ਬਹੁਤ ਦੂਰ ਤੱਕ ਉਹ ਮੇਰਾ ਪਿੱਛਾ ਕਰਦੀ ਰਹੀ, ਸ਼ਾਇਦ ਆਵਾਜ਼ ਵੀ ਮਾਰੀ ਹੋਵੇ। ਮੈਂ ਸਹੇਲੀਆਂ ਨਾਲ ਗੱਪਾਂ ਮਾਰ ਰਹੀ ਸਾਂ, ਇਸਲਈ ਧਿਆਨ ਨਹੀਂ ਗਿਆ। ਉਦੋਂ ਹੀ ਮੇਰਾ ਮੋਬਾਈਲ ਵੱਜਿਆ, ‘‘ਹਾਂ ਮਾਂ, ਬਸ ਏਥੇ ਸਹੇਲੀਆਂ ਨਾਲ ਹਾਂ, ਆਉਂਦੀ ਹਾਂ।’’ ਪਿੱਛੇ ਮੁੜੀ ਤਾਂ ਵੇਖਿਆ ਕਿ ਇੱਕ ਦਾਦੀ ਅੰਮਾ ਸੋਟੀ ਦੇ ਸਹਾਰੇ ਖੜ੍ਹੀ ਹੈ। ਝੁਕੀ ਕਮਰ, ਕਮਜ਼ੋਰ ਸਰੀਰ। ਕੰਬਦੇ ਹੱਥਾਂ ਨਾਲ ਉਹਨੇ ਮੈਨੂੰ ਇੱਕ ਕਾਗਜ਼ ਫੜਾਇਆ।
‘‘ਇਹ ਕੀ ਹੈ, ਦਾਦੀ ਅੰਮਾ!” ਮੈਂ ਪੁੱਛਿਆ।
‘‘ਧੀਏ, ਮੇਰੇ ਮੁੰਡੇ ਦਾ ਫੋਨ ਨੰਬਰ ਹੈ। ਬੜੇ ਦਿਨ ਹੋ ਗਏ, ਗੱਲ ਨਹੀਂ ਹੋਈ। ਕਰਵਾ ਦੇ ਧੀਏ! ਪਹਿਲਾਂ ਉਹ ਆਂਢ-ਗੁਆਂਢ ਵਿੱਚ ਫੋਨ ਕਰਕੇ ਹਾਲਚਾਲ ਪੁੱਛ ਲੈਂਦਾ ਸੀ, ਹੁਣ ਨਹੀਂ।” ਤੇ ਦਾਦੀ ਅੰਮਾ ਦੀਆਂ ਅੱਖਾਂ ਭਰ ਆਈਆਂ।
‘‘ਦਾਦੀ ਅੰਮਾ, ਤੁਹਾਡਾ ਮੁੰਡਾ ਕਿੱਥੇ ਹੈ?” ਮੈਂ ਪੁੱਛਿਆ।
”ਧੀਏ, ਕੀ ਦੱਸਾਂ। ਚਾਰ ਸਾਲ ਪਹਿਲਾਂ ਉਹਦਾ ਪਿਓ ਮਰ ਗਿਆ ਸੀ। ਤੇ ਉਹ ਵਿਦੇਸ਼ ਚਲਾ ਗਿਐ। ਬੜਾ ਸਮਝਾਇਆ ਕਿ ਮੈਨੂੰ ਛੱਡ ਕੇ ਨਾ ਜਾ। ਪਰ ਉਹ ਨਹੀਂ ਮੰਨਿਆ ਤੇ ਓਥੇ ਜਾ ਕੇ ਵਿਆਹ ਕਰਵਾ ਲਿਐ।”
‘‘ਉਦੋਂ ਤੋਂ ਤੁਹਾਡਾ ਬੇਟਾ ਨਹੀਂ ਆਇਆ ਤੇ ਤੁਸੀਂ ਇਕੱਲੇ ਰਹਿੰਦੇ ਹੋ…?” ਮੈਂ ਪੁੱਛਿਆ।
