ਸਾਹਿਤਕ ਸੱਥਬਾਲ ਵਰੇਸਵਿਸ਼ੇਸ਼ ਲੇਖ

ਕਹਾਣੀ : ਬੁੱਕਲ!

ਸੱਤਰਾਂ ਨੂੰ ਪੁਹੰਚਿਆ ਗੁਰਮੁਖ ਭਾਵੇਂ ਆਪਣੇ ਮੁੰਡੇ ਦਾ ਤੇ ਕੁੜੀ ਦਾ ਵਿਆਹ ਕਰ ਕੇ ਸੁਰਖ਼ਰੂ ਹੋ ਚੁੱਕਿਆ ਸੀ ਪਰ ਜਦੋਂ ਉਹ ਉਦਾਸ ਹੁੰਦਾ ਆਪਣੀ ਨੱਬੇ ਸਾਲਾ ਬੇਬੇ ਬਚਿੰਤ ਕੌਰ ਦੀ, ਗੋਦੀ ਵਿੱਚ ਸਿਰ ਸੁੱਟ ਦਿੰਦਾ।
ਜਦੋਂ ਬੇਬੇ ਦੀ ਮੌਤ ਹੋਈ ਗੁਰਮੁਖ ਨੂੰ ਲੱਗਿਆ, ਜਿਵੇਂ ਇਸ ਤੋਂ ਬਾਅਦ ਉਹ ਮਾਂ ਦੀ ਗੋਦੀ ਦੀ ਨਿੱਘ, ਨਹੀਂ ਮਾਣ ਸਕੇਗਾ। ਮਾਂ ਦਾ ਵੱਡੀ ਉਮਰੇ ਵੀ ਉਸ ਦੇ ਵਾਲਾਂ ਵਿਚ ਹੱਥ ਫੇਰਨਾ, ਉਸ ਨੂੰ ਸਵਰਗ ਦਾ ਝੂਟਾ ਲਗਦਾ।
ਅੱਜ ਮਾਂ ਦੀ ਮੌਤ ਬਾਰੇ ਫਿਰ ਸੋਚਦਿਆਂ ਹੀ,ਉਸ ਦੇ ਸਿਰ ਵਿਚ ਬਹੁਤ ਜ਼ੋਰ ਦੀ ਦਰਦ ਹੋਇਆ ਪਰ ਉਸ ਨੇ ਆਪਣੇ ਸਿਰ ਦੇ ਦਰਦ ਬਾਰੇ, ਆਪਣੀ ਪਤਨੀ ਜੀਤੋ ਨੂੰ ਨਾ ਦੱਸਿਆ ਤੇ ਮੰਜੇ ’ਤੇ ਬੈਠਾ ਬੈਠਾ ਹੀ ਲੇਟ ਗਿਆ।
ਜਦੋਂ ਉਸਦੀ ਪਤਨੀ ਜੀਤੋ ਨੇ ਉਸ ਨੂੰ ਲੇਟਿਆ ਦੇਖਿਆ ਤਾਂ ਉਹ ਤੇਜੀ ਨਾਲ ਉਸ ਸਿਰਹਾਣੇ ਗਈ ਤੇ ਗੁਰਮੁਖ ਦੇ ਵਾਲਾਂ ਵਿਚ ਹੱਥ ਫੇਰਨਾ ਸ਼ੁਰੂ ਕਰ ਦਿੱਤਾ।
ਗੁਰਮੁਖ ਨੂੰ ਲੱਗਿਆ ਜਿਵੇਂ ਉਸ ਦੀ ਮਾਂ ਬਚਿੰਤ ਕੌਰ, ਉਸਦੇ ਸਿਰ ਵਿਚ ਹੱਥ ਫੇਰ ਰਹੀ ਹੋਵੇ। ਪਤਨੀ ਦੀਆਂ ਉਂਗਲੀਆਂ ’ਚੋਂ ਮਾਂ ਦੀਆਂ ਉਂਗਲਾਂ ਦੀ ਛੋਹ ਮਹਿਸੂਸ ਕਰਦਾ ਜਿਵੇਂ ਸਵਰਗ ਵਿਚ ਪਹੁੰਚ ਗਿਆ ਹੋਵੇ। ਜਦੋਂ ਹੀ ਜੀਤੋ ਨੇ ਉਸ ਦੇ ਸਿਰਹਾਣੇ ਬੈਠ ਕੇ ਗੁਰਮੁਖ ਦਾ ਸਿਰ ਆਪਣੀ ਗੋਦੀ ਵਿਚ ਰੱਖ ਕੇ ਆਪਣੀਆਂ ਝੁਰੜੀਆਂ ਵਾਲੀਆਂ ਉਂਗਲਾਂ ਇੱਕ ਦੋ ਵਾਰ ਗੁਰਮੁਖ ਦੇ ਸਿਰ ਵਿਚ ਫੇਰੀਆਂ ਤਾਂ ਗੁਰਮੁਖ ਨੂੰ ਲੱਗਿਆ ਜਿਵੇਂ ਮਾਂ ਉਸ ਦੇ ਵਾਲਾਂ ਵਿਚ ਉਂਗਲਾਂ ਫ਼ੇਰ ਰਹੀ ਹੋਵੇ।
ਉਸ ਨੂੰ ਬਹੁਤ ਆਨੰਦ ਆ ਰਿਹਾ ਸੀ। ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਜੀਤੋ ਦੀਆਂ ਅੱਖਾਂ ਵਿਚ ਤੱਕਿਆ। ਉਸ ਵਿੱਚੋਂ ਉਸ ਨੂੰ ਮਾਂ ਨਜ਼ਰ ਆਈ।
ਹੁਣ ਉਹ ਫ਼ੇਰ ਪਹਿਲਾਂ ਵਾਂਗ ਖੇਤ ਗੇੜਾ ਵੀ ਮਾਰ ਆਉਂਦਾ ਤੇ ਆਉਂਦਾ ਹੋਇਆ ਸੱਥ ਵਿਚ ਆਪਣੇ ਹਾਣੀਆਂ ਕੋਲ ਬੈਠ ਕੇ ਗੱਲਾਂ ਵੀ ਕਰਦਾ।
ਸਮੇਂ ਦੇ ਫ਼ੇਰ ਨੇ ਗੁਰਮੁਖ ਲਈ ਫੇਰ ਬਿਪਤਾ ਖੜ੍ਹੀ ਕਰ ਦਿੱਤੀ। ਮਹੀਨੇ ਬਾਅਦ ਹੀ ਉਸ ਦੀ ਪਤਨੀ ਜੀਤੋ ਵੀ ਸਵਰਗ ਸਿਧਾਰ ਗਈ। ਨੂੰਹ,ਪੁੱਤ ਵੀ ਭਾਵੇਂ ਉਸ ਦੀ ਬਹੁਤ ਸੇਵਾ ਕਰਦੇ ਪਰ ਮਾਂ ਦੇ ਹੱਥਾਂ ਤੇ ਬੁੱਕਲ ਦੀ ਨਿੱਘ,ਪਤਨੀ ਦੇ ਹੱਥਾਂ ਚੋਂ ਮਿਲਿਆ ਮਾਂ ਵਰਗਾ ਪਿਆਰ ਉਸ ਨੂੰ ਲਗਦਾ ਹੁਣ ਕਦੇ ਨਹੀਂ ਮਿਲੇਗਾ।
ਹੁਣ ਉਹ ਕਦੇ ਕਦੇ ਥੱਕਿਆ ਹੋਇਆ ਮਹਿਸੂਸ ਕਰਦਾ।
ਨੂੰਹ, ਪੁੱਤ ਦੀ ਸੇਵਾ ਵਿਚ ਕੋਈ ਕਮੀ ਨਹੀਂ ਸੀ। ਰੋਟੀ ਟੁੱਕ ਤਾਂ ਵਧੀਆ ਦਿੰਦੇ ਪਰ ਉਸ ਨੂੰ ਲਗਦਾ ਉਸ ਦੇ ਸਿਰ ਵਿਚ ਹੱਥ ਫੇਰਨ ਵਾਲਾ ਹੁਣ ਕੋਈ ਨਹੀਂ ਰਿਹਾ।
