ਅਪਰਾਧਸਿਆਸਤਖਬਰਾਂ

ਕਾਂਗਰਸੀ ਵਿਧਾਇਕ ਦੀ ਪ੍ਰਚਾਰ-ਕਾਰ ਨੇ ਤਿੰਨ ਦਰੜੇ, 2 ਮਰੇ

ਲੁਧਿਆਣਾ– ਪ੍ਰਚਾਰ ਸਮੱਗਰੀ ਲੈ ਕੇ ਜਾ ਰਹੀ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੀ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਮੋਟਰਸਾਈਕਲ ਵਿਚ ਟੱਕਰ ਮਾਰੇ ਜਾਣ ਦੀ ਖਬਰ ਹੈ। ਕਾਰ ਮੋਟਰਸਾਈਕਲ ਸਵਾਰਾਂ ਨੂੰ ਘੜੀਸ ਕੇ ਲੈ ਗਈ ਤੇ ਚਾਰ ਜਣਿਆਂ ਨੂੰ ਦਰੜ ਦਿੱਤਾ। ਇਨ੍ਹਾਂ ਵਿੱਚੋਂ 2 ਜ਼ਖ਼ਮੀਆਂ ਦੀ ਮੌਤ ਹੋ ਗਈ ਹੈ ਜਦਕਿ ਇਕ ਗੰਭੀਰ ਜ਼ਖ਼ਮੀ ਹੈ ਤੇ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਕੋਹਾੜਾ ਦੀ ਤਰਫੋਂ ਆ ਰਹੀ ਕਾਰ ਹਾਦਸੇ ਸਮੇਂ 130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਮੋਟਰਸਾਈਕਲ ਸਵਾਰ ਮੁੰਡਿਆਂ ਨੂੰ ਦਰੜਣ ਮਗਰੋਂ ਕਾਰ ਫੁੱਟਪਾਥ ’ਤੇ ਚੜ੍ਹ ਗਈ ਤੇ ਉਥੋਂ ਹਵਾ ਵਿਚ ਕਲਾਬਾਜ਼ੀਆਂ ਖਾਂਦੀ ਹੋਈ ਵਾਪਸ ਚੰਡੀਗੜ੍ਹ ਵਾਲੇ ਪਾਸੇ ਘੁੰਮ ਕੇ ਰੁਕ ਗਈ। ਹਾਦਸੇ ਮਗਰੋਂ ਕਾਰ ਵਿਚ ਸਵਾਰ ਉਤਰ ਕੇ ਫ਼ਰਾਰ ਹੋ ਗਏ। ਇਸ ਦੌਰਾਨ ਜ਼ਖ਼ਮੀਆਂ ਨੂੰ ਮੋਹਨਦੇਈ ਹਸਪਤਾਲ ਵਿਚ ਪਹੁੰਚਾਇਆ ਗਿਆ। ਥਾਣਾ ਫੋਕਲ ਪੁਆਇੰਟ ਦੀ ਈਸ਼ਵਰ ਕਾਲੋਨੀ ਦੇ ਪੁਲਿਸ ਮੁਲਾਜ਼ਮਾਂ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ। ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਲਈ ਹੈ ਤੇ ਇਨ੍ਹਾਂ ਦੇ ਨੰਬਰ ਦੇ ਅਧਾਰ ’ਤੇ ਅਣਪਛਾਤੇ ਮਾਲਕ ’ਤੇ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਚੌਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਚੰਡੀਗੜ੍ਹ ਰੋਡ ਦੇ 33 ਫੁੱਟਾ ਰੋਡ ਸਥਿਤ ਪ੍ਰੀਤਮ ਵਿਹਾਰ ਕਾਲੋਨੀ ਵਾਸੀ ਮੁਹੰਮਦ ਹੁਸੈਨ ਤੇ ਸਾਹਿਲ ਕੁਮਾਰ ਵਜੋਂ ਹੋਈ ਹੈ। ਜਦਕਿ ਹਸਪਤਾਲ ਵਿਚ ਦਾਖ਼ਲ ਨੌਜਵਾਨ ਦੀ ਪਛਾਣ ਰਾਜੀਵ ਤੇ ਰੋਹਿਤ ਕੁਮਾਰ ਵਜੋਂ ਹੋਈ ਹੈ। ਦੋਵਾਂ ਮ੍ਰਿਤਕਾਂ ਤੇ ਦੋਵਾਂ ਜ਼ਖ਼ਮੀਆਂ ਦੀ ਉਮਰ 17 ਸਾਲ ਦੇ ਕਰੀਬ ਹੈ।
