ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਕਹਾਣੀ : ਮੋਹ ਦੀ ਮੌਤ!

ਸਿਆਲ ਦੀ ਨਿੱਘੀ ਧੁੱਪ ਸੇਕਣ ਲਈ ਹਿੰਮਤ ਸਿੰਘ ਕੰਧ ਨਾਲ ਕੁਰਸੀ ਡਾਹੀ ਬੈਠਾ ਸੀ। ਪੱਤਝੜ ਰੁੱਤ ਨੇ ਵਿਹੜੇ ਵਿੱਚਲੇ ਰੁੱਖ ਨੂੰ ਰੋਡਾ ਕੀਤਾ ਪਿਆ ਸੀ। ਹਵਾ ਦੇ ਬੁਲ੍ਹੇ ਝੜ੍ਹੇ ਹੋਏ ਪੱਤਿਆਂ ਵਿੱਚ ਘੁੰਮਣ ਘੇਰੀਆ ਪਾ ਰਹੇ ਸਨ। ਦਰੱਖਤ ਦੀਆਂ ਟਾਹ੍ਹਣੀਆਂ ਵਿੱਚਕਾਰ ਫਸਿਆ ਆਲ੍ਹਣਾਂ ਵਿਹੜੇ ਵਿੱਚ ਆ ਡਿੱਗਿਆ। ਸਿਆਣੇ ਕਹਿੰਦੇ ਨੇ ਮਨ ਵਿੱਚ ਕੀ ਏ, ਚਿਹਰੇ ਤੋਂ ਪੜ੍ਹ ਲਵੋ, ਦਿੱਲ ’ਚ ਕੀ ਏ, ਅੱਖਾਂ ਦੱਸ ਦਿੰਦੀਆਂ ਹਨ।
ਹਿੰਮਤ ਸਿੰਘ ਦੀਆਂ ਥੱਕੀਆਂ ਅੱਖਾਂ ਆਲ੍ਹਣੇ ਵੱਲ ਇੱਕ ਟੱਕ ਵੇਖ ਰਹੀਆਂ ਸਨ। ਇੱਟਾਂ ਸੀਮਿੰਟ ਨਾਲ ਮਕਾਨ ਤਾਂ ਬਣ ਸਕਦਾ ਹੈ, ਪਰ ਘਰ ਬੱਚਿਆਂ ਨਾਲ ਬਣਦਾ ਹੈ। ਕਦੇ ਇਸ ਚਹਿਕਦੇ ਮਹਿਕਦੇ ਘਰ ਵਿੱਚ ਰੌਣਕ ਲੱਗੀ ਹੁੰਦੀ ਸੀ। ਚਾਰੇ ਪਾਸੇ ਖੁਸ਼ੀਆਂ ਦਾ ਖੇੜ੍ਹਾ ਸੀ। ਪਰ ਬੁਰਾ ਵਕਤ ਬੰਦ ਦਰਵਾਜ਼ੇ ਰਾਂਹੀ ਵੀ ਆ ਜਾਦਾਂ ਹੈ। ਆਈਲਿੱਟਸ ਕੋਰਸ ਕਰਕੇ ਵਿਦੇਸ਼ ਜਾਣ ਦੀ ਹਵਾ, ਪਿੰਡ-ਪਿੰਡ ਵਗ ਰਹੀ ਸੀ। ਵੱਡੇ ਵੱਡੇ ਇਸ਼ਤਿਹਾਰ ਸ਼ਹਿਰਾਂ ਦੇ ਚੌਕਾਂ ਵਿੱਚ ਅਤੇ ਖੇਤਾਂ ਦੀਆਂ ਮੋਟਰਾਂ ਦੇ ਕੋਠਿਆਂ ਤੇ ਵੀ ਲੱਗੇ ਹੋਏ ਸਨ। ਵਿਦੇਸ਼ ਜਾਣ ਲਈ ਸੁੰਨਹਿਰੀ ਮੌਕੇ ਵਾਲੀ ਹਵਾ ਹਿੰਮਤ ਸਿੰਘ ਦੇ ਬੂਹੇ ਵੀ ਆਣ ਵੜ੍ਹੀ ਸੀ। ਬਾਹਰ ਜਾਣ ਦਾ ਭੂੰਤ ਜਿਸ ਦੇ ਸਿਰ ਚ੍ਹੜ ਜਾਵੇ ਉਤਰਨਾ ਮੁਮਕਨ ਹੀ ਨਹੀ ਨਾ ਮੁਮਕਨ ਹੁੰਦਾ ਹੈ। ਬਾਪ ਦੇ ਲੱਖ ਸਮਝਾਉਣ ਤੇ ‘ਗੇਲੇ’ ਨੇ ਆਈਲਿੱਟਸ ਵਿੱਚ ਦਾਖਲਾ ਲੈ ਲਿਆ ਸੀ। ਕੁਝ ਮਹੀਨਿਆਂ ਵਿੱਚ ਪੂਰੇ ਬੈਂਡ ਲੈਕੇ ਯੌਰਪ ਚਲਿਆ ਗਿਆ। ਘਰ ਵਿੱਚ ਮਾਂ-ਪਿਉ ਕੰਧਾਂ ਨਾਲ ਗੱਲਾਂ ਕਰਨ ਯੋਗੇ ਰਹਿ ਗਏ ਸਨ। ਪੁੱਤ ਦੇ ਵਿਦੇਸ਼ ਜਾਣ ਤੋਂ ਬਾਅਦ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਦਾ ਆਲਮ ਛਾਇਆ ਰਹਿੰਦਾ। ਉਹਨਾਂ ਨੂੰ ਵੱਧਦੀ ਉਮਰ ਦੇ ਨਾਲ ਇੱਕਲਤਾ ਦਾ ਅਹਿਸਾਸ ਵੀ ਹੋਣ ਲੱਗ ਪਿਆ ਸੀ। ਪਛਤਾਵੇ ਨਾਲ ਕਦੇ ਬੀਤਿਆ ਵਕਤ ਨਹੀ ਬਦਲਿਆ ਜਾਦਾਂ। ‘ਗੇਲਾ’ ਹਫਤੇ ਵਿੱਚ ਇੱਕ ਦੋ ਵਾਰ ਫੋਨ ਕਰਕੇ ਮਾਂ-ਪਿਉ ਦੀ ਸੁਖਸਾਂਦ ਪੁੱਛ ਲੈਂਦਾ।
ਜਿਉਂ-ਜਿਉਂ ਸਮਾਂ ਵੱਧਦਾ ਗਿਆ, ਨਾਲ-ਨਾਲ ਦੂਰੀਆਂ ਵੀ ਵੱਧਣੀਆਂ ਸ਼ੁਰੂ ਹੋ ਗਈਆਂ ਸਨ। ’ਗੇਲੇ’ ਨੇ ਯੌਰਪ ਵਿੱਚ ਗੋਰੀ ਨਾਲ ਸ਼ਾਦੀ ਕਰਕੇ ਉਥੋਂ ਦੀ ਇੰਮੀਗ੍ਰੇਸ਼ਨ ਲੈ ਲਈ। ਪੜ੍ਹਾਈ ਕਰਦੇ ਸਮੇਂ ਗੋਰੀ ਦੀ ਮੱਦਦ ਨਾਲ ਕੰਮ ਵੀ ਮਿਲ ਗਿਆ ਸੀ। ਪੰਜਾਬੀ ਕਹਾਵਤ ਹੈ ‘‘ਜੈਸੀ ਬੈਠਕ ਵੈਸੀ ਸੋਬਤ’’ ਵਾਂਗ ‘ਗੇਲਾ’ ਵਿਦੇਸ਼ੀ ਲੋਕਾਂ ਵਿੱਚ ਰਹਿ ਕੇ ਅੱਧਾ ਅਗ਼ਰੇਜ਼ ਬਣ ਗਿਆ ਸੀ। ਉਸ ਦੀਆਂ ਮਾਪਿਆਂ ਪ੍ਰਤੀ ਮੋਹ ਦੀਆਂ ਤੰਦਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਸਨ। ਉਸ ਦਾ ਫੋਨ ਹੁਣ ਮਹੀਨੇ ’ਚ ਇੱਕ ਦੋ ਵਾਰ ਮਸਾਂ ਆਉਦਾ। ਕਹਿੰਦੇ ਨੇ ਜਦੋਂ ਬੱਚੇ ਛੋਟੇ ਹੁੰਦੇ ਨੇ ਸਿਰ ਦੁਖਾਂਦੇ ਨੇ ਵੱਡੇ ਹੋਏ ਦਿੱਲ, ਇਸ ਦੁਖੀ ਹਿੱਰਦੇ ਨਾਲ ਹਿਮੰਤ ਸਿੰਘ ਨੇ ਪੁੱਤਰ ਨੂੰ ਮਿਲਣ ਦੀ ਕਈ ਵਾਰ ਇੱਛਾ ਜਾਹਰ ਕੀਤੀ ਸੀ। ਉਹ ਆਪਣੀਆਂ ਮਜ਼ਬੂਰੀਆਂ ਦੱਸ ਕੇ ਅਗਲੇ ਸਾਲ ਆਉਣ ਦਾ ਲਾਰਾ ਲਾ ਛੱਡਦਾ। ‘‘ਪੁੱਤ ਤਾਂ ਕਪੁੱਤ ਹੋ ਸਕਦੇ ਨੇ, ਪਰ ਮਾਪੇ ਕੁਮਾਪੇ ਨਹੀ’’। ਪੁੱਤ ਨੂੰ ਮਿਲਣ ਦਾ ਝੋਰਾ ਮਾਪਿਆਂ ਦੇ ਹੱਡਾਂ ਨੂੰ ਖਾ ਰਿਹਾ ਸੀ। ‘ਗੇਲੇ’ ਦਾ ਮੂੰਹ ਵੇਖਣ ਲਈ ਤਰਸਦੀ ਕਰਤਾਰ ਕੌਰ ਨੂੰ ਬੀਮਾਰੀਆਂ ਨੇ ਘੇਰ ਲਿਆ। ਹਿੰਮਤ ਸਿੰਘ ਸ਼ੂਗਰ ਤੇ ਬਲੱਡ ਪ੍ਰੇਸ਼ਰ ਦਾ ਮਰੀਜ਼ ਬਣ ਗਿਆ ਸੀ। ਕਿਸੇ ਨੇ ਸੱਚ ਕਿਹਾ ਹੈ, ‘‘ਮਾਪੇ ਇਤਨੇ ਕਮਜ਼ੋਰ ਨਹੀ ਹੁੰਦੇ,ਪਰ ਓੁਲਾਦ ਦਾ ਵਤੀਰਾ ਉਹਨਾਂ ਨੂੰ ਕਮਜ਼ੋਰ ਕਰ ਦਿੰਦਾ ਹੈ’’। ਜਿਸ ਨਾਲ ਚੰਗੀ ਸਿਹਤ ਤੇ ਖੁਸ਼ੀਆਂ ਗੁੰਮ ਹੋ ਜਾਂਦੀਆਂ ਹਨ।
ਜਿਵੇਂ ਬੁਢਾਪੇ ਤੇ ਮੌਤ ਤੋਂ ਕੋਈ ਨਹੀ ਬਚ ਸਕਿਆ। ਅਜਿਹੀ ਹੀ ਇੱਕ ਕਾਲੀ ਰਾਤ ਆਈ ਕਰਤਾਰ ਕੌਰ ਦੇ ਆਖਰੀ ਸਾਹ ਨਾਲ ਲੈ ਗਈ। ਜਿਸ ਨੂੰ ਡਾਕਟਰਾਂ ਨੇ ਹਾਰਟ ਅਟੈਕ ਦਾ ਨਾਮ ਦੇ ਦਿੱਤਾ ਸੀ। ਮਾਂ ਦੀ ਮੌਤ ਦੀ ਖਬਰ ‘ਗੇਲੇ’ ਨੂੰ ਵੀ ਦੇ ਦਿੱਤੀ ਗਈ। ਉੱਜੜੇ ਰੁੱਖ ਵਰਗਾ ਪ੍ਰਦੇਸੀ ਮਾਂ ਦੇ ਭੋਗ ਤੇ ਮਸਾਂ ਹੀ ਪਹੁੰਚ ਸਕਿਆ।
ਯੌਰਪ ਦੀ ਮਸ਼ੀਨੀ ਜਿੰਦਗੀ ਨੇ ਬਹੁਤੀ ਦੇਰ ‘ਗੇਲੇ’ ਨੂੰ ਪਿਉ ਕੋਲ ਰੁਕਣ ਨਾਂ ਦਿੱਤਾ। ਮੈ ਤਹਾਨੂੰ ਜਲਦੀ ਹੀ ਬੁਲਾ ਲਾਵਾਗਾ, ਦਿਲਾਸਿਆਂ ਭਰੀਆਂ ਉਮੀਦਾਂ ਦੇ ਕੇ ਵਾਪਸ ਚਲਿਆ ਗਿਆ। ‘‘ਜਦੋਂ ਆਪਣੇ-ਆਪਣੇ ਨਾ ਹੋਣ ਫਿਰ ਬੈਗਾਨਿਆਂ ਤੋਂ ਕਾਹਦੀ ਆਸ’’! ਤੇਜ਼ ਹਵਾ ਦਾ ਬੁੱਲ੍ਹਾ ਆਇਆ ਵਿੱਖਰੇ ਪਏ ਆਲ੍ਹਣੇ ਨੂੰ ਧੱਕ ਕੇ ਕੁਰਸੀ ਕੋਲ ਲੈ ਆਇਆ, ਜਿਥੇ ਹਿੰਮਤ ਸਿੰਘ ਹਿਮੰਤਹਾਰੀ ਬੈਠਾ ਸੀ। ਉਹ ਆਲ੍ਹਣੇ ਵੱਲ ਵੇਖ ਕੇ ਆਪ ਮੁਹਾਰੇ ਹੀ ਗੱਲਾਂ ਕਰਨ ਲੱਗ ਪਿਆ। ‘‘ਆਲ੍ਹਣਾ, ਤੂੰ ਵੀ ਬਣਾਇਆ, ਆਲ੍ਹਣਾ ਮੈਂ ਵੀ ਬਣਾਇਆ’’, ‘‘ਤੂੰ ਡੱਕੇ ਤੋੜ ਤੋੜ ਕੇ,ਮੈਂ ਪੈਸਾ ਜੋੜ ਜੋੜ ਕੇ।’’ ‘‘ਖੂਸ਼ੀ ਤੈਨੂੰ ਵੀ ਹੋਈ ਹੋਵੇਗੀ, ਖੂਸ਼ੀ ਮੈਨੂੰ ਵੀ ਵੜ੍ਹੀ ਸੀ।’’ ‘‘ਬੱਚੇ ਤੇਰੇ ਵੀ ਇਸ ਆਲ੍ਹਣੇ ਵਿੱਚ ਪਲੇ, ਤੇ ਮੇਰੇ ਵੀ ਬੱਚੇ ਇਥੇ ਹੀ ਵੱਡੇ ਹੋਏ।’’ ‘‘ਤੇਰਿਆਂ ਦੇ ਖੰਭ ਫੁੱਟੇ ਉਡਾਰੀ ਮਾਰ ਗਏ, ਮੇਰੇ ਦੇ ਮੁੱਛਾਂ ਫੁੱਟੀਆਂ ਘਰ ਛੱਡ ਕੇ ਚਲਿਆ ਗਿਆ।’’ ‘‘ਤੇਰੇ ਗੲੈ ਸ਼ਾਇਦ ਨਾ ਆਉਣ, ਪਰ ਮੈਨੂੰ ਆਸ ਏ ਉਹ ਜਰੂਰ ਆਉਗਾ।’’ ‘‘ਮਿਲਣ ਨਹੀ”, ‘‘ਇਟਾਂ ਨੂੰ ਗਿਣਨ’’, ‘‘ਗਜ਼ਾਂ ਵਿੱਚ ਧਰਤੀ ਦੀ ਕੀਮਤ ਪਾਉਣ’’। ‘‘ਪਰ ਇਹ ਪੱਥਰ ਦਾ ਆਲ੍ਹਣਾ ਢਹਿ ਚੁੱਕਿਆ ਹੋਵੇਗਾ’’। ‘‘ਪਿੰਡ ਵਿੱਚ ਜਿੰਨੇ ਮੂੰਹ ਓਹਨੀਆਂ ਗੱਲਾਂ ਕਰਨਗੇ, ਖੂਹ ਤਾਂ ਬੰਦ ਹੋ ਸਕਦਾ ਪਰ ਲੋਕਾਂ ਦਾ ਮੂੰਹ ਨਹੀ’’। ‘‘ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ’’।
ਉਹ ਯਾਦਾਂ ਵਾਲੀ ਸੋਚਾਂ ਦੀ ਲੜ੍ਹੀ ਵਿੱਚ ਪਰੋਇਆ ਕੁਰਸੀ ਦੇ ਇੱਕ ਪਾਸੇ ਵੱਲ ਨੂੰ ਲੁੱਟਕ ਗਿਆ। ਤੇਜ਼ ਹਨ੍ਹੇਰੀ ਆਈ ਕੋਲ ਪਏ ਆਲ੍ਹਣੇ ਨੂੰ ਖੈਰੂੰ ਖੈਰੂੰ ਕਰਕੇ ਚਲੀ ਗਈ। ਘਰ ਦੇ ਖੁਲ੍ਹੇ ਦਰਵਾਜ਼ੇ ਠਾਹ੍ਹ ਕਰਦੇ ਬੰਦ ਹੋ ਗਏ। ਬਨ੍ਹੇਰੇ ਤੇ ਰੱਖਿਆ ਕਾਲਾ ਨਜ਼ਰਵੱਟੂ ਥੱਲੇ ਡਿੱਗ ਕੇ ਟੁੱਕੜੇ ਟੁੱਕੜੇ ਹੋ ਗਿਆ ਸੀ।

-ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ)

Comment here