ਅਪਰਾਧਸਿਆਸਤਖਬਰਾਂ

ਕਸ਼ਮੀਰੀ ਸੰਜੇ ਸ਼ਰਮਾ ਦਾ ਕਾਤਲ ਅੱਤਵਾਦੀ ਮੁਕਾਬਲੇ ‘ਚ ਢੇਰ

* ਪੁਲਵਾਮਾ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ, ਘਰ ਤੋਂ ਕੁੱਝ ਕਦਮਾਂ ਦੀ ਦੂਰੀ ‘ਤੇ ਕੀਤਾ ਕਤਲ
ਸ਼੍ਰੀਨਗਰ-ਕਸ਼ਮੀਰ ਘਾਟੀ ਵਿਚ ਘੱਟ-ਗਿਣਤੀ ਭਾਈਚਾਰੇ ਦੀ ਟਾਰਗੇਟ ਕਿਲਿੰਗ ਦੇ ਮਾਮਲੇ ਵੱਧ ਰਹੇ ਹਨ। ਸ਼੍ਰੀਨਗਰ-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਨੂੰ ਇਕ ਕਸ਼ਮੀਰੀ ਹਿੰਦੂ ਸੰਜੇ ਸ਼ਰਮਾ ਦੇ ਕਤਲ ਲਈ ਜ਼ਿੰਮੇਵਾਰ ਅੱਤਵਾਦੀ ਨੂੰ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ‘ਚ ਢੇਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਰਾੀ ਦਿੱਤੀ। ਮੁਕਾਬਲੇ ‘ਚ ਫ਼ੌਜ ਦਾ ਇਕ ਜਵਾਨ ਵੀ ਕਾਰਵਾਈ ‘ਚ ਸ਼ਹੀਦ ਹੋ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਪੁਲਵਾਮਾ (ਏ ਕੈਟੇਗਰੀ) ਦੇ ਅਕੀਬ ਮੁਸਤਾਕ ਭੱਟ ਵਜੋਂ ਹੋਈ ਹੈ। ਜੰਮੂ ਕਸ਼ਮੀਰ ਪੁਲਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਏ.ਡੀ.ਜੀ.ਪੀ.) ਕਸ਼ਮੀਰ ਜ਼ੋਨ ਵਿਜੇ ਕੁਮਾਰ ਦੇ ਹਵਾਲੇ ਤੋਂ ਟਵੀਟ ਕੀਤਾ,”ਉਸ ਨੇ ਸ਼ੁਰੂ ‘ਚ ਐੱਚ.ਐੱਮ. ਅੱਤਵਾਦੀ ਸੰਗਠਨ ਲਈ ਕੰਮ ਕੀਤਾ ਸੀ, ਅੱਜ ਕੱਲ ਉਹ ਟੀ.ਆਰ.ਐੱਫ. ਨਾਲ ਕੰਮ ਕਰ ਰਿਹਾ ਸੀ। ਮਰਹੂਮ ਸੰਜੇ ਸ਼ਰਮਾ ਦਾ ਕਾਤਲ ਢੇਰ ਹੋ ਗਿਆ।” ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀ ਇਕ ਸਾਂਝੀ ਟੀਮ ਨੂੰ ਉਸ ਖੇਤਰ ‘ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ ਸੀ। ਸੁਰੱਖਿਆ ਫ਼ੋਰਸਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੀ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ। ਹਾਲ ਦੇ ਦਿਨਾਂ ‘ਚ ਪੂਰੇ ਕਸ਼ਮੀਰ ‘ਚ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਕਈ ਮੁਕਾਬਲੇ ਹੋਏ ਹਨ, ਜਿਸ ‘ਚ ਕਈ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ ਹੈ।
ਕੀ ਹੈ ਮਾਮਲਾ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਐਤਵਾਰ ਨੂੰ ਕਸ਼ਮੀਰੀ ਪੰਡਿਤ ਭਾਈਚਾਰੇ ਦੇ 40 ਸਾਲਾ ਇਕ ਵਿਅਕਤੀ ਦਾ ਉਸ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਬਾਜ਼ਾਰ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਕ ਏ.ਟੀ.ਐੱਮ. ਦੇ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਸੰਜੇ ਸ਼ਰਮਾ ‘ਤੇ ਦੱਖਣੀ ਕਸ਼ਮੀਰ ਸਥਿਤ ਪੁਲਵਾਮਾ ਜ਼ਿਲ੍ਹੇ ਦੇ ਅਚਨ ਇਲਾਕੇ ਵਿਚ ਸਵੇਰੇ ਤਕਰੀਬਨ 11 ਵਜੇ ਗੋਲ਼ੀ ਚਲਾਈ ਗਈ, ਜੋ ਉਸ ਦੀ ਛਾਤੀ ਵਿਚ ਲੱਗੀ। ਉਨ੍ਹਾਂ ਦੱਸਿਆ ਕਿ ਰਾਹਗੀਰ ਉਨ੍ਹਾਂ ਨੂੰ ਇਕ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਮਲਾ ਸ਼ਰਮਾ ਦੀ ਰਿਹਾਇਸ਼ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਕੀਤਾ ਗਿਆ। ਸੰਜੇ ਸ਼ਰਮਾ ਨਾਲ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਕਸ਼ਮੀਰੀ ਪੰਡਿਤ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਕਾਰਨ ਉਹ ਰਾਤ ਦੀ ਡਿਊਟੀ ‘ਤੇ ਨਹੀਂ ਜਾ ਰਿਹਾ ਸੀ।
