ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਕਹਾਣੀ : ਮੈਂ ਵੀ ਬਣ ਗਈ ਮਾਂ ਨੀ ਮਾਏ

ਅਜੀਤ ਸਤਨਾਮ ਕੌਰ
ਹੌਲੀ-ਹੌਲੀ ਪਹੁ ਫ਼ਟ ਰਹੀ ਸੀ, ਕਮਰੇ ਵਿੱਚ ਪ੍ਰਭਾਤੀ ਹਨ੍ਹੇਰਾ ਸੀ। ਪੋਲੇ ਜਿਹਾ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਮੈਂ ਸਿਰ ਚੁੱਕ ਕੇ ਅੱਧੀਆਂ ਅੱਖਾਂ ਖੋਲੀਆਂ। ਮੇਰਾ ਛੋਟਾ ਬੇਟਾ ਮੇਰੇ ਕਮਰੇ ਵਿੱਚ ਦੱਬੇ ਕਦਮਾਂ ਨਾਲ ਵੜਿਆ ਅਤੇ ਹੌਲੀ ਜਿਹੀ ਮੇਰੀ ਰਜਾਈ ‘ਚ ਵੜ ਮੈਨੂੰ ਮਮਤਾ ਭਰੇ ਜੱਫੇ ਵਿੱਚ ਲੈ ਕੇਬੋਲਿਆ…
‘‘ਜਨਮ ਦਿਨ ਮੁਬਾਰਕ ਹੋਵੇ ਮਾਤਾ ਰਾਣੀ ਨੂੰ…ਪ੍ਰਮਾਤਮਾ ਤੁਹਾਨੂੰ ਚੰਗੀ ਸੇਹਤ ਦੇਵੇ, ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਜੋ ਵੀ ਤੁਸੀਂ ਚਾਹੁੰਦੇ ਹੋ, ਓਹ ਸਭ ਕੁਝ ਤੁਹਾਨੂੰ ਰੱਬ ਬਖਸ਼ੇ…!” ਮੈਨੂੰ ਆਪਣੇ ਜੱਫੇ ਵਿੱਚ ਲੈ ਕੇ ਹੌਲੀ-ਹੌਲੀ ਮੇਰੇ ਸਿਰ ਨੂੰ ਪਲੋਸਦੇ ਹੋਏ ਮੇਰਾ ਬੇਟਾ ਜਸ਼ਨ ਦੁਆਵਾਂ ਦੇ ਰਿਹਾ ਸੀ ਅਤੇ ਮੈਂ ਇਕ ਜੁਆਕ ਵਾਂਗ ਮਹਿਸੂਸ ਕਰ ਰਹੀ ਸੀ। ਭਾਰੀ ਮਨ ਨਾਲ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੇਰੇ ਵੱਡੇ ਬੇਟੇ ਨੇ ਮੈਨੂੰ ਜੱਫੇ ਵਿੱਚ ਲੈਂਦਿਆਂ ਕਿਹਾ, ‘‘ਮਾਤਾ ਹੋਰ ਕਿੰਨਾ ਕੁ ਵੱਡਾ ਹੋਣਾ, ਹੁਣ ‘ਬੈਕ ਗੇਹਰ’ ਪਾ ਲਵੋ!” ਐਂਡਰੀਆ ਸਾਡੇ ਪ੍ਰੀਵਾਰ ਵਾਂਗ ਹੀ ਹੋ ਗਈ ਹੈ,ਉਸਨੇ ਵੀ ਸਾਡੇ ਜੱਫੇ ਉੱਤੇ ਆਪਣੀਆਂ ਬਾਹਾਂ ਦਾ ਘੇਰਾ ਬਣਾਂ ਲਿਆ ਅਤੇ ਮੇਰੇ ਲਈ ਦੁਆਵਾਂ ਦੀ ਝੜੀ ਲਾ ਦਿੱਤੀ।
ਮੇਰੀਆਂ ਅੱਖਾਂ ਵਿੱਚ ਹੰਝੂ ਸੀ ਅਤੇ ਮਨ ਅਵਾਜ਼ਾਰ ਸੀ, ਹਜੇ ਕੱਲ੍ਹ ਹੀ ਤਾਂ ਮੇਰੀ ਮਾਂ ਦੀ ਜੀਵਨ ਲੀਲਾ ‘ਸਮਾਪਤ’ ਹੋਈ ਸੀ, ..ਤੇ ਅੱਜ ਮੇਰਾ……!
‘‘ਗੋਦ ਵਿੱਚ ਤੇਰੇ ਪਲ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏ
ਬੀਤਿਆ ਬਚਪਨ, ਹੋਈ ਪਰਾਈ
ਹੁਣ ਮੈਂ ਵੀ ਬਣ ਗਈਂ ਮਾਂ ਨੀ ਮਾਏ….!!”