ਅੱਜ ਜਦੋਂ ਹੀ ਉਸਦੀ ਕੁੜੀ ਸ਼ਿੰਦਰ ਆਪਣੀ ਤਿੰਨ ਸਾਲਾ ਕੁੜੀ ਨੂੰ ਲੈ ਕੇ ਉਸ ਨੂੰ ਮਿਲਣ ਆਈ ਉਸ ਦੀ ਜਾਨ ਵਿਚ ਜਾਨ ਪੈ ਗਈ।
ਆਪਣੀ ਕੁੜੀ ਸ਼ਿੰਦਰ ਨਾਲ ਗੱਲਾਂ ਕਰਦਿਆਂ ਪਤਾ ਨਹੀਂ ਉਹ ਕਦੋਂ ਮੰਜੇ ਤੇ ਲੇਟ ਗਿਆ।
ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਸ਼ਿੰਦਰ ਆਪਣੇ ਬਾਪੂ ਦੇ ਸਿਰ ਵਿਚ ਹੱਥ ਫੇਰ ਰਹੀ ਸੀ।
ਉਸ ਨੇ ਜਦੋਂ ਆਪਣੀ ਧੀ ਸ਼ਿੰਦਰ ਦੀਆਂ ਅੱਖਾਂ ਵਿੱਚ ਤੱਕਿਆ ਤਾਂ ਅੱਜ ਫ਼ੇਰ ਉਸ ਨੂੰ ਉਸ ਵਿੱਚੋਂ ਆਪਣੀ ਮਾਂ ਬਚਿੰਤ ਕੌਰ ਤੇ ਜੀਤੋ ਨਜ਼ਰ ਆਈਆਂ।
ਜੀਤੋ ਨੇ ਬਾਪੂ ਨੂੰ ਮੁਸਕਰਾ ਕੇ ਪੁੱਛਿਆ, ‘‘ਕੋਈ ਯਾਦ ਆਇਆ ਬਾਪੂ !”
‘‘ਹਾਂ ਸ਼ਿੰਦਰ! ਤੇਰੀ ਦਾਦੀ, ਤੇਰੀ ਮਾਂ।”
ਸ਼ਿੰਦਰ ਨੇ ਕਿਹਾ, ‘‘ਚੰਗਾ ਹੁਣ ਤੁਸੀਂ ਆਪਣੀ ਦੋਹਤੀ ਕੋਲ ਬੈਠੋ, ਮੈਂ ਭਾਬੋ ਨਾਲ ਥੋੜ੍ਹਾ ਕੰਮ ਕਰਵਾ ਦੇਵਾਂ ਤੇ ਤੁਹਾਡੇ ਲਈ ਚਾਹ ਵੀ ਬਣਾ ਲਿਆਵਾਂ।”
ਸ਼ਿੰਦਰ ਜਦੋਂ ਹੀ ਆਪਣੀ ਭਾਬੀ ਨਾਲ ਰਸੋਈ ਵਿਚ ਕੰਮ ਕਰਾਉਣ ਗਈ,ਗੁਰਮੁਖ ਫ਼ੇਰ ਮੰਜੇ ’ਤੇ ਲੇਟ ਗਿਆ।
ਉਸ ਦੀ ਤਿੰਨ ਸਾਲਾ ਦੋਹਤੀ ਨੇ ਜਦੋਂ ਹੀ ਆਪਣੀ ਮਾਂ ਵਾਂਗੂੰ ਆਪਣੇ ਨਾਨੇ ਦੇ ਸਿਰ ਵਿਚ ਹੱਥ ਫੇਰਿਆ ਤਾਂ ਗੁਰਮੁਖ ਨੂੰ ਲੱਗਿਆ ਕਿ ਉਹ ਸਵਰਗਾਂ ਵਿਚ ਹੈ। ਉਸ ਨੇ ਅੱਖ਼ ਪੱਟੀ ਤਾਂ ਦੋਹਤੀ ਨੂੰ ਦੇਖ ਕੇ ਉਸ ਦੇ ਹੱਥ ਚੁੰਮ ਲਏ।
