ਸਾਹਿਤਕ ਸੱਥਚਲੰਤ ਮਾਮਲੇਮਨੋਰੰਜਨ

ਕਹਾਣੀ : ਸਕੂਨ

ਗਿਆਨ ਚੰਦ ਦਾ ਪਿਤਾ ਮੋਹਣ ਲਾਲ ਸਰਕਾਰੀ ਤੌਰ ਤੇ ਇੱਕ ਜ਼ਲਾਦ ਵਜੋਂ ਕੰਮ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ, ਪਰਿਵਾਰ ਵਿੱਚ ਪੁੱਤਰ ਗਿਆਨ ਚੰਦ, ਤਿੰਨ ਛੋਟੀਆਂ ਧੀਆਂ ਅਤੇ ਪਤਨੀ ਮੋਹਣ ਲਾਲ ਉੱਪਰ ਹੀ ਨਿਰਭਰ ਸਨ। ਗਿਆਨ ਚੰਦ ਨੇ ਹਾਲੇ ਪੰਦਰਾਂ ਬਸੰਤ ਹੀ ਦੇਖੇ ਸਨ ਇੱਕ ਦਿਨ ਅਚਾਨਕ ਉਸਦੇ ਪਿਤਾ ਮੋਹਣ ਲਾਲ ਦੇ ਦਿਲ ਦੀ ਧੜਕਣ ਸਦਾ ਲਈ ਰੁੱਕ ਗਈ।
ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਗਿਆਨ ਚੰਦ ਦੀ ਨੋਵੀਂ ਜਮਾਤ ਦੀ ਪੜ੍ਹਾਈ ਵਿੱਚ ਹੀ ਛੁੱਟ ਗਈ ਸੀ , ਸਰਕਾਰ ਵੱਲੋਂ ਹੁਕਮ ਹੋਇਆ ਜਦੋਂ ਤੱਕ ਗਿਆਨ ਚੰਦ ਬਾਲਗ਼ ਨਹੀਂ ਹੋ ਜਾਂਦਾ ਪਿਤਾ ਦੀ ਥਾਂ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ, ਮੋਹਣ ਲਾਲ ਦੀ ਮੌਤ ਤੋਂ ਬਾਅਦ ਜੋ ਪੈਸੇ ਸਰਕਾਰ ਵੱਲੋਂ ਮਿਲੇ ਸਨ ਪਰਿਵਾਰ ਉਸ ਉਪਰ ਨਿਰਭਰ ਹੋ ਕੇ ਰਹਿ ਗਿਆ ਸੀ ਤੇ ਜਦੋਂ ਤੱਕ ਗਿਆਨ ਚੰਦ ਬਾਲਗ਼ ਹੋਇਆ ਉਹ ਪੈਸੇ ਵੀ ਖੂੰਜੇ ਲੱਗ ਗਏ ਸਨ, ਪਰਿਵਾਰ ਦਾ ਗੁਜ਼ਰ ਬਸ਼ਰ ਮੁਸ਼ਕਿਲ ਹੋ ਗਿਆ ਸੀ।
ਫੇਰ ਇੱਕ ਦਿਨ ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ ਇਕ ਪਿੰਡ ਵਾਸੀ ਤਾਈਂ ਗਿਆਨ ਚੰਦ ਦੀ ਮਾਂ ਨੇ ਪਹੁੰਚ ਕੀਤੀ, ਉਸ ਵੱਲੋਂ ਕੋਸ਼ਿਸ਼ ਕਰਨ ਤੇ ਗਿਆਨ ਚੰਦ ਨੂੰ ਪਿਤਾ ਦੀ ਥਾਂ ਤੇ ਜ਼ਲਾਦ ਦਾ ਕੰਮ ਕਰਨ ਲਈ ਸਰਕਾਰ ਵੱਲੋਂ ਆਰਡਰ ਹੋ ਗਿਆ ਸੀ, ਗਿਆਨ ਚੰਦ ਨਾ ਚਾਹੁੰਦੇ ਹੋਏ ਵੀ ਪਿਤਾ ਦੇ ਵਿਰਾਸਤੀ ਕੰਮ ਨੂੰ ਪਰਿਵਾਰ ਦੀ ਮਜਬੂਰੀ ਦੇਖ ਜ਼ਲਾਦ ਦੀ ਨੌਕਰੀ ਕਰਨ ਲੱਗਿਆ, ਭੁੱਖਾ ਮਰਦਾ ਕਰਦਾ ਵੀ ਕਿਉਂ ਨਾ? ਛੋਟੀਆਂ ਭੈਣਾਂ ਜਵਾਨ ਹੋ ਰਹੀਆਂ ਸਨ ਉਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਵਿਆਹ ਦੀ ਜ਼ਿੰਮੇਵਾਰੀ ਵੀ ਗਿਆਨ ਚੰਦ ਦੇ ਉੱਪਰ ਹੀ ਸੀ।