…..‘‘ਲੈ ਬੇਬੂ, ਮਾਂ ਦੇ ਆਖਰੀ ਦਰਸ਼ਣ ਕਰ ਲੈ!” ਕੀਰਤਪੁਰ ਸਾਹਿਬ ਤੋਂ ਮੇਰੀ ਭੈਣ ਦਾ ਵੀਡੀਓ ਕੋਲ ਸੀ। ਮੇਰੇ ਭਰਾ ਨੇ ਹੱਥ ਵਿੱਚ ਫੜੀ ਲਾਲ ਗੁੱਥੀ ਦਾ ਮੂੰਹ ਖੋਲ੍ਹ ਕੇ ਮਾਂ ਦੀਆਂ ਅਸਥੀਆਂ ਦੇ ਦਰਸ਼ਣ ਕਰਵਾਏ। ਦਿਲ ਦਹਿਲ ਗਿਆ…ਅਸੀਂ ਸਾਰਿਆਂ ਨੇ ਜਾਰ-ਜਾਰ ਰੋਂਦਿਆਂਹੋਇਆਂ ਅੱਖਾਂ ਅਤੇ ਭਾਰੀ ਮਨ ਨਾਲ ਮਾਂ ਦੇ ਫੁੱਲਾਂ ਨੂੰ ਕੀਰਤਪੁਰ ਸਾਹਿਬ ਦੇ ਪਵਿੱਤਰ ਜਲ ਵਿੱਚ ਪ੍ਰਵਾਹ ਕੀਤਾ। ਅੱਜ ਪਹਿਲੀ ਵਾਰ ਮੈਨੂੰ ਗੁਰਬਾਣੀ ਦੀ ਇਸ ਪੰਕਤੀ ਦਾ ਅਰਥ ਸਮਝ ਆਇਆ…‘‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥”
ਪਿਛਲੇ ਸਾਲ ਦੀ ਹੀ ਤਾਂ ਗੱਲ ਹੈ, ਮੇਰੀ ਭੈਣਜੀ ਨੇ ਦੱਸਿਆ ਕਿ ਮਾਂ ਦੀ ਸਿਹਤਠੀਕ ਨਹੀਂ ਰਹਿੰਦੀ, ਤੂੰ ਆ ਕੇ ਮਿਲ ਜਾ। ਕਰੋਨਾ ਬਿਮਾਰੀ ਦਾ ਬਹੁਤ ਬੋਲ-ਬਾਲਾ ਅਤੇ ਦਹਿਸ਼ਤ ਸੀ।ਪਰ ਕਾਫ਼ੀ ਮੁਸੱ ਤੋਂ ਬਾਅਦ ਮੈਂ ਇੰਡੀਆ ਜਾਣ ‘ਚ ਕਾਮਯਾਬ ਹੋ ਗਈ। ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਮੈਂ ਪੂਰਾ ਸਾਲ ਮਾਂ ਕੋਲ ਰਹੀ। ਜਦੋਂ ਧੀਆਂ ਆਪਣੇ ਘਰ ਵਾਲੀਆਂ ਹੋ ਜਾਂਦੀਆਂ ਨੇ ਤਾਂ ਨਵੇਂ ਪ੍ਰੀਵਾਰ ਨੂੰ ਸਿਰਜਣ ਵਿੱਚ ਇੰਜ ਰੁੱਝ ਜਾਂਦੀਆਂ ਨੇ ਕਿ ਆਪਣੇ ਹੀ ਪੇਕਿਆਂ ਨੂੰ ਸਮਾਂ ਦੇਣਾਂ ਬਹੁਤ ਔਖਾ ਹੋ ਜਾਂਦਾ ਹੈ। ਪ੍ਰਦੇਸਾਂ ਦੀਆਂ ਮਜਬੂਰੀਆਂ ਵਿੱਚ ਜਕੜੀ ਆਪਣੇ ਪਾਪਾ ਜੀ ਨੂੰ ਜਿਉਂਦੇ ਜੀਅ ਨਾ ਮਿਲ ਸਕਣ ਦਾ ਦਰਦ ਇਤਨੇ ਸਾਲਾਂ ਬਾਅਦ ਵੀ ਮੇਰੇ ਅੰਦਰਅਜੇ ਵੀਗ਼ਮ ਬਣ ਰਿਸਦਾ ਰਹਿੰਦਾ ਹੈ…..