‘‘ਹਾਂ ਧੀਏ’’ ਤੇ ਉਨ੍ਹਾਂ ਦਾ ਗਲਾ ਭਰ ਆਇਆ।
ਆਪਣੇ ਮੋਬਾਈਲ ਤੋਂ ਮੈਂ ਅੰਮਾ ਦੇ ਬੇਟੇ ਦਾ ਨੰਬਰ ਮਿਲਾਇਆ। ਕਈ ਵਾਰੀ ਘੰਟੀ ਵੱਜੀ ਪਰ ਓਧਰੋਂ ਕਿਸੇ ਨੇ ਫੋਨ ਨਹੀਂ ਚੁੱਕਿਆ।
‘‘ਅੰਮਾ ਕੋਈ ਚੁੱਕ ਨਹੀਂ ਰਿਹਾ।”
‘‘ਇਹ ਕਿੰਨੀ ਬਜ਼ੁਰਗ ਹੈ। ਖਾਣਾ ਕਿਵੇਂ ਬਣਾਉਂਦੀ ਹੋਵੇਗੀ?’’ ਮੈਂ ਅੰਮਾ ਤੋਂ ਪੁੱਛ ਹੀ ਲਿਆ। ਬੇਟੇ ਦੇ ਖਿਆਲ ਵਿੱਚ ਡੁੱਬੀ ਪਤਾ ਨਹੀਂ ਦਾਦੀ ਅੰਮਾ ਨੇ ਸੁਣਿਆ ਸੀ ਜਾਂ ਨਹੀਂ। ਉਹ ਕੁਝ ਬੋਲੀ ਨਹੀਂ।
‘‘ਧੀਏ ਇੱਕ ਵਾਰੀ ਫੇਰ ਵੇਖ ਲੈ, ਸ਼ਾਇਦ ਹੁਣ ਗੱਲ ਹੋ ਜਾਵੇ! ਬਸ ਉਹਦੀ ਆਵਾਜ਼ ਸੁਣ ਲਵਾਂ!’’
ਮੈਂ ਦੁਬਾਰਾ ਫੋਨ ਮਿਲਾਇਆ । ਕਿਸੇ ਨੇ ਫੋਨ ਚੁੱਕਿਆ, ‘‘ਹੈਲੋ ਹੈਲੋ, ਕੌਣ ਬੋਲ ਰਿਹਾ ਹੈ?” ਉਧਰੋਂ ਆਵਾਜ਼ ਆਉਂਦਿਆਂ ਹੀ ਮੈਂ ਫੋਨ ਅੰਮਾ ਨੂੰ ਫੜਾ ਦਿੱਤਾ, ”ਹੈਲੋ ਬੇਟਾ! ਬੇਟਾ, ਤੂੰ ਠੀਕ ਹੈਂ, ਮੇਰੇ ਲਾਲ! ਕਿੰਨੇ ਦਿਨ ਹੋ ਗਏ ਤੇਰੇ ਨਾਲ ਗੱਲ ਨਹੀਂ ਹੋਈ। ਇੱਕ ਵਾਰ ਆ ਜਾ ਪੁੱਤਰ, ਤੇਰਾ ਮੂੰਹ ਵੇਖਿਆਂ ਬਹੁਤ ਦਿਨ ਹੋ ਗਏ।”
‘‘ਜਦੋਂ ਸਮਾਂ ਮਿਲਿਆ, ਤਾਂ ਆਵਾਂਗਾ। ਸਾਡੀ ਵੀ ਫ਼ੈਮਿਲੀ ਹੈ! ਹੋਰ ਬਹੁਤ ਸਾਰੇ ਕੰਮ ਹਨ। (ਆਈ ਐਮ ਵੈਰੀ ਬਿਜ਼ੀ, ਡੂ ਨਾਟ ਡਿਸਟਰਬ) ਬਾਦ ਵਿੱਚ ਗੱਲ ਕਰਾਂਗਾ। ਹਾਂ ਇੱਕ ਗੱਲ ਹੋਰ, ਤੂੰ ਵਾਰ-ਵਾਰ ਫੋਨ ਨਾ ਕਰਿਆ ਕਰ। ਆਫ਼ਿਸ ’ਚ ਹੁੰਦਾ ਹਾਂ। ਜਦੋਂ ਸਮਾਂ ਮਿਲਿਆ ਆਪੇ ਗੱਲ ਕਰ ਲਵਾਂਗਾ।” ਇੰਨਾ ਕਹਿ ਕੇ ਬੇਟੇ ਨੇ ਫੋਨ ਕੱਟ ਦਿੱਤਾ। ਏਧਰੋਂ ਦਾਦੀ ਅੰਮਾ ਬੋਲੀ ਜਾ ਰਹੀ ਸੀ, ‘‘ਬੇਟਾ…’’ ਮੈਂ ਦਾਦੀ ਨੂੰ ਕਿਹਾ, ‘‘ਫੋਨ ਕੱਟ ਗਿਆ ਹੈ। ਤੁਹਾਡੇ ਬੇਟੇ ਨੇ ਆਉਣ ਨੂੰ ਕਿਹਾ ਹੈ। ਉਹ ਬੜੀ ਛੇਤੀ ਤੁਹਾਨੂੰ ਮਿਲਣ ਆਵੇਗਾ।’’
‘‘ਅੱਛਾ, ਅੰਗਰੇਜ਼ੀ ਵਿੱਚ ਬੋਲਦਾ ਸੀ, ਤਾਂ ਹੀ ਮੈਨੂੰ ਸਮਝ ਨਹੀਂ ਆਈ।’’
ਮੇਰੇ ਮੂੰਹੋਂ ਬੇਟੇ ਦੀ ਗੱਲ ਸੁਣ ਕੇ ਦਾਦੀ ਅੰਮਾ ਤਾਂ ਖੁਸ਼ੀ ਨਾਲ ਝੂਮ ਉਠੀ, ‘‘ਚੰਗਾ ਧੀਏ, ਹੁਣ ਮੈਂ ਜਾਂਦੀ ਹਾਂ। ਕੁਝ ਤਿਆਰੀ ਕਰ ਲਵਾਂ। ਕੀ ਪਤਾ ਕਦੋਂ ਆ ਜਾਵੇ…।”
ਲੱਗਿਆ ਜਿਵੇਂ ਉਨ੍ਹਾਂ ਨੂੰ ਹੁਣ ਉਸ ਸੋਟੀ ਦੀ ਲੋੜ ਨਹੀਂ ਸੀ ਜੋ ਇੰਨੇ ਦਿਨਾਂ ਤੋਂ ਇਨ੍ਹਾਂ ਦਾ ਸਹਾਰਾ ਸੀ। ਅੰਮਾ ਚਲੀ ਗਈ ਪਰ ਮੇਰੇ ਪੈਰ ਨਹੀਂ ਸਨ ਉਠ ਰਹੇ। ਸੋਚਣ ਲੱਗੀ ਕਿ ਕੀ ਉਹ ਹਮੇਸ਼ਾ ਇੰਨੇ ਖੁਸ਼ ਰਹਿ ਸਕਣਗੇ! ਉਹ ਕਦੋਂ ਤੱਕ ਆਪਣੇ ਬੇਟੇ ਦੀ ਉਡੀਕ ਕਰਨਗੇ! ਜਾਂ ਫਿਰ…। ਦਾਦੀ ਅੰਮਾ ”ਮੇਰੇ ਬੱਚੇ…।” ਕਈ ਸੁਆਲ ਦਿਮਾਗ ਵਿੱਚ ਕੰਬਣ ਲੱਗੇ ਪਰ ਸਾਰੇ ਸੁਆਲ ਹੁਣ ਬੇਜੁਆਬੇ ਸਨ…।
ਮੂਲ : ਰਤਨਾ ਭਦੌਰੀਆ
ਅਨੁ : ਪ੍ਰੋ. ਨਵ ਸੰਗੀਤ ਸਿੰਘ
Comment here