ਚਾਰੇ ਦੋਸਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੋਹਾੜਾ ਕਿਸੇ ਨੂੰ ਚਾਬੀ ਦੇਣ ਲਈ ਗਏ ਸਨ। ਵਾਪਸੀ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ। ਇਸ ਲਈ ਉਹ ਧੱਕਾ ਲਾਉਂਦੇ ਹੋਏ ਪੈਦਲ ਘਰ ਵੱਲ ਜਾ ਰਹੇ ਸਨ। ਜਿਉਂ ਹੀ ਉਹ ਜੰਡਿਆਲੀ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਮੁਹੰਮਦ ਹੁਸੈਨ ਤੇ ਸਾਹਿਲ ਹਵਾ ਵਿਚ ਕਲਾਬਾਜ਼ੀਆਂ ਖਾ ਕੇ ਕੰਧਾਂ ਵਿਚ ਵੱਜ ਕੇ ਬੁਰੀ ਤਰ੍ਹਾਂ ਹੇਠਾਂ ਡਿੱਗੇ। ਮੌਕੇ ’ਤੇ ਹੁਸੈਨ ਤੇ ਸਾਹਿਲ ਦੀ ਮੌਤ ਹੋ ਗਈ। ਪੁਲਿਸ ਨੇ ਹੁਸੈਨ ਦੇ ਪਿਤਾ ਅਲੀ ਦੀ ਸ਼ਿਕਾਇਤ ’ਤੇ ਫ਼ਰਾਰ ਅਨਸਰਾਂ ’ਤੇ ਕੇਸ ਦਰਜ ਕੀਤਾ ਹੈ। ਦੋਵਾਂ ਲਾਸ਼ਾਂ ਦੇ ਪੋਸਟਮਾਰਟਮ ਮਗਰੋਂ ਇਨ੍ਹਾਂ ਨੁੂੰ ਪਰਿਵਾਰ ਹਵਾਲੇ ਕੀਤਾ ਜਾਵੇਗਾ। ਤਫ਼ਤੀਸ਼ ਮੁਤਾਬਕ ਇਸ ਕਾਰ ਵਿਚ ਵਿਧਾਇਕ ਤਲਵਾੜ ਨਾਲ ਸਬੰਧਤ ਪ੍ਰਚਾਰ ਸਮੱਗਰੀ ਪਈ ਹੋਈ ਸੀ। ਇਹ ਕਾਰ ਕਾਂਗਰਸੀ ਕੌਂਸਲਰ ਉਮੇਸ਼ ਸ਼ਰਮਾ ਦੀ ਹੈ। ਲੋਕਾਂ ਮੁਤਾਬਕ ਹਾਦਸੇ ਵੇਲੇ ਉਮੇਸ਼ ਦਾ ਪੁੱਤਰ ਕਾਰ ਚਲਾ ਰਿਹਾ ਸੀ।
ਸਾਹਿਬ ਸਿੰਘ ਨੇ ਕਿਹਾ ਕਿ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਹਾਦਸੇ ਦੌਰਾਨ ਕਿਹੜਾ ਅਨਸਰ ਕਾਰ ਚਲਾ ਰਿਹਾ ਸੀ। ਇਹ ਪੱਕਾ ਹੈ ਕਿ ਕਾਰ ਉਮੇਸ਼ ਦੀ ਹੈ। ਉਧਰ ਉਮੇਸ਼ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਰਾਤ ਨੂੰ ਉਸ ਦੀ ਕਾਰ ਚੋਰੀ ਹੋ ਗਈ ਸੀ। ਇਸ ਸਬੰਧ ਵਿਚ ਉਹ ਥਾਣਾ ਮੋਤੀ ਨਗਰ ਵਿਚ ਸ਼ਿਕਾਇਤ ਦੇ ਚੁੱਕਾ ਹੈ।

Comment here