‘‘….ਪੁੱਤ ਸਾਰਾ ਸਮਾਨ ਚੈੱਕ ਕਰ ਲੈ, ਪਹਿਲੀ ਵਾਰੀ ਜਹਾਜ ‘ਤੇ ਜਾਣਾਂ, ਪੰਜਾਬ ਥੋੜ੍ਹੋ ਚੱਲੀ ਏਂਕਿ ਕੋਈ ਫ਼ੇਰ ਫੜਾ ਆਊਗਾ..!” ਪਾਪਾ ਜੀ ਨੇਆਪਣੇ ਕੁਰਲਾਂਦੇ ਜਜ਼ਬਾਤਾਂ ਨੂੰ ਲਕੋਂਦੇ ਹੋਏ ਕਿਹਾ।ਅੰਦਰੋ ਉਨ੍ਹਾਂ ਨੂੰ ਵੀ ਪਤਾ ਸੀ ਕਿ ਆਹ ‘ਵਿਛੋੜਾ’ ਲੰਮਾ ਹੋਉਗਾ। ਮੈਂ ਦੋਹੇ ਬਾਹਾਂ ਦਾ ਜੱਫਾ ਆਪਣੇ ਪਿਉ ਨੂੰ ਪਾਉਂਦਿਆਂ ਕਿਹਾ, ‘‘ਅਰੇ! ਜਲਦੀ ਤੁਹਾਨੂੰ ਬੁਲਾਵਾਂਗੇ ਬਾਕੀ ਸਮਾਨ ਤੁਸੀਂ ਲੈ ਆਇਉ..!”
‘‘..ਪਹਿਲਾਂ ਤਾਂ ਤੂੰ ‘ਪ੍ਰਦੇਸਣ’ ਸੀ ਧੀਏ, ਆ ਕੇ ਮਿਲ ਜਾਂਦੀੰ ਸੀ..ਹੁਣ ਤਾਂ ‘ਵਿਦੇਸ਼ਣ’ ਹੋ ਜਾਣਾਂ…ਵਾਹਿਗੁਰੂ ਜਾਣਦਾ ਮੁੜ ਕਦੋਂ ਮੇਲ ਹੋਣਗੇ..!” ਪਾਪਾ ਜੀ ਦਾ ਦਿਲ ਡੋਲ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਚੋਅ ਰਹੇ ਸਨ। ਪਹਿਲੀ ਵਾਰ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਜਦੋਂ ਅਸੀਂ ਮਾਪੇ ਬਣ ਕੇ ਆਪਣੇ ਬੱਚਿਆਂ ਵਾਸਤੇ ਖੁਸ਼ੀਆਂਵਾਲੇ ਖੰਭ ਖਿਲਾਰ ਕੇ ਉਡਾਰੀ ਭਰਦੇ ਹਾਂ, ਤਾਂ ਪਿੱਛੇ ਆਪਦੇ ਮਾਂ-ਬਾਪ ਦੀ ਉਡਾਣ ਨਿਰਬਲ ਹੋ ਜਾਂਦੀ ਹੈ। ਮੇਰੇ ਪਾਪਾ ਜੀ ‘ਸੰਤ ਸੁਭਾਵ’ ਦੇ ਸਨ, ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਅੱਜ ਦੇਹ ਰੂਪ ਵਿੱਚ ‘ਆਖਰੀ’ ਵਾਰ ਮੇਰੇ ਸਿਰ ‘ਤੇ ਹੱਥ ਰੱਖ ਕੇ ਧੀ ਨੂੰ ਆਸ਼ੀਰਵਾਦ ਦੇ ਰਹੇ ਸਨ, ਮੁੜ ਕੇ ਤਾਂ ‘ਰੂਹ’ ਬਣਕੇ ਹੀ ਮੇਲ ਹੋਣਗੇ। ਮੈਂ ਆਪਣੇ ਮਾਪਿਆਂ ਦੀ ਚੌਥੀ ਅਤੇ ਸਭ ਤੋਂ ਛੋਟੀ ਔਲਾਦ ਹਾਂ। ਆਪਣੇ ਪਾਪਾ ਜੀ ਦੇ ਬਹੁਤ ਨਜ਼ਦੀਕ ਸੀ। ਵਿਆਹ ਤੋਂ ਬਾਅਦ ਨੇਮ ਨਾਲ ਹਰ ਐਤਵਾਰ ਨੂੰ ਪਾਪਾ ਜੀ ਦਾ ਫ਼ੋਨ ਆਉਂਦਾ, ‘‘ਪੁੱਤ ਕੀ ਹਾਲ ਹੈ?”
