ਲੁਧਿਆਣਾ-ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਚਰਚਾ ਵਿੱਚ ਹਨ, ਉਹਨਾਂ ਉਤੇ ਹਾਲ ਹੀ ਵਿੱਚ ਅਦਾਲਤ ਦੇ ਆਦੇਸ਼ ਮਗਰੋਂ ਲੁਧਿਆਣਾ ਪੁਲਸ ਨੇ ਰੇਪ ਦਾ ਕੇਸ ਦਰਜ ਕੀਤਾ ਹੈ, ਤੇ ਹੁਣ ਇਕ ਹੋਰ ਮਹਿਲਾ ਨੇ ਸਿਮਰਜੀਤ ਬੈਂਸ ‘ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਮਹਿਲਾ ਤਾਂ ਕੇਸ ਦਰਜ ਕਰਾਉਣ ਦੀ ਮੰਗ ਲੈ ਕੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਦੇ ਦਫ਼ਤਰ ਬਾਹਰ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ‘ਤੇ ਬੈਠ ਗਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਹ ਪੁਲਸ ਕਮਿਸ਼ਨਰ ਦੇ ਦਫ਼ਤਰ ਬਾਹਰ ਭੁੱਖ-ਹੜਤਾਲ ‘ਤੇ ਬੈਠੀ ਰਹੇਗੀ। ਜੇਕਰ ਲੋੜ ਪਈ ਤਾਂ ਉਹ ਵੀ ਅਦਾਲਤ ਦਾ ਦਰਵਾਜ਼ਾ ਖੜਕਾਵੇਗੀ। ਉਸ ਨੇ ਕਿਹਾ ਹੈ ਕਿ ਬੈਂਸ ਨੇ ਮਦਦ ਦੇ ਨਾਮ ਤੇ ਉਸ ਦਾ ਕਥਿਤ ਜਿਸਮਾਨੀ ਸ਼ੋਸ਼ਣ ਕੀਤਾ ਸੀ। ਇਸ ਮਹਿਲਾ ਦੀ ਮਦਦ ਕਰ ਰਹੇ ਸਮਾਜ ਸੇਵੀ ਪ੍ਰਿੰਕਲ ਸਿੰਘ ਅਤੇ ਬੈਂਸ ਦੇ ਪੁਰਾਣੇ ਸਾਥੀ ਰਾਜਾ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੇ ਪ੍ਰਤੀਨਿਧੀ ਹੀ ਅਜਿਹਾ ਕੰਮ ਕਰਨਗੇ ਤਾਂ ਸਮਾਜ ‘ਚ ਕਿਸ ਤਰ੍ਹਾਂ ਦਾ ਸੰਦੇਸ਼ ਜਾਵੇਗਾ। ਉਹਨਾਂ ਨੇ ਪੁਲਸ ਨੂੰ ਇਸ ਮਾਮਲੇ ਚ ਵੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਯਾਦ ਰਹੇ ਪਹਿਲੇ ਮਾਮਲੇ ਚ ਬੈਂਸ ਕਹਿ ਚੁੱਕੇ ਨੇ ਕਿ ਉਹਨਾਂ ਦੇ ਸਿਆਸੀ ਵਿਰੋਧੀ ਉਹਨਾਂ ਦੇ ਅਕਸ ਨੂੰ ਢਾਅ ਲਾਉਣ ਲਈ ਅਜਿਹਾ ਕਰ ਰਹੇ ਹਨ।
Comment here