ਸਿਆਸਤਖਬਰਾਂ

ਕਾਂਗਰਸ ਕੁਝ ਕਰਨ ਜੋਗੀ ਨੀ ਰਹੀ, ਭਾਜਪਾ ਨੂੰ ਅਸੀਂ ਟੱਕਰ ਦੇਵਾਂਗੇ-ਮਮਤਾ ਬੈਨਰਜੀ

ਕਿਹਾ-ਟੀਐੱਮਸੀ ਨੂੰ ਲੈ ਕੇ ਲੋਕ ਨਵੇਂ ਭਾਰਤ ਦਾ ਸੁਪਨਾ ਦੇਖ ਰਹੇ ਨੇ

ਕੋਲਕਾਤਾ-ਬੀਤੇ ਦਿਨੀਂ ਬੰਗਾਲ ਵਿਧਾਨ ਸਭਾ ਚੋਣਾਂ ’ਚ ਟੀਐੱਮਸੀ ਦੀ ਜਿੱਤ ਤੇ ਹੁਣ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਖ਼ੁਦ ਰਿਕਾਰਡ ਵੋਟਾਂ ਨਾਲ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੇ ਮੁੱਖ ਪੱਤਰ ’ਚ ਇਕ ਲੇਖ ਲਿਖ ਕੇ ਆਪਣੀ ਪਾਰਟੀ ਟੀਐੱਮਸੀ ਨੂੰ ਕਾਂਗਰਸ ਤੋਂ ਵੱਧ ਪ੍ਰਭਾਵਸ਼ਾਲੀ ਦੱਸਿਆ ਹੈ। ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਤੋਂ ਕੁਝ ਨਹੀਂ ਹੋਣ ਵਾਲਾ। ਭਾਜਪਾ ਨੂੰ ਸਿਰਫ਼ ਟੀਐੱਮਸੀ ਹੀ ਟੱਕਰ ਦੇ ਸਕਦੀ ਹੈ। ਮਮਤਾ ਨੇ ਪਾਰਟੀ ਦੇ ਮੁੱਖ ਪੱਤਰ ਜਾਗੋ ਬਾਂਗਲਾ ਦੇ ਦੁਰਗਾ ਪੂਜਾ ਵਿਸ਼ੇਸ਼ ਅੰਕ ’ਚ ਇਕ ਲੇਖ ਲਿਖਿਆ ਹੈ। ਇਸ ’ਚ ਉਨ੍ਹਾਂ ਲਿਖਿਆ ਕਿ ਦੇਸ਼ ਦੇ ਲੋਕਾਂ ਨੇ ਫਾਸ਼ੀਵਾਦੀ ਭਗਵਾ ਪਾਰਟੀ ਨੂੰ ਹਟਾ ਕੇ ਇਕ ਨਵਾਂ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਟੀਐੱਮਸੀ ’ਤੇ ਪਾ ਦਿੱਤੀ ਹੈ। ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਖ਼ਿਲਾਫ਼ ਸ਼ਾਨਦਾਰ ਜਿੱਤ ਤੋਂ ਬਾਅਦ ਟੀਐੱਮਸੀ ਨੇ ਦੇਸ਼ ਭਰ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਸ ਲੇਖ ਦਾ ਸਿਰਲੇਖ ’ਦਿੱਲੀ ਆਰ ਡਾਕ’ ਦਿੱਤਾ ਗਿਆ ਹੈ। ਇਸ ਦਾ ਮਤਲਬ ’ਹੁਣ ਦਿੱਲੀ ਚਲੋ’ ਹੈ।