ਆਹ ਕੈਸੀ ਵਿਡੰਬਣਾ ਹੈ? ਆਪਣੇਜਾਏ ਨੂੰਜਿਉਂਦੇ ਜੀਅ ਆਪਣੇ ਤੋਂ ਜੁਦਾ ਕਰ ਦੇਣਾ, ਫ਼ੇਰ ਉਸਦਾ ਹਾਲ ਪੁੱਛਣਾ ਅਤੇ ਫ਼ਿਕਰ ਕਰਨਾ..? ਪ੍ਰੰਤੂ ਸੰਸਾਰ ਦੀ ਇਹੀ ਰੀਤ ਹੈ, ਹਰ ਔਰਤ ਨੂੰ ਆਪਣੀ ਜਿੰ ਦੋ ਹਿੱਸਿਆਂ ਵਿੱਚ ਹੀ ਜਿਉਣੀ ਪੈਂਦੀ ਹੈ।
….ਕੀਰਤਪੁਰ ਸਾਹਿਬ ਅਰਦਾਸ ਸਮਾਪਤੀ ਤੋਂ ਬਾਅਦ ਧੀਆਂ ਵਾਸਤੇ ਕੋਈ ਭਾਂਡਾ ਲਿਆ ਜਾਂਦਾ ਹੈ, ਉਸ ਉਪਰ ਸੰਸਾਰ ਤੋਂ ਸਦੀਵੀ ਤੁਰ ਗਏ ਜੀਵ ਦਾ ਨਾਂ ਲਿਖਾ ਕੇ ਦਿੱਤਾ ਜਾਂਦਾ ਹੈ।
‘‘…..ਤੂੰ ਦੱਸ ਕੀ ਲੈਣਾ ਮਾਂ ਵੱਲੋਂ?” ਮੇਰੇ ਵੀਰ ਨੇ ‘ਵੀਡੀਉ ਕਾਲ’ ‘ਤੇ ਕਿਹਾ।
‘‘….ਮੈਨੂੰ ਆਹ ‘ਤਾਂਬੇ’ ਦੀ ਬੋਤਲ ਲੈ ਦਵੋ, ਇਸਦੇ ਉਪਰ ਲਿਖਵਾ ਦਿਓ ‘ਮੇਰੀ ਮਾਂ’…!” ਆਪਣੀ ਮਾਂ ਦੀ ਯਾਦ ਲਈ ਇਸ ਤੋਂ ਵਧੀਆ ਕੀ ਹੋ ਸਕਦਾ ਸੀ? ਜਦ ਵੀ ਪਾਣੀ ਪੀਊਂਗੀ, ਮਾਂ ਵਾਲੀ ਬੋਤਲ ਵਿੱਚੋ ਤਾਂ ਕੁਦਰਤੀ ਹੀ ‘ਠੰਢ’ ਪੈ ਜਾਇਆ ਕਰੂਗੀ। ਮੇਰੀ ਭੈਣ ਨੇ ਵੀ ਮੇਰੇ ਨਾਲ ਦੀ ਬੋਤਲ ਲੈ ਕੇ ‘ਮੇਰੀ ਮਾਂ’ ਲਿਖਵਾ ਲਿਆ।
‘‘ਦੂੱਧ ਦਾ ਕਰਜ਼ ਮੈਂ ਲਾਹ ਨੀ ਸਕਦੀ,
ਤੇਰੇ ਕਰਕੇ ਵੇਖੀ ਮੈਂ ਦੁਨੀਆਂ
ਮੇਰੇਸਾਹਾਂ ‘ਤੇ ਹੈ ਤੇਰਾ ਅਹਿਸਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ…!”
ਕੀਰਤਪੁਰ ਸਾਹਿਬ ਤੋਂ ਮਾਂ ਬਾਰੇ ਗੱਲਾਂ ਕਰਦਿਆਂ ਮੇਰੀਆਂ ਆਪਣੇ ਪਾਪਾ ਜੀ ਨਾਲ ਵਾਪਰੀਆਂ ਕੁਝ ਯਾਦਾਂ ਮਨ ਦੀ ਗੰਢੜੀ‘ਚੋਂ ਛਾਲ ਮਾਰ ਬਾਹਰ ਆ ਗਈਆਂ…………..
‘‘…..ਮੰਮਾ, ਨਾਨਾ ਜੀ ਦੀ ‘ਅਰਥੀ’ ਨੂੰ ਜਦੋਂ ਮੈਂ ਕੰਧਾ ਦਿੱਤਾ ਸੀ, ਤਾਂ ਦੋ ਗੁਲਾਬ ਦੇ ਫੁੱਲ ਮੇਰੀ ਕਮੀਜ਼ ਦੀ ਜੇਬ ਵਿੱਚ ਆ ਡਿੱਗੇ ਸੀ, ਘਰ ਵਾਪਸ ਆ ਕੇ ਮੈਂ ਵੇਖਿਆ ਹੁਣ ਇਹਨਾਂ ਦਾ ਕੀ ਕਰਾਂ?” ਮੇਰੇ ਬੇਟੇ ਨੇ ਫ਼ੋਨ ਕਰ ਮੈਨੂੰ ਦੱਸਿਆ। ਮੇਰੀ ਫਾਈਲ ਲੱਗੀ ਹੋਈ ਸੀ। ਇਸ ਲਈ ਮੈਂ ਇੰਡੀਆ ਨਹੀਂ ਸੀ ਜਾ ਸਕੀ ਆਪਣੇ ਪਾਪਾ ਜੀ ਨੂੰ ਮੁੜ ਕਦੇ ਜਿਉਂਦੇ ਜੀਅ ਮਿਲਣ ਲਈ।
‘‘…ਇੰਨ੍ਹਾਂ ਨੂੰ ਸਾਂਭ ਕੇ ਰੱਖ ਲੈ, ਇਹ ਮੇਰੇ ਹਿੱਸੇ ਦੀ ਸ਼ਰਧਾਂਜਲੀ ਹੈ!” ਮੈਂ ਜਾਰ-ਜਾਰ ਰੋਣ ਲੱਗ ਪਈ।
….ਕਰੀਬ ਸੱਤ ਕੁ ਮਹੀਨੇ ਬਾਅਦ ਮੈਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ। ਮੈਂ ਕੁਝ ਦਿਨ ਬਾਅਦ ਹੀ ਕੀਰਤਪਰ ਸਾਹਿਬ ਦੀ ਯਾਤਰਾ ਲਈ ਗਈ ਅਤੇ ਆਪਣੇ ਬੇਟੇ ਅਮਨ ਕੋਲੋਂ ਪਾਪਾ ਜੀ ਦੇ ਦੋ ‘ਆਖਰੀ’ ਫੁੱਲਾਂ ਨੂੰ ਲੈ ਲਿਆ। ਜਲ ਪ੍ਰਵਾਹ ਕਰਦਿਆਂ ਮੈਂ ਆਪਣੇ ਪਾਪਾ ਜੀ ਦੇ ਪਿਆਰ ਨੂੰ ਪ੍ਰਤੱਖ ਰੂਪ ਵਿੱਚ ਮਹਿਸੂਸ ਕੀਤਾ….‘‘ਧੀਏ..ਇਸ ਬੁੱਢੇ ਪਿਉ ਨੇ ਕਮਜ਼ੋਰ ਅੱਖਾਂ ਨਾਲ ਤੇਰਾ ਬਹੁਤ ਰਾਹ ਤੱਕਿਆ…ਪਰ ਤੂੰ ਆਉਣ ‘ਚ ਜ਼ਰਾ ਦੇਰ ਕਰ ਦਿੱਤੀ..ਇਸ ਲਈ ਦੋ ਗੁਲਾਬ ਤੇਰੇ ਹਿੱਸੇ ਦੇ ਛੱਡ ਦਿੱਤੇ ਅਤੇ ਮੈਨੂੰ ਯਕੀਨ ਸੀ ਕਿ ਤੂੰਮੈਨੂੰ ਵਿਦਾਅ ਕਰਨ ਜਰੂਰ ਆਵੇਂਗੀ!” ‘ਦੋ ਗੁਲਾਬ’ ਜਲ ਪ੍ਰਵਾਹ ਕਰ ਮੈਂ ਦਰਬਾਰ ਸਾਹਿਬ ‘ਚ ਬੈਠ, ਆਪਣੇ ਪਾਪਾ ਜੀ ਨਾਲ ਬਹੁਤ ਸਾਰੀਆਂ ਗੱਲਾਂ ਮਨ ਹੀ ਮਨ ਕੀਤੀਆਂ…।
‘‘ਮੰਦਰ ਮਸਜ਼ਿਦ ਕਿਉਂ ਲੱਭੇਂ ਮੈਨੂੰ
ਮਾਂ-ਪਿਉਵਿੱਚ ਹੀ ਦਿਸ ਜਾਣਾ ਤੈਨੂੰ
ਉਨ੍ਹਾਂ ਦਾ ਰੱਬ ਵਰਗਾ ਸਥਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ…”
….ਮਾਂ ਦੇ ਆਖੰਡ ਪਾਠ ਸਾਹਿਬ ਦਾ ਦਿਨ ਵੀ ਖੰਭ ਲਾ ਛੇਤੀ ਹੀ ਆ ਗਿਆ।
‘‘ਪਾਠਦਾ ਭੋਗ ਘਰ ਪਾ ਕੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੈ।” ਵੀਰ ਜੀ ਨੇ ਦੱਸਿਆ।
‘‘ਕਿਹੜੇ ਗੁਰਦੁਆਰਾ ਸਾਹਿਬ?”
‘‘ਬਲਕੇਸ਼ਵਰ ਕਾਲੋਨੀ…!”
