ਸਿਆਸਤਖਬਰਾਂ

ਕਾਂਗਰਸੀ ਐਮ ਪੀ ਬਿੱਟੂ ਤੇ ਅਕਾਲੀ ਨੇਤਾ ਕਾਹਲੋਂ ਦੀ ਸੁਰੱਖਿਆ ਚ ਵਾਧਾ

ਲੁਧਿਆਣਾ-ਲੁਧਿਆਣਾ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਕੇਂਦਰ ਸਰਕਾਰ ਵਲੋਂ ਵਧਾ ਦਿੱਤੀ ਗਈ ਹੈ। ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਹੋਏ ਇਜਾਫੇ ਅਤੇ ਕਈ ਥਾਈਂ ਵਿਸਫੋਟਕ ਸਮੱਗਰੀ ਮਿਲਣ ਕਾਰਨ ਬਿੱਟੂ ਦੀ ਸੁਰੱਖਿਆ ਵਧਾਈ ਗਈ ਹੈ। ਹਾਲਾਂਕਿ ਬਿੱਟੂ ਪਹਿਲਾਂ ਹੀ ਸਖਤ ਸੁਰੱਖਿਆ ਘੇਰੇ ਵਿੱਚ ਰਹਿੰਦਾ ਹੈ ਪਰ ਹੁਣ ਇਸਨੂੰ ਵਧਾ ਦਿੱਤਾ ਗਿਆ ਹੈ। ਬਿੱਟੂ ਨੂੰ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਤੋਂ ਧਮਕੀਆਂ ਮਿਲ ਚੁੱਕੀਆਂ ਹਨ। ਹੁਣ ਰਵਨੀਤ ਬਿੱਟੂ ਦੇ ਨਾਲ 30 ਤੋਂ 35 ਕਮਾਂਡੋ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 70 ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ। ਬਿੱਟੂ ਦੇ ਨਾਲ ਨੌਂ ਵਾਹਨਾਂ ਦਾ ਕਾਫਲਾ ਚੱਲੇਗਾ। ਇਸ ਕਾਫਲੇ ਵਿੱਚ ਜੈਮਰ ਗੱਡੀ ਵੀ ਹੋਵੇਗੀ। ਬਿੱਟੂ ਪੰਜਾਬ ਦੇ ਤੀਜੇ ਵੀਆਈਪੀ ਹਨ ਜਿਨ੍ਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁਖ ਮੰਤਰੀ ਤੇ ਐਮ ਪੀ ਸੁਖਬੀਰ ਬਾਦਲ ਨੂੰ ਸੁਰੱਖਿਆ ਮਿਲੀ ਸੀ। ਪਿਛਲੇ ਦਿਨੀਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਦੌਰਾਨ ਬਿੱਟੂ ‘ਤੇ ਵੀ ਹਮਲਾ ਹੋਇਆ ਸੀ। ਇਸ ਤੋਂ ਇਲਾਵਾ, ਬਿੱਟੂ ਦੀ ਸੁਰੱਖਿਆ ਮਹੱਤਵਪੂਰਨ ਹੈ ਕਿਉਂਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਜਿਹਨਾਂ ਦੀ ਖਾਲਿਸਤਾਨੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ।

ਅਕਾਲੀ ਨੇਤਾ ਕਾਹਲੋਂ ਦੀ ਸੁਰੱਖਿਆ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਦੀ ਪੰਜਾਬ ਪੁਲਸ ਵਲੋਂ ਸੁਰੱਖਿਆ ਵਾਪਸ ਲੈ ਲਏ ਜਾਣ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਦੀ ਸੁਰੱਖਿਆ ਨਾ ਸਿਰਫ ਬਹਾਲ ਹੋ ਗਈ ਹੈ ਸਗੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸਮੀਖਿਆ ਉਪਰੰਤ ਹੁਣ ਰਵੀਕਰਨ ਸਿੰਘ ਕਾਹਲੋਂ ਨੂੰ ‘ਵਾਈ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਇਆ ਕਰਵਾ ਦਿੱਤੀ ਗਈ ਹੈ। ਰਵੀਕਰਨ ਸਿੰਘ ਕਾਹਲੋਂ  ਹਲਕਾ ਫਤਹਿਗੜ੍ਹ ਚੂੜੀਆਂ ਵਿੱਚ ਬਤੌਰ ਅਕਾਲੀ ਦਲ ਬਾਦਲ ਹਲਕਾ ਇੰਚਾਰਜ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ, ਜਿਸ ਦੇ ਚਲਦਿਆਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਹੋਈ ਸੀ ਪਰ ਪਿਛਲੇ ਸਾਲ ਦਸੰਬਰ ਮਹੀਨੇ ਪੁਲਸ ਦੇ ਉਚ ਅਧਿਕਾਰੀਆਂ ਨੇ ਇਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਮਿਲੀ ਸੁਰੱਖਿਆ ਵਾਪਸ ਲੈ ਲਈ ਸੀ। ਇਸ ਕਾਰਨ ਉਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪ੍ਰੈਲ ਮਹੀਨੇ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲੋਂ ਵੀ ਉਨ੍ਹਾਂ ਦੀ ਸੁਰੱਖਿਆ ਸਮੀਖਿਆ ਕਰਵਾਈ ਸੀ ਅਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਪੰਜਾਬ ਪੁਲਸ ਵਾਲੀ ਸੁਰੱਖਿਆ ਨੂੰ ਮੁੜ ਬਹਾਲ ਕਰਦੇ ਹੋਏ ਨਾਲ ਹੀ ਉਨ੍ਹਾਂ ਨੂੰ ‘ਵਾਈ ਪਲੱਸ’ ਕੈਟਾਗਰੀ ਵਿਚ ਸ਼ਾਮਿਲ ਕਰਕੇ ਸੀ.ਆਰ.ਪੀ.ਐਫ. ਦੀ ਸੁਰੱਖਿਆ ਵੀ ਉਪਲਬਧ ਕਰਵਾ ਦਿੱਤੀ ਹੈ।

Comment here