ਮਮਤਾ ਨੇ ਲੇਖ ’ਚ ਲਿਖਿਆ ਹੈ ਕਿ ਅਸੀਂ ਕਦੀ ਵੀ ਕਾਂਗਰਸ ਨੂੰ ਵੱਖ ਨਹੀਂ ਰੱਖਿਆ, ਪਰ ਹਕੀਕਤ ਇਹ ਹੈ ਕਿ ਹਾਲ ਹੀ ਦੇ ਦਿਨਾਂ ’ਚ ਭਾਜਪਾ ਖ਼ਿਲਾਫ਼ ਲੜਾਈ ਲੜਨ ’ਚ ਉਹ ਅਸਫਲ ਰਹੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ’ਚ ਇਹ ਸਾਬਿਤ ਹੋ ਗਿਆ ਹੈ। ਜੇਕਰ ਤੁਸੀਂ ਕੇਂਦਰ ’ਚ ਲੜਾਈ ਨਹੀਂ ਲੜ ਸਕਦੇ ਹੋ ਤਾਂ ਜਨਤਾ ਦਾ ਭਰੋਸਾ ਟੁੱਟ ਜਾਂਦਾ ਹੈ। ਭਾਜਪਾ ਨੂੰ ਸੂਬਿਆਂ ’ਚ ਕੁਝ ਹੋਰ ਵੋਟ ਮਿਲੇ, ਪਰ ਅਸੀਂ ਇਸ ਵਾਰ ਅਜਿਹਾ ਨਹੀਂ ਹੋਣ ਦੇਵਾਂਗੇ।
ਮਮਤਾ ਨੇ ਅੱਗੇ ਲਿਖਿਆ ਕਿ ਭਾਜਪਾ ਬੰਗਾਲ ਵਿਧਾਨ ਸਭਾ ਚੋਣਾਂ ’ਚ ਆਪਣੀ ਹਾਰ ਨੂੰ ਹਜ਼ਮ ਕਰ ਸਕਣ ’ਚ ਅਸਫਲ ਰਹੀ ਹੈ। ਉਹ ਬਦਲੇ ਦੀ ਸਿਆਸਤ ਕਰ ਰਹੀ ਹੈ। ਹਾਲੇ ਟੀਐੱਮਸੀ ਸਾਹਮਣੇ ਇਕ ਨਹੀਂ ਚੁਣੌਤੀ ਹੈ ਦਿੱਲੀ ਦਾ ਸੱਦਾ। ਇਸ ਦੇਸ਼ ਦੇ ਲੋਕ ਜਨ ਵਿਰੋਧੀ ਨੀਤੀਆਂ ਤੋਂ ਰਾਹਤ ਚਾਹੁੰਦੇ ਹਨ ਤੇ ਸਿਆਸਤ ਤੇ ਫਾਸ਼ੀਵਾਦੀ ਤਾਕਤਾਂ ਦੀ ਬੁਰੀ ਤਰ੍ਹਾਂ ਨਾਲ ਹਾਰ ਦੀ ਉਡੀਕ ਕਰ ਰਹੇ ਹਨ।
ਮਮਤਾ ਨੇ ਅੱਗੇ ਕਿਹਾ ਕਿ ਦੇਸ਼ ਦੇ ਲੋਕ ਹੁਣ ਟੀਐੱਮਸੀ ਨੂੰ ਲੈ ਕੇ ਇਕ ਨਵੇਂ ਭਾਰਤ ਦਾ ਸੁਪਨਾ ਦੇਖ ਰਹੇ ਹਨ। ਟੀਐੱਮਸੀ ਨੂੰ ਵੱਖ-ਵੱਖ ਸੂਬਿਆਂ ਤੋਂ ਲੋਕਾਂ ਦੇ ਫੋਨ ਆ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਬੰਗਾਲ ਇਕ ਨਵੇਂ ਭਾਰਤ ਲਈ ਲੜਾਈ ਦੀ ਅਗਵਾਈ ਕਰੇ। ਇਸ ਲਈ ਅਸੀਂ ਕਹਿ ਰਹੇ ਹਾਂ ਕਿ ਅਸੀਂ ਲੋਕਾਂ ਦੀ ਪੁਕਾਰ ਦਾ ਜਵਾਬ ਦੇਣਾ ਹੈ। ਅਸੀਂ ਲੋਕਾਂ ਦੀਆਂ ਇੱਛਾਵਾਂ ਪੂੁਰੀਆਂ ਕਰਨੀਆਂ ਹਨ ਤੇ ਸਾਰੀਆਂ ਭਾਜਪਾ ਵਿਰੋਧੀ ਤਾਕਤਾਂ ਨੂੰ ਇਕ ਮੰਚ ’ਤੇ ਲਿਆਉਣਾ ਹੈ ਤੇ ਲੜਾਈ ਲੜਨੀ ਹੈ। ਦਿੱਲੀ ਪਹੁੰਚਣ ਲਈ ਭਾਜਪਾ ਵਿਰੋਧੀ ਦਲਾਂ ਨੂੰ ਟੀਐੱਮਸੀ ਦਾ ਸਾਥ ਦੇਣਾ ਪਵੇਗਾ।

Comment here