….ਆਗਰਾ ਸ਼ਹਿਰ ਵਿਖੇ ਬਕਲੇਸ਼ਵਰ ਕਾਲੋਨੀ ਮੇਰਾ ਜਮਨ ਸਥਾਨ ਹੈ। ਪਾਪਾ ਜੀ ਨੇ ਆਪਣਾ ਕਾਰੋਬਾਰ ਦੂਸਰੇ ਪਾਸੇ, ਜਿਸਦਾ ਨਾਂ ‘‘ਰਾਮਬਾਗ” ਹੈ, ਉਸਾਰ ਲਿਆ ਸੀ, ਇਸਲਈ ਪੂਰਾ ਪ੍ਰੀਵਾਰਇਸ ਕਾਲੋਨੀ ਨੂੰ ਛੱਡ ਗਏ ਸੀ। ਇਸ ਕਾਲੋਨੀ ਵਿੱਚ ਸਾਡਾ ਘਰ ਗੁਰਦੁਆਰੇ ਦੇ ਬਹੁਤ ਨਜ਼ਦੀਕ ਸੀ।ਇਸ ਲਈਲਾਊਡ ਸਪੀਕਰ ਦੀ ਅਵਾਜ਼ ਸਾਫ਼ ਆਉਂਦੀਸੀ। ਅੱਜ ਫੇਰ ਉਸੀ ਥਾਂ ਤੋਂ ਮਾਂ ਦੀ ਅੰਤਿਮ ਅਰਦਾਸ ਕੀਤੀ ਜਾ ਰਹੀ ਸੀ। ਕਈ ਸਾਲ ਪਹਿਲਾਂ ਇਸੀ ਕਾਲੋਨੀ ਵਿੱਚ ਮੈਂ ਕਿਲਕਾਰੀਆਂ ਭਰਦੀ ਮਾਂ ਦੀ ਗੋਦ ਵਿੱਚ ਆਈ ਸੀ, ਅੱਜ ਮਾਂ ਦੁਆਵਾਂ ਦਿੰਦੀ ਇਸੀ ਸਥਾਨ ਤੋਂ ਵਿਦਾਅ ਹੋ ਰਹੀ ਸੀ।
‘‘ਨਿੱਤ ਘੜੇ ਉਹ ਨਵੀਆਂ ਰੂਹਾਂ
ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ”
‘‘…ਧੀਏ ਤੂੰ ਜਿਹੜਾ ਆਹ ‘ਪਾਠ’ ਵਾਲਾ ਸਪੀਕਰ ਮੈਨੂੰ ਦੇ ਗਈ ਹੈਂ, ਮੈਂ ਸਵੇਰੇ ਉਠਦਿਆਂ ਸਾਰ ਹੀ ਪਾਠ ਲਵਾ ਲੈਂਦੀ ਹਾਂ, ਅਤੇ ਰਾਤ ਸੌਣ ਲੱਗੀ ਹੀ ਬੰਦ ਕਰਵਾਉਦੀ ਹਾਂ!” ਪਿਛਲੇ ਸਾਲ ਜਦੋਂ ਮੈਂ ਮਾਂ ਕੋਲ ਰਹਿਣ ਗਈ ਸੀ ਤਾਂ ਸੁਖਮਨੀ ਸਾਹਿਬ ਦੀ ‘ਡਿਵਾਈਸ’ ਮਾਂ ਦੇ ਕਮਰੇ ਵਿੱਚ ਲਵਾ ਦਿੱਤੀ ਸੀ ਕਿ ਗੁਰਬਾਣੀ ਮਾਂ ਦੇ ਕੰਨੀਂ ਪੈਂਦੀ ਰਹੇ। ਕੈਂਸਰ ਦੀ ਬਿਮਾਰੀ ਨੇ ਮਾਂ ਨੂੰ ਬਹੁਤ ਨਿਰਬਲ ਕਰ ਦਿੱਤਾ ਸੀ, ਮਾਂ ਦੇ ਚੰਗੇ ਕੀਤੇ ਕਰਮ ਸੀ ਕਿ ਦੋਹਾਂ ਨੂੰਹਾਂ ਨੇ ਦਿਨ-ਰਾਤ ਮਾਂ ਦੀ ਬਹੁਤ ਸੇਵਾ ਕੀਤੀ। ਸਾਨੂੰ ਵੀ ਭਾਬੀਆਂ ਦੇ ਹੁੰਦਿਆਂ ਕੋਈ ਫ਼ਿਕਰ ਨਹੀਂ ਸੀ।
….ਕੱਲ੍ਹ ਮਾਂ ਲਈ ਰੱਖੇ ਆਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ। ਆਹ ਮਾਤਰ ਸੰਯੋਗ ਹੀ ਸੀ ਕਿ ਅਗਲੇ ਦਿਨ ਮੇਰਾ ਜਨਮ ਦਿਨ ਸੀ। ‘‘ਸੰਸਾਰ ਚਲਾਏ ਮਾਨ ਹੈ” ਇਸੀ ਤੱਥ ਨੂੰ ਸਾਹਮਣੇ ਰੱਖਦੇ ਹੋਏ ਕੁਝ ਨਜ਼ਦੀਕੀ ਜਣਿਆਂ ਨੇ ਮੈਨੂੰ ਦੁਆਵਾਂ ਦੇ ਕੇ ਜਨਮ-ਮਰਨ ਦੀ ਸੱਚਾਈ ਨੂੰ ਹੋਰ ਵੀ ਮਜਬੂਤ ਕੀਤਾ।
