ਅਪਰਾਧਖਬਰਾਂਚਲੰਤ ਮਾਮਲੇ

ਕਾਂਗਰਸੀ ਲੀਡਰ ਕਤਲ ਦੀ ਗੈਂਗਸਟਰ ਅਰਸ਼ ਡੱਲਾ ਨੇ ਲਈ ਜ਼ਿੰਮੇਵਾਰੀ

ਮੋਗਾ-ਕਾਂਗਰਸੀ ਲੀਡਰ ਬਲਜਿੰਦਰ ਸਿੰਘ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਾਂਗਰਸੀ ਲੀਡਰ ਅਤੇ ਪਿੰਡ ਡਾਲਾ ਦੇ ਨਬੰਰਦਾਰ ਬਲਜਿੰਦਰ ਸਿੰਘ ਬੱਲੀ ਦਾ ਕਤਲ ਗੈਂਗਸਟਰਾਂ ਵੱਲੋਂ ਕੀਤਾ ਗਿਆ ਹੈ। ਇਸ ਕਤਲ ਤੋਂ ਕੁੱਝ ਦੇਰ ਬਾਅਦ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਨੇ ਲਈ ਹੈ। ਅਰਸ਼ ਡੱਲਾ ਵੱਲੋਂ ਫੇਸਬੁੱਕ ‘ਤੇ ਇੱਕ ਪੋਸਟ ਪਾ ਕੇ ਇਸ ਦਾ ਖੁਲਾਸਾ ਕੀਤਾ ਗਿਆ ਹੈ। ਗੈਂਗਸਟਰ ਅਰਸ਼ ਡੱਲਾ ਨੇ ਆਪਣੀ ਪੋਸਟ ‘ਚ ਆਪਣੇ ਗੈਂਗਸਟਰ ਬਣਨ ਪਿੱਛੇ ਬਲਜਿੰਦਰ ਸਿੰਘ ਬੱਲੀ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ। ਜਿਸ ਦਾ ਬਦਲਾ ਅੱਜ ਬਲਜਿੰਦਰ ਬੱਲੀ ਦਾ ਕਤਲ ਕਰਕੇ ਉਸ ਨੇ ਪੂਰਾ ਕੀਤਾ ਹੈ।
ਕਾਬਲੇਜ਼ਿਕਰ ਹੈ ਕਿ ਸ਼ਾਮੀ ਘਰ ‘ਚ ਵੜ ਕੇ ਹੀ ਕਾਂਗਰਸੀ ਲੀਡਰ ਦਾ ਕਤਲ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਨੌਜਵਾਨ ਫਾਰਮ ‘ਤੇ ਦਸਖ਼ਤ ਕਰਵਾਉਣ ਲਈ ਆਏ ਸਨ। ਜਿੰਨ੍ਹਾਂ ਨੇ ਬਹਾਨੇ ਨਾਲ ਬੱਲੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਲਜਿੰਦਰ ਸਿੰਘ ਕੁੱਝ ਸਮਝ ਪਾਉਂਦੇ ਇੰਨੀ ਦੇਰ ‘ਚ ਉਨ੍ਹਾਂ ‘ਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਕਾਰਨ ਉਹ ਇੱਕ ਵਾਰ ਹੇਠਾ ਡਿੱਗ ਕੇ ਖੜ੍ਹੇ ਜ਼ਰੂਰ ਹੋਏ ਪਰ ਫਿਰ ਇਕ ਦਮ ਹੇਠਾਂ ਡਿੱਗ ਗਏ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਇਸ ਘਟਨਾ ਦਾ ਪਤਾ ਲੱਗਦੇ ਹੀ ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ ਬਣ ਗਿਆ। ਜ਼ਖਮੀ ਹਾਲਤ ‘ਚ ਬਲਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਡਾਕਟਰਾਂ ਮੁਤਾਬਿਕ ਬੱਲੀ ਨੂੰ 2 ਤੋਂ ਜਿਆਦਾ ਗੋਲੀਆਂ ਮਾਰੀਆਂ ਗਈਆਂ ਨੇ। ਇਸੇ ਕਾਰਨ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਬਲਜਿੰਦਰ ਸਿੰਘ ਨੇ ਦਮ ਤੋੜ ਦਿੱਤਾ।
ਬੇਸ਼ੱਕ ਅਰਸ਼ ਡੱਲਾ ਵੱਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਕਾਂਗਰਸੀ ਲੀਡਰ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਪਰ ਹੁਣ ਇਹ ਪਤਾ ਨਹੀਂ ਲੱਗਿਆ ਕਿ ਕਤਲ ਕਰਨ ਵਾਲੇ ਕੌਣ ਸਨ, ਕਿੱਥੋਂ ਆਏ ਸਨ, ਕੀ ਪਹਿਲਾਂ ਬਲਜਿੰਦਰ ਸਿੰਘ ਦੀ ਰੇਕੀ ਕੀਤੀ ਗਈ ਸੀ। ਕਤਲ ਕਰਨ ਤੋਂ ਬਾਅਦ ਕਾਤਲ ਕਿਸ ਪਾਸੇ ਵੱਲ ਗਏ। ਕੀ ਕਾਤਲਾਂ ਨੂੰ ਕਿਸੇ ਨੇ ਦੇਖਿਆ। ਇਹ ਤਮਾਮ ਸਵਾਲਾਂ ਦੇ ਜਾਵਬ ਮਿਲਣੇ ਹਾਲੇ ਬਾਕੀ ਹਨ।
ਕਾਂਗਰਸੀ ਲੀਡਰ ਦੇ ਕਤਲ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਨਹਾਂ ਫੇਸਬੁੱਕ ‘ਤੇ ਪੋਸਟ ਪਾ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਗਿਆ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।ਰਾਜਾ ਵੜਿੰਗ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ਼ ਕੀਤੀ ਹੈ।

Comment here