ਉਸ ਨੂੰ ਦੋਹਤੀ ਵਿੱਚੋਂ ਮਾਂ,ਪਤਨੀ,ਧੀ ਨਜ਼ਰ ਆਈਆਂ। ਹੁਣ ਉਹ ਚੈਨ ਵਿਚ ਸੀ। ਅੱਜ ਉਸ ਨੂੰ ਮਰਨ ਤੋਂ ਵੀ ਡਰ ਨਹੀਂ ਸੀ ਲੱਗ ਰਿਹਾ।
ਦੋਹਤੀ ਦੀਆਂ ਵਾਲਾਂ ਵਿਚ ਫਿਰਦੀਆਂ ਉਂਗਲਾਂ ਉਸ ਨੂੰ ਸਕੂਨ ਬਖਸ਼ ਰਹੀਆਂ ਸਨ।
ਉਸ ਨੂੰ ਇੱਕ ਵੱਡੀ ਸਾਰੀ ਹਿਚਕੀ ਆਈ ਤੇ ਅੱਖਾਂ ਬੰਦ ਕਰ ਲਈਆਂ। ਦੋਹਤੀ ਨੇ ਜਦੋਂ ਦੋ ਤਿੰਨ ਵਾਰ ਨਾਨੂੰ, ਨਾਨੂੰ, ਕਿਹਾ। ਜਦੋਂ ਉਹ ਨਾ ਬੋਲਿਆ ਤਾਂ ਉਸ ਬੱਚੀ ਨੇ ਆਪਣੀ ਮਾਂ ਨੂੰ ਆਵਾਜ਼ ਮਾਰੀ, ‘‘ਮੰਮੀ ਨਾਨੂੰ!”
ਉਸ ਦੀ ਕੁੜੀ ਤੇ ਨੂੰਹ ਗੁਰਮੁਖ ਦੇ ਮੰਜੇ ਵੱਲ ਭੱਜੀਆਂ।
ਗੁਰਮੁਖ ਦਾ ਘੋਰੜੂ ਬੋਲ ਰਿਹਾ ਸੀ। ਕੁੜੀ ਭੱਜ ਕੇ ਰਸੋਈ ਚੋਂ ਪਾਣੀ ਲੈਣ ਲਈ ਚਲੀ ਗਈ
ਤੇ ਨੂੰਹ ਨੇ ਆਪਣੇ ਸਹੁਰੇ ਦਾ ਸਿਰ ਆਪਣੀ ਗੋਦੀ ਵਿਚ ਰੱਖ ਕੇ ਜਦੋਂ ਹੀ ਸਿਰ ਵਿਚ ਹੱਥ ਫੇਰਿਆ,ਗੁਰਮੁਖ ਨੇ ਅੱਖ ਪੱਟੀ ਤੇ ਆਪਣਾ ਹੱਥ ਆਪਣੀ ਨੂੰਹ ਦੇ ਸਿਰ ਤੇ ਧਰ ਕੇ ਕਿਹਾ, ਚੰਗਾ ਧੀਏ! ਮੇਰੇ ਲਈ ਇਸ ਦੁਨੀਆਂ ਤੋਂ ਜਾਣ ਦਾ,ਇਸ ਤੋਂ ਵੱਡਾ ਦਿਨ ਕੋਈ ਹੋਰ ਨਹੀਂ ਹੋ ਸਕਦਾ। ਹੁਣ ਹਿਚਕੀ ਬੰਦ ਹੋ ਚੁੱਕੀ ਸੀ ਤੇ ਦੁਨੀਆਂ ਤੋਂ ਜਾਣ ਵੇਲੇ, ਉਸ ਦੇ ਚਿਹਰੇ ਤੇ ਜਲਾਲ ਦੇਖਣ ਵਾਲਾ ਸੀ।

-ਜਸਪਾਲ ਜੱਸੀ

Comment here