….‘‘ਹੈਪੀ ਬਰਥ’ਡੇ ਟੁ ਯੂ…!!” ਬੋਲਦੇ ਹੋਏ ਮੇਰੀਆਂਨਜਦੀਕੀ ਸਹੇਲੀਆਂ ਆਪਣੇ ਪ੍ਰੀਵਾਰਾਂ ਨਾਲ ਮੈਨੂੰ ‘ਸਰਪ੍ਰਾਈਜ਼’ ਦੇਣ ਮੇਰੇ ਘਰ ਆ ਗਈਆਂ। ਮੈਨੂੰ ਇਸਦਾ ਬਿਲਕੁਲ ਵੀ ਇਲਮ ਨਹੀਂ ਸੀ। ਮੇਰਾ ਜਨਮ ਦਿਨ ਮੇਰੇ ਪੁੱਤਰਾਂ ਨੇ ਇਕ ਮਹੀਨਾਂ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਅਚਾਨਕ ਨਾਨੀ ਦੇ ‘ਅਕਾਲ ਚਲਾਣਾ’ ਕਰਨ ਕਾਰਣ ਉਨ੍ਹਾਂ ਨੇ ਆਪਣੇ ਪਲਾਨ ਨੂੰ ਬਦਲਿਆ ਨਹੀਂ ਸੀ।
‘‘ਕਦੇ ਮੈਂ ਤੈਨੂੰ ਸਤਾਇਆ ਹੋਣਾ
ਕਦੇ ਰੁੱਸ ਤੈਨੂੰ ਰੁਆਇਆ ਹੋਣਾ
ਲਾ ਗਲ ਨਾਲ ਮੈਨੂੰ
ਤੂੰ ਸ਼ਮ੍ਹਾਂ ਦਾ ਦਿੱਤਾ ਦਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ…”
….ਮੇਰੇ ਛੋਟੇ ਬੇਟੇ ਜਸ਼ਨ ਨੇ ਇੱਕ ਤੋਹਫ਼ਾ ਮੈਨੂੰ ਦਿੱਤਾ, ਜੋ ਬਹੁਤ ਸੋਹਣੇ ਤਰੀਕੇ ਨਾਲ ਪੈਕ ਕੀਤਾ ਹੋਇਆ ਸੀ। ਮੈਂ ਉਸਨੂੰ ਜਦੋਂ ਖੋਲ੍ਹ ਕੇ ਦੇਖਿਆ ਤਾਂ ਮੇਰੇ ਅੰਦਰੋ ਹੰਝੂਆਂ ਦਾ ਸਾਗਰ ਉਛਲ ਪਿਆ। ਮੇਰੇ ਹੱਥ ਦੀਆਂ ਬਣਾਈਆਂ ਹੋਈਆਂ ਦੋ ‘ਪੇਂਟਿੰਗਸ’, ਜੋ ਤਕਰੀਬਨ ਸਤਾਈ ਸਾਲ ਪੁਰਾਣੀਆਂ ਹਨ, ਮੈਨੂੰ ਉਪਹਾਰ ਤੌਰ ‘ਤੇ ਦਿੱਤੀਆਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਸ ਵਕਤ ਮੈਂ ਆਰਥਿਕ ਤੰਗੀ ਨਾਲ ਜੂਝ ਰਹੀ ਸੀ, ਇਸਲਈ ਇੱਕ ‘ਪੇਂਟਿੰਗ ਇੰਸਟੀਚੂਟ’ ਖੋਲ੍ਹਿਆ ਸੀ। ਆਹ ਪੇਂਟਿੰਗਸ ਵਿੱਚ ਮੈਂ ਆਪਦੇ ਹਾਲਾਤ ਨੂੰ ਉਲੀਕਿਆ ਸੀ। ਇੱਕ ਬਲਦੀ ਹੋਈ ਮੋਮਬੱਤੀ ਉੱਤੇ ਇੱਕ ਔਰਤ ਦਾ ਚਿਹਰਾ ਹੈ, ਜਿਸ ਉਤੇ ਲਿਖਿਆ ਹੈ, ‘‘ਪਲ-ਪਲ ਜਲਤਾ ਹੈ ਜੀਵਨ”….!
