ਕੈਪਟਨ-ਅਰੂਸਾ ਦੋਸਤੀ ਨੂੰ ਲੈ ਕੇ ਪੰਜਾਬ ਸਿਆਸਤ ਚ ਸ਼ਬਦੀ ਘਮਸਾਣ ਜਾਰੀ
ਕੈਪਟਨ ਨੇ ਕਿਹਾ ਕਿ ਉਨ੍ਹਾ ਭਾਜਪਾ ਨਾਲ ਗੱਠਜੋੜ ਦੀ ਗੱਲ ਕਦੇ ਨਹੀਂ ਕਹੀ, ਪਰ ਭਾਜਪਾ ਤੇ ਹੋਰਨਾਂ ਪਾਰਟੀਆਂ ਨਾਲ ਸੀਟਾਂ ਦੀ ਲੈ-ਦੇ ਹੋ ਸਕਦੀ ਹੈ | ਉਨ੍ਹਾ ਅੱਗੇ ਕਿਹਾ-ਮੈਂ 52 ਸਾਲ ਕਾਂਗਰਸ ਵਿਚ ਰਿਹਾ, ਪਰ ਆਉਂਦੇ ਦਿਨਾਂ ਵਿਚ ਛੱਡ ਦੇਵਾਂਗਾ | ਕਿਸਾਨੀ ਅੰਦੋਲਨ ਬਾਰੇ ਉਨ੍ਹਾ ਕਿਹਾ ਕਿ ਉਹ 10 ਸਾਲ ਖੇਤੀ ਮੰਤਰੀ ਰਹੇ ਹਨ ਅਤੇ ਉਨ੍ਹਾ ਨੂੰ ਕਿਸਾਨਾਂ ਬਾਰੇ ਪਤਾ ਹੈ | ਉਨ੍ਹਾ ਦੱਸਿਆ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀਰਵਾਰ ਮੀਟਿੰਗ ਕਰਨਗੇ, ਜਿਸ ਲਈ ਉਨ੍ਹਾ ਨਾਲ 25-30 ਬੰਦੇ ਵੀ ਜਾਣਗੇ ਅਤੇ ਉਹ ਕਿਸਾਨ ਅੰਦੋਲਨ ਦੇ ਹੱਲ ਬਾਬਤ ਗੱਲ ਕਰਨਗੇ | ਦਿੱਲੀ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਮਿਲਣ ਦੀ ਜਾਣਕਾਰੀ ਦਿੰਦਿਆਂ ਕੈਪਟਨ ਨੇ ਕਿਹਾ-ਸੁਰੱਖਿਆ ਬਾਬਤ ਫਿਕਰ ‘ਤੇ ਮੇਰਾ ਮਖੌਲ ਉਡਾਇਆ ਜਾ ਰਿਹਾ ਹੈ | ਇਕ ਮਹੀਨੇ ਦਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਹੈ ਕਿ ਉਸ ਨੂੰ ਸੁਰੱਖਿਆ ਬਾਰੇ ਮੇਰੇ ਤੋਂ ਜ਼ਿਆਦਾ ਪਤਾ ਹੈ, ਜਦਕਿ ਮੈਨੂੰ ਫੌਜ ਦੇ ਤਜਰਬੇ ਤੋਂ ਇਲਾਵਾ ਸਾਢੇ 9 ਸਾਲ ਮੁੱਖ ਮੰਤਰੀ ਰਹਿਣ ਦਾ ਵੀ ਤਜਰਬਾ ਹੈ |
ਕੈਪਟਨ ਨੇ ਕਿਹਾ ਕਿ ਡ੍ਰੋਨ ਵਾਲਾ ਸਿਸਟਮ ਬਹੁਤ ਖਤਰਨਾਕ ਹੈ | ਉਨ੍ਹਾ ਬੀ ਐੱਸ ਐੱਫ ਨੂੰ ਦਿੱਤੇ ਵੱਧ ਅਧਿਕਾਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਫਸਟ ਕਲਾਸ ਫੋਰਸ ਹੈ, ਪਰ ਕਈ ਚੀਜ਼ਾਂ ਲਈ ਉਹ ਟ੍ਰੇਂਡ ਨਹੀਂ | ਉਨ੍ਹਾ ਕਿਹਾ ਕਿ ਖਾਲਿਸਤਾਨੀ ਤੇ ਪਾਕਿਸਤਾਨੀ ਇਕੱਠੇ ਕੰਮ ਕਰ ਰਹੇ ਹਨ | ਸੁਰੱਖਿਆ ਦੇ ਮਸਲੇ ‘ਤੇ ਮਖੌਲ ਪੰਜਾਬ ਸਰਕਾਰ ਦਾ ਗੈਰ-ਜ਼ਿੰਮੇਦਾਰਾਨਾ ਰਵੱਈਆ ਹੈ | ਕੈਪਟਨ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾ ਵੇਲੇ ਪਾਕਿਸਤਾਨ ਤੋਂ ਆਏ ਬਹੁਤ ਸਾਰੇ ਹਥਿਆਰ ਤੇ ਨਸ਼ਾ ਫੜਿਆ ਗਿਆ | ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਸੁਰੱਖਿਆ ਦੇ ਮਸਲੇ ‘ਤੇ ਸਰਕਾਰ ਦੀ ਮਦਦ ਕਰੇ, ਕਿਉਂਕਿ ਸੂਬੇ ਦੀ ਸੁਰੱਖਿਆ ਸਿਆਸਤ ਦਾ ਵਿਸ਼ਾ ਨਹੀਂ | ਕੇਂਦਰ ਸਰਕਾਰ ਡ੍ਰੋਨ ਵਾਲੇ ਖਤਰੇ ਤੋਂ ਵਾਕਫ ਹੈ | ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਦਾਅਵਾ ਕੀਤਾ ਕਿ ਪਾਰਟੀ ਦਾ 18 ਨੁਕਾਤੀ ਏਜੰਡਾ ਪੂਰਾ ਕੀਤਾ ਗਿਆ ਸੀ | ਇੰਨਾ ਹੀ ਨਹੀਂ ਉਨ੍ਹਾ ਨੇ ਸਕੀਮਾਂ ‘ਤੇ ਖਰਚ ਕੀਤੇ ਗਏ ਪੈਸੇ ਦੇ ਅੰਕੜੇ ਵੀ ਸਾਂਝੇ ਕੀਤੇ | ਉਨ੍ਹਾ ਕਿਹਾ ਕਿ ਸਾਢੇ ਚਾਰ ਸਾਲਾਂ ‘ਚ ਉਨ੍ਹਾ ਨੇ ਬਹੁਤ ਸਾਰਾ ਕੰਮ ਕੀਤਾ | ਉਦਯੋਗਾਂ ਲਈ ਪੰਜਾਬ ਚੰਗੀ ਥਾਂ ਹੈ | ਚੰਨੀ ਕੈਬਨਿਟ ਦੇ ਮੰਤਰੀਆਂ ਬਾਰੇ ਕੈਪਟਨ ਨੇ ਕਿਹਾ-ਕੈਬਨਿਟ ਦਾ ਹਿੱਸਾ ਰਹੇ ਲੋਕਾਂ ਵੱਲੋਂ ਛੋਟੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਰੰਧਾਵਾ ਨੂੰ ਅਰੂਸਾ ਤੋਂ ਬਿਨਾਂ ਹੋਰ ਕੁਝ ਨਹੀਂ ਸੱੁਝਦਾ | ਚਾਰ ਸਾਲ ਜਦੋਂ ਉਹ ਮੰਤਰੀ ਸੀ, ਉਦੋਂ ਉਸ ਨੇ ਅਰੂਸਾ ਬਾਰੇ ਚੁੱਪੀ ਸਾਧੀ ਰੱਖੀ | ਅਰੂਸਾ ਆਲਮ ਤਾਂ 16 ਸਾਲ ਤੋਂ ਇੱਥੇ ਆ ਰਹੀ ਹੈ | ਜੇ ਵੀਜ਼ਾ ਖੁੱਲ੍ਹਾ ਹੁੰਦਾ ਤਾਂ ਉਨ੍ਹਾ ਨੇ ਉਸ ਨੂੰ ਫਿਰ ਸੱਦਾ ਦੇਣਾ ਸੀ |
Comment here