ਦਿਨ ਬੀਤਦੇ ਗਏ ਗਿਆਨ ਚੰਦ ਦੀਆਂ ਭੈਣਾਂ ਵਿਆਹ ਤੋਂ ਬਾਅਦ ਆਪੋ ਆਪਣੇ ਘਰ ਖੁਸ਼ ਸਨ, ਗਿਆਨ ਚੰਦ ਨੇ ਵਿਆਹ ਨਾ ਕਰਵਾਇਆ ਤੇ ਬੁੱਢੜੀ ਮਾਂ ਦੀ ਸੇਵਾ ਵਿੱਚ ਰੁੱਝਿਆ ਰਹਿੰਦਾ, ਜਦੋਂ ਕਦੇ ਕਿਸੇ ਨੂੰ ਫਾਂਸੀ ਦੀ ਸੁਣਾਈ ਜਾਂਦੀ ਤਾਂ ਗਿਆਨ ਚੰਦ ਦਾ ਮਨ ਬੜਾ ਦੁੱਖੀ ਹੁੰਦਾ ਸੀ, ਹੁਣ ਤਾਂ ਇਸ ਕੰਮ ਨੂੰ ਕਰਦਿਆਂ ਗਿਆਨ ਚੰਦ ਨੂੰ ਵੀਹ ਵਰ੍ਹੇ ਬੀਤ ਗਏ ਸਨ, ਇਹਨਾਂ ਵੀਹ ਵਰਿਆਂ ਵਿੱਚ ਗਿਆਨ ਚੰਦ ਦੇ ਹੱਥੋਂ ਜ਼ਲਾਦ ਵੱਜੋਂ ਤਿੰਨ ਮੁਜ਼ਰਿਮ ਸਰਕਾਰ ਦੇ ਹੁਕਮਾਂ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਪਰ ਹਰ ਵਾਰੀ ਗਿਆਨ ਚੰਦ ਜਦੋਂ ਮੁਜਰਿਮ ਦੇ ਗਲ ਵਿੱਚ ਫਾਂਸੀ ਦਾ ਰੱਸਾ ਪਾਉਂਦਾ ਤਾਂ ਗਿਆਨ ਚੰਦ ਦਾ ਮਨ ਵਿਚਲਤ ਹੋ ਜਾਂਦਾ ਸੀ, ਕਈ ਕਈ ਰਾਤਾਂ ਫਾਂਸੀ ਦੇ ਰੱਸੇ ਤੇ ਝੂਲਦੇ ਇਨਸਾਨ ਦੀ ਦੇਹ ਸੋਣ ਲੱਗਿਆਂ ਗਿਆਨ ਚੰਦ ਦੀਆਂ ਅੱਖਾਂ ਮੂਹਰੇ ਆਉਂਦੀ ਰਹਿੰਦੀ ਸੀ। ਪਰ ਅੱਜ ਜਦੋਂ ਸਰਕਾਰ ਦੇ ਹੁਕਮਾਂ ਤੇ ਇੱਕ ਦਰਿੰਦੇ (ਜਿਸ ਨੇ ਇੱਕ ਨਾਬਾਲਗ ਲੜਕੀ ਨੂੰ ਹਵਸ਼ ਦਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ) ਨੂੰ ਗਿਆਨ ਚੰਦ ਦੇ ਹੱਥੋਂ ਫਾਂਸੀ ਦਿੱਤੀ ਗਈ ਤਾਂ ਗਿਆਨ ਚੰਦ ਦੇ ਮਨ ਨੂੰ ਬੜਾ ਸਕੂਨ ਮਿਲਿਆ।
ਗਿਆਨ ਚੰਦ ਡਿਊਟੀ ਪੂਰੀ ਕਰ ਜਦੋਂ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਇੱਕ ਹਲਵਾਈ ਦੀ ਦੁਕਾਨ ਤੋਂ ਲੱਡੂ ਲੈ ਲਏ ਤੇ ਸੋਚਿਆ ਅੱਜ ਮਾਂ ਦਾ ਇਹਨਾਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਵਾਂਗਾ। ਗਿਆਨ ਚੰਦ ਜਦੋਂ ਘਰ ਬਹੁੜਿਆ ਤਾਂ ਗਿਆਨ ਚੰਦ ਦੇ ਚਿਹਰੇ ਤੇ ਰੌਣਕ ਝਲਕਦੀ ਦੇਖ ਮਾਂ ਨੇ ਸਵਾਲ ਕੀਤਾ , ਅੱਜ ਬੜਾ ਖੁਸ਼ ਹੈਂ ਪੁੱਤਰ …ਕੀ ਲੱਭ ਗਿਆ ਤੈਨੂੰ..?