‘‘ਇਹ ਤੂੰ ਕਿਵੇਂ ਕੀਤਾ?” ਮੈਂ ਹੈਰਾਨੀ ਨਾਲ ਬੇਟੇ ਨੂੰ ਪੁੱਛਿਆ।
‘‘ਮੈਨੂੰ ਪਤਾ ਸੀ ਆਹ ਪੇਂਟਿੰਗਸ ਤੁਹਾਡੇਮਨ ਦੇ ਕਰੀਬ ਹਨ, ਮੈਂ ਕੂਝ ਮਹੀਨਿਆਂ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਸੀ….!” ਮੇਰੇ ਬੇਟੇ ਜਸ਼ਨ ਨੇ ਸਾਰੀ ਕਹਾਣੀ ਸੁਣਾਈ। ਮੇਰੇ ਇੰਡੀਆ ਛੱਡਣ ਤੋਂ ਬਾਅਦ ਮੇਰਾ ਘਰ ਵੇਚ ਦਿੱਤਾ ਗਿਆ ਸੀ ਅਤੇ ਉਸ ਦਾ ਸਾਰਾ ਸਮਾਨ ਵੇਚ ਜਾਂ ਵੰਡ ਦਿੱਤਾ ਗਿਆ ਸੀ, ਜਿਸਦਾ ਮੈਨੂੰ ਕੋਈ ਇਲਮ ਨਹੀਂ ਹੋਣ ਦਿੱਤਾ ਸੀ। ਇਸ ਤੋਹਫ਼ੇ ‘ਤੇ ਮੇਰਾ ਮਨ ਮਮਤਾ ਨਾਲ ਭਰ, ਆਪਣੀ ਹੀ ਔਲਾਦ ਲਈ ਨਤ-ਮਸਤਕ ਹੋ ਗਿਆ।
‘‘ਸੇਕ ਲੱਗਿਆ ਅੱਜ ਮੇਰੀ ਵੀ ਜਿੰਦ ਨੂੰ
ਆਪਣੇ ਉਤੇ ਲੈ ਕੇ ਲੂਹ ਨੂੰ
ਕਿੰਜ ਦਿੱਤੀ ਹੋਣੀਂ,
ਤੂੰ ਠੰਡੀ ਛਾਂ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ”
….‘‘ਮਾਂ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ, ਤੂੰ ਵੀ ਸ਼ਾਮਲ ਹੋ!” ਮੇਰੀ ਭੈਣ ਜੀ ਨੇ ‘ਵੀਡਿਉਕਾਲ’ ‘ਤੇ ਮੈਨੂੰ ਵੀ ਮਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਦਾ ਮੌਕਾ ਬਣਾ ਦਿੱਤਾ। ਗੁਰਬਾਣੀ ਦਾ ਵਾਕ-ਸਾਹਿਬ ਲੈ ਕੇ ਮੈਂ ਵਾਹਿਗੁਰੂ ਜੀ ਦੇ ਫੁਰਮਾਨ ਨੂੰ ਮੰਨਦਿਆਂ ਹੋਇਆਂ, ਮਾਂ ਨੂੰ ਗੁਰੂ ਦੇ ਚਰਨ-ਕਮਲਾਂ ਵਿੱਚ ਸਥਾਨ ਬਖਸ਼ਣ ਦੀ ਬੇਨਤੀ ਕੀਤੀ।
‘‘ਨਿੱਤ ਘੜੇ ਉਹ ਨਵੀਆਂ ਰੂਹਾਂ
ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ…!!”
ਮਾਂ ਕਦੇ ਵੀ ਦੁਨੀਆਂ ਤੋਂ ਅਲੋਪ ਨਹੀਂ ਹੋ ਸਕਦੀ। ਮਾਂ ਤਾਂ ਆਪਣੀ ਹੋਂਦ ਨੂੰ ਅਗਲੀ ਪੀੜ੍ਹੀ ਨੂੰ ਸੌਂਪ ਕੇ ਇਸ ਸੰਸਾਰ ਨੂੰ ਚਲਾਏ ਮਾਨ ਰੱਖਣ ਦੀ ਸਮਰੱਥਾ ਰੱਖਦੀ ਹੈ। ਇੱਕ ਰੂਹ ਨੂੰ ਮੂਰਤ ਰੂਪ ਦੇਣ ਲਈ ਰੱਬ ਵੀ ਮਾਂ ‘ਤੇ ਨਿਰਭਰ ਹੈ।ਮਾਂ ਦੀ ਹੋਂਦ ਨੂੰ ਕੋਟਿਨ-ਕੋਟਿ ਪ੍ਰਣਾਮ!

Comment here