ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਦੀ ਪ੍ਰਧਾਨਗੀ ਲਈ ਥਰੂਰ ਤੇ ਗਹਿਲੋਤ ਚ ਮੁਕਾਬਲਾ

ਨਵੀਂ ਦਿੱਲੀ-ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ ਸ਼ਨੀਵਾਰ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਇਕ ਪ੍ਰਤੀਨਿਧੀ ਰਾਹੀਂ ਨਾਮਜ਼ਦਗੀ ਪੱਤਰ ਮੰਗਵਾਏ। ਉਹ 30 ਸਤੰਬਰ ਨੂੰ ਪੇਪਰ ਦਾਖਲ ਕਰ ਸਕਦੇ ਹਨ। ਹੁਣ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਥਰੂਰ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਭਿੜਨਗੇ। ਸ਼ਸ਼ੀ ਥਰੂਰ ਦੇ ਨੁਮਾਇੰਦੇ ਅਤੇ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਅਹੁਦੇਦਾਰ ਅਲੀਮ ਜ਼ਵੇਰੀ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਤੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ। ਕੁਝ ਦਿਨ ਪਹਿਲਾਂ ਥਰੂਰ ਨੇ ਨਾਮਜ਼ਦਗੀ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਲਈ ਮਿਸਤਰੀ ਨਾਲ ਮੁਲਾਕਾਤ ਵੀ ਕੀਤੀ ਸੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ਼ 30 ਸਤੰਬਰ ਅਤੇ ਵਾਪਸ ਲੈਣ ਦੀ 8 ਅਕਤੂਬਰ ਹੈ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।

ਗਹਿਲੋਤ ਦੇ ਸਮਰਥਕਾਂ ਨੇ ਦਿੱਤੇ ਅਸਤੀਫੇ

ਮੌਜੂਦਾ ਸੀ.ਐੱਮ. ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਜਾ ਰਹੇ ਹਨ, ਅਜਿਹੇ ’ਚ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਹੈ। ਹੁਣ ਸਚਿਨ ਪਾਇਲਟ ਨੂੰ ਸੀ.ਐੱਮ. ਬਣਾਏ ਜਾਣ ਦੀ ਉਮੀਦ ਹੈ ਪਰ ਕਾਂਗਰਸ ਲਈ ਇਹ ਫੈਸਲਾ ਇੰਨਾ ਆਸਾਨ ਨਹੀਂ ਹੋਣ ਵਾਲਾ ਹੈ। ਗਹਿਲੋਤ ਧੜੇ ਦੇ ਵਿਧਾਇਕ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦਾ ਵਿਰੋਧ ਕਰ ਰਹੇ ਹਨ।ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਇਸ ਸਮੇਂ ਜ਼ਬਰਦਸਤ ਘਮਾਸਾਨ ਮਚਿਆ ਹੋਇਆ ਹੈ। ਸ਼ਾਮ 7 ਵਜੇ ਤੈਅ ਕੀਤੀ ਗਈ ਵਿਧਾਇਕਾਂ ਦੀ ਬੈਠਕ ਰੱਦ ਹੋ ਗਈ। ਇਸ ਦਰਮਿਆਨ ਗਹਿਲੋਤ ਸਮਰਥਕ 92 ਵਿਧਾਇਕਾਂ ਨੇ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ। ਇਹ ਵਿਧਾਇਕ ਕੁਝ ਸਮਾਂ ਪਹਿਲਾਂ ਕਾਂਗਰਸੀ ਵਿਧਾਇਕ ਸ਼ਾਂਤੀ ਧਾਰੀਵਾਲ ਦੇ ਘਰ ਇਕੱਠੇ ਹੋਏ, ਜਿਥੇ ਇਨ੍ਹਾਂ ਵਿਧਾਇਕਾਂ ਤੋਂ ਅਸਤੀਫੇ ਲਏ ਗਏ । ਹੁਣ ਇਹ ਅਸਤੀਫਾ ਸਪੀਕਰ ਨੂੰ ਸੌਂਪਿਆ ਜਾਵੇਗਾ।ਕਾਂਗਰਸ ਨੇਤਾ ਪ੍ਰਤਾਪ ਖਾਚਰਿਆਵਾਸ ਨੇ ਕਿਹਾ ਹੈ ਕਿ ਸਾਡੀ ਮੀਟਿੰਗ ਹੋਈ ਹੈ। ਸਾਡੇ ਨਾਲ 92 ਵਿਧਾਇਕ ਹਨ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਨਵੇਂ ਸੀ.ਐੱਮ. ਦੀ ਚੋਣ ’ਚ ਉਨ੍ਹਾਂ ਦੀ ਰਾਇ ਨਹੀਂ ਲਈ ਗਈ ਹੈ। ਇਸ ਤੋਂ ਉਹ ਬਹੁਤ ਨਾਰਾਜ਼ ਹਨ। ਸੂਤਰਾਂ ਮੁਤਾਬਕ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਅਸ਼ੋਕ ਗਹਿਲੋਤ ਨੂੰ ਫੋਨ ਕੀਤਾ ਪਰ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਵਸ ’ਚ ਕੁਝ ਨਹੀਂ ਹੈ।

Comment here