ਗਿਆਨ ਚੰਦ ਲੱਡੂਆਂ ਦਾ ਡੱਬਾ ਖੋਲ੍ਹ ਕੇ ਇੱਕ ਲੱਡੂ ਮਾਂ ਦੇ ਮੂੰਹ ਨੂੰ ਛੂਹਾਦਿਆਂ ਬੋਲਿਆ… ਮਾਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ… ਮੈਂ ਅੱਜ ਇੱਕ ਹਵਸੀ ਦਰਿੰਦੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਿਸ ਨੇ ਇੱਕ ਬੱਚੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿੱਤਾ ਸੀ…
ਅੱਜ ਮੇਰੇ ਮਨ ਨੂੰ ਏਨਾ ਸਕੂਨ ਨਸੀਬ ਹੋਇਆ ਹੈ ਕਿ ਮੈਂ ਅੱਜ ਤੋਂ ਪਹਿਲਾਂ ਦੇ ਸਜ਼ਾ ਜ਼ਾਬਤਾ ਮੁਜਰਿਮਾਂ ਦੀਆਂ ਮੋਤਾਂ ਨੂੰ ਭੁੱਲ ਗਿਆ ਹਾਂ ਭਾਵੇਂ ਕਿ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੁਜਰਿਮ ਸਨ।
ਮੈਂ ਅੱਜ ਤੋਂ ਬਾਅਦ ਜ਼ਲਾਦ ਦੀ ਇਹ ਨੌਕਰੀ ਛੱਡ ਦੇਵਾਂਗਾ… ਹੁਣ ਮੇਰੀਆਂ ਭੈਣਾਂ ਆਪਣੇ ਆਪਣੇ ਘਰਾਂ ਵਿੱਚ ਖੁਸ਼ੀਆਂ ਮਾਣ ਰਹੀਆਂ ਹਨ…ਮੈਨੂੰ ਜ਼ਲਾਦ ਦੀ ਨੌਕਰੀ ਛੱਡਣ ਤੋਂ ਬਾਅਦ ਜੋ ਪੈਸੇ ਮਿਲਣ ਗੇ ਆਪਣੀ ਦੋਹਾਂ ਦੀ ਜ਼ਿੰਦਗੀ ਆਰਾਮ ਨਾਲ ਨਿਕਲ ਜਾਵੇਗੀ।
ਅੱਜ ਗਿਆਨ ਚੰਦ ਨੂੰ ਸਕੂਨ ਵਿੱਚ ਦੇਖ ਮਾਂ ਪੁੱਤਰ ਦੇ ਇਸ ਫ਼ੈਸਲੇ ਤੋਂ ਬਹੁਤ ਖੁਸ਼ ਸੀ। ਗਿਆਨ ਚੰਦ ਰਾਤ ਦੀ ਰੋਟੀ ਖਾ ਕੇ ਜਦੋਂ ਮੰਜੇ ਤੇ ਲੇਟਿਆ ਤਾਂ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ, ਪੋਹ ਫੱਟਦੇ ਹੀ ਅੰਮ੍ਰਿਤ ਵੇਲੇ ਗਿਆਨ ਚੰਦ ਦੀ ਅੱਖ ਖੁੱਲ੍ਹ ਗਈ ਤੇ ਗਿਆਨ ਚੰਦ ਇਸ਼ਨਾਨ ਕਰ ਕੇ ਸਿੱਧਾ ਘਰ ਤੋਂ ਥੋੜ੍ਹੀ ਦੂਰ ਮੰਦਿਰ ਦੀ ਡਿਊੜੀ ਤੇ ਪਹੁੰਚਿਆ ਤੇ ਭਗਵਾਨ ਅੱਗੇ ਦੁਨੀਆਂ ਦੀਆਂ ਧੀਆਂ ਲਈ ਅਰਦਾਸ ਕਰ ਰਿਹਾ ਸੀ….

-ਨਿਰਮਲ ਸਿੰਘ ਨਿੰਮਾ

Comment here