ਜਾਦੂਗਰ ਨਹੀਂ ਜੋ ਕਾਂਗਰਸ ਨੂੰ ਜਿਤਾ ਸਕਣ ਪਰ ਉਹ ਇਸ ਇੱਛਾ ਦਾ ਪ੍ਰਤੀਕ ਹਨ ਕਿ ਕਾਂਗਰਸ ਨੂੰ ਬਚਾਣਾ ਚਾਹੀਦਾ ਹੈ | ਪ੍ਰਸ਼ਾਂਤ ਕਿਸ਼ੋਰ ਸਿਰਫ਼ ਗਊਆਂ ਦੇ ਚਰਵਾਹੇ ਵਰਗਾ ਹੈ ਜੋ ਉਨ੍ਹਾਂ ਨੂੰ ਗ਼ਲਤ ਰਾਹ ਪੈਣੋਂ ਰੋਕਦਾ ਹੈ ਨਹੀਂ ਤਾਂ ਉਹ ਕੁਰਾਹੇ ਪੈ ਜਾਂਦੀਆਂ ਹਨ ਤੇ ਘਰ ਨਹੀਂ ਪਹੁੰਚ ਸਕਦੀਆਂ | ਇਕ ਅਨੁਮਾਨ ਮੁਤਾਬਕ ਜੇ ਅੱਜ ਕਾਂਗਰਸ ਚਲਣਾ ਹੀ ਸ਼ੁਰੂ ਕਰ ਦੇਵੇ ਤਾਂ 2024 ਵਿਚ ਜਿੱਤ ਨਾ ਵੀ ਸਕੇ ਤਾਂ ਵੀ ਦੇਸ਼ ਨੂੰ ਇਕ ਤਾਕਤਵਰ ਵਿਰੋਧੀ ਧਿਰ ਜ਼ਰੂਰ ਦੇ ਸਕਦੀ ਹੈ | ਤਾਕਤਵਰ ਵਿਰੋਧੀ ਧਿਰ ਅੱਜ ਦੇਸ਼ ਦੀ ਸੱਭ ਤੋਂ ਵੱਡੀ ਲੋੜ ਬਣੀ ਹੋਈ ਹੈ | ਅੱਜ ਸੁਪ੍ਰੀਮ ਕੋਰਟ ਵੀ ਕਾਨੂੰਨ ਜਾਂ ਸਰਕਾਰੀ ਸੰਸਥਾਵਾਂ ਦੇ ਦੁਰਉਪਯੋਗ ਤੋਂ ਘਬਰਾਈ ਹੋਈ ਹੈ | ਇਸ ਨੂੰ ਰੋਕਣ ਦਾ ਇਕੋ ਹੀ ਰਸਤਾ ਹੈ ਕਿ ਸਰਕਾਰ ਨੂੰ ਵਿਰੋਧੀ ਧਿਰ ਦਾ ਡਰ ਹੋਣਾ ਚਾਹੀਦਾ ਹੈ | ਜਦ ਭਾਜਪਾ ਕੋਲ 303 ਐਮ.ਪੀ. ਹਨ ਤਾਂ ਫਿਰ ਉਨ੍ਹਾਂ ਨੂੰ ਕਿਸੇ ਦਾ ਡਰ ਹੋ ਹੀ ਨਹੀਂ ਸਕਦਾ ਤੇ ਹਾਕਮ ਧਿਰ ਅੰਦਰ ਪੈਦਾ ਹੋ ਚੁੱਕੀ ਲਾਪ੍ਰਵਾਹੀ ਲੋਕਤੰਤਰ ਨੂੰ ਕਮਜ਼ੋਰ ਕਰੇਗੀ ਹੀ ਕਰੇਗੀ | ਪਰ ਕਾਂਗਰਸ ਅਜੇ ਵੀ ਇਸ ਜ਼ਿੰਮੇਵਾਰੀ ਨੂੰ ਨਹੀਂ ਸਮਝ ਪਾ ਰਹੀ | ਅੱਜ ਸ਼ਾਇਦ ਰਾਹੁਲ ਗਾਂਧੀ ਨੂੰ ਬਚਾਉਣਾ ਚਮਚਾ ਕਾਂਗਰਸੀਆਂ ਵਾਸਤੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਹੋਈ ਹਾਰ ਤੋਂ ਬਾਅਦ ਵੀ ਉਨ੍ਹਾਂ ਵਿਚੋਂ ਕੋਈ ਇਕ ਆਵਾਜ਼ ਨਹੀਂ ਨਿਕਲ ਕੇ ਆਉਂਦੀ ਜੋ ਰਾਹੁਲ ਦੇ ਬੰਦ ਕਪਾਟ ਖੋਲ੍ਹ ਸਕੇ | ਜੇ ਇਸੇ ਤਰ੍ਹਾਂ ਦੀ ਸੋਚ ਨਹਿਰੂ ਜਾਂ ਮਹਾਤਮਾ ਗਾਂਧੀ ਵੀ ਰਖਦੇ ਹੁੰਦੇ ਤਾਂ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਹੀ ਨਾ ਪਾ ਸਕਦੇ | ਅੱਜ ਦੇ ਕਾਂਗਰਸੀਆਂ ਨੇ ਅਪਣੇ ਆਪ ਨੂੰ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਤਾਂ ਘੋਸ਼ਿਤ ਕਰ ਦਿਤਾ ਹੈ ਪਰ ਉਨ੍ਹਾਂ ਵਰਗੀ ਜ਼ਿੰਮੇਵਾਰੀ ਜਾਂ ਦੇਸ਼ ਪ੍ਰੇਮ ਦੀ ਚਿਣਗ ਉਨ੍ਹਾਂ ਅੰਦਰ ਨਹੀਂ ਟਿਮਟਿਮਾ ਸਕੀ | ਅੱਜ ਦੇ ਕਾਂਗਰਸੀ ਦੇਸ਼ ਤਾਂ ਦੂਰ, ਅਪਣੀ ਪਾਰਟੀ ਪ੍ਰਤੀ ਵੀ ਪਿਆਰ ਨਹੀਂ ਵਿਖਾ ਸਕਦੇ | ਪੰਜਾਬ ਕਾਂਗਰਸ ਇਸ ਵੇਲੇ ਅਨਾੜੀਪੁਣੇ, ਲਾਪ੍ਰਵਾਹੀ ਅਤੇ ਆਪੋ-ਧਾਪੀ ਦੀ ਵਧੀਆ ਉਦਾਹਰਣ ਬਣੀ ਹੋਈ ਹੈ | ਇਕ ਸ਼ਰਮਨਾਕ ਹਾਰ ਦੇ ਬਾਅਦ ਵੀ ਪੰਜਾਬ ਦੇ ਆਗੂ ਅਪਣੀ ਆਕੜ ਨਹੀਂ ਛੱਡ ਰਹੇ | ਲੋਕਾਂ ਵਲੋਂ ਵਿਖਾਏ ਸ਼ੀਸ਼ੇ ਵਿਚ ਇਨ੍ਹਾਂ ਨੂੰ ਅੱਜ ਵੀ ਅਪਣੀ ਅਸਲ ਤਸਵੀਰ ਵਿਖਾਈ ਨਹੀਂ ਦੇ ਰਹੀ ਜਾਂ ਇਹ ਵੇਖਣਾ ਨਹੀਂ ਚਾਹੁੰਦੇ | ਇਨ੍ਹਾਂ ਸੱਭ ਦੀਆਂ ਤਿਜੋਰੀਆਂ ਸ਼ਾਇਦ ਏਨੀਆਂ ਭਰੀਆਂ ਹੋਈਆਂ ਹਨ ਕਿ ਇਹ ਲੋਕ 5-10 ਸਾਲ ਹੁਣ ਵਾਲੀ ਥਾਂ ਤੇ ਟਿਕੇ ਰਹਿਣ ਨੂੰ ‘ਛੁੱਟੀਆਂ ਦੇ ਦਿਨ’ ਸਮਝ ਕੇ ਮਨਾ ਰਹੇ ਹਨ ਤੇ ਸੋਚਦੇ ਹਨ ਕਿ ਬਿਨਾਂ ਕੁੱਝ ਕੀਤਿਆਂ ਵੀ ਇਕ ਦਿਨ ਲੋਕ, ਉਨ੍ਹਾਂ ਨੂੰ ਆਪ ਹੀ ਆ ਕਹਿਣਗੇ ਕਿ ”ਆਉ ਜਨਾਬ, ਹੁਣ ਛੁੱਟੀਆਂ ਖ਼ਤਮ ਤੇ ਸਿੰਘਾਸਨ ਸੰਭਾਲੋ | ਜਨਤਾ ਆਪ ਬਿਨ ਵਿਆਕੁਲ ਹੋਈ ਪਈ ਹੈ |” ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ | ‘ਆਪ’ ਚਾਹੁੰਦੀ ਵੀ ਹੈ ਇਹ ਥਾਂ ਲੈਣੀ, ਸ਼ਾਇਦ ਜ਼ਿਆਦਾ ਕਾਬਲ ਵੀ ਸਾਬਤ ਹੋ ਜਾਵੇ ਪਰ ਭਾਜਪਾ ਤੇ ਕਾਂਗਰਸ ਦੀਆਂ ਜੜ੍ਹਾਂ ਤਾਂ ਭਾਰਤ ਦੀ ਧਰਤੀ ਤੇ ਬਹੁਤ ਡੂੰਘੀਆਂ ਲਗੀਆਂ ਹੋਈਆਂ ਹਨ | ਕੀ ਉਨ੍ਹਾਂ ਦਾ ਬਦਲ ਕੁੱਝ ਸਾਲਾਂ ਵਿਚ ਮਿਲ ਜਾਵੇਗਾ? ਜੇ ਅਜਿਹਾ ਹੋ ਵੀ ਗਿਆ ਤਾਂ ਉਸ ਸਮੇਂ ਤਕ ਸਰਬ ਭਾਰਤੀ ਪੱਧਰ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਇਹ ਅਜਿਹੇ ਸਵਾਲ ਹਨ, ਜਿਹਨਾਂ ਦਾ ਜੁਆਬ ਹਾਲ ਦੀ ਘੜੀ ਤਾਂ ਮਿਲਦਾ ਨਹੀਂ ਦਿਸ ਰਿਹਾ।
-ਅਵੀ ਅਵਤਾਰ
Comment here