ਘਟਨਾ ਸਬੰਧੀ ਗੱਲਬਾਤ ਕਰਦਿਆਂ ਡੀ.ਆਈ.ਜੀ. ਦੱਖਣੀ ਕਸ਼ਮੀਰ ਰਈਸ ਭੱਟ ਨੇ ਕਿਹਾ ਕਿ ਇਹ ਇਕ ਸੋਚਿਆ-ਸਮਝਿਆ ਹਮਲਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਪਿੰਡ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨਾਲ ਜੁੜੇ ਅੱਤਵਾਦੀਆਂ ਦਾ ਛੇਤੀ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਵੇਗਾ। ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਵਿਚ ਸਫ਼ਲ ਨਹੀਂ ਹੋਣ ਦੇਵਾਂਗੇ।
ਅੱਤਵਾਦ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਦਿੱਤੀ ਖੁਲ੍ਹ – ਉਪ ਰਾਜਪਾਲ
ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਸੰਜੇ ਕੁਮਾਰ ‘ਤੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ, ਜਿਸ ‘ਤੇ ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਰਾਜ ਭਵਨ ਦੇ ਬੁਲਾਰੇ ਨੇ ਕਿਹਾ ਕਿ ਉਪ-ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਵਿੱਚ ਸੰਜੇ ਕੁਮਾਰ ਸ਼ਰਮਾ ‘ਤੇ ਹੋਈ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸਿਨਹਾ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਪ੍ਰਸ਼ਾਸਨ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਮੇਰੀ ਹਮਦਰਦੀ ਪੀੜਤ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਨਾਲ ਨਜਿੱਠਣ ਲਈ ਖੁੱਲ੍ਹ ਦਿੱਤੀ ਹੈ ਅਤੇ ਅਸੀਂ ਅੱਤਵਾਦ ਦੀਆਂ ਅਜਿਹੀਆਂ ਹਰਕਤਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਜਾਰੀ ਰੱਖਾਂਗੇ।
ਕਸ਼ਮੀਰੀ ਪੰਡਿਤ ਦੀ PM ਮੋਦੀ ਨੂੰ ਅਪੀਲ, ਉਪ ਰਾਜਪਾਲ ਮਨੋਜ ਸਿਨਹਾ ਨੂੰ ਤੁਰੰਤ ਹਟਾਓ
ਕਸ਼ਮੀਰੀ ਪੰਡਿਤ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਤੁਰੰਤ ਹਟਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਦੀ ਸਵੇਰ ਨੂੰ ਇਕ ਬੈਂਕ ‘ਚ ਸੁਰੱਖਿਆ ਗਾਰਡ ਦੇ ਰੂਪ ‘ਚ ਵਰਕਰ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦਾ ਅੱਤਾਵਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਕਤੂਬਰ 2021 ਮਗਰੋਂ ਘਾਟੀ ‘ਚ ਮਾਰੇ ਜਾਣ ਵਾਲੇ ਸੰਜੇ ਚੌਥੇ ਕਸ਼ਮੀਰ ਪੰਡਿਤ ਹਨ। ਕਮੇਟੀ ਦੇ ਪ੍ਰਧਾਨ ਸੰਜੇ ਕੇ. ਟਿੰਕੂ ਨੇ ਇਕ ਬਿਆਨ ‘ਚ ਕਿਹਾ ਕਿ ਭਾਰਤ ਸਰਕਾਰ ਨੂੰ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਵੇਖਦੇ ਹੋਏ ਮੌਜੂਦਾ ਉਪ ਰਾਜਪਾਲ ਦੀ ਅਸਫ਼ਲਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਕਮੇਟੀ ਦੇ ਪ੍ਰਧਾਨ ਟਿੰਕੂ ਨੇ ਕਿਹਾ ਕਿ ਸਾਡਾ ਸੰਗਠਨ ਨਿਮਰਤਾਪੂਰਵਕ ਹੱਥ ਜੋੜ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਕਸ਼ਮੀਰੀ ਪੰਡਿਤਾਂ ਨੂੰ ਮਾਰਨ ਲਈ ਮੌਜੂਦਾ ਉਪ ਰਾਜਪਾਲ ਨੂੰ ਤੁਰੰਤ ਬਦਲਣ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਯੁੱਧ ਚਾਹੁੰਦੇ ਹਨ ਅਤੇ ਭਾਰਤ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਇਸ ਚੁਣੌਤੀ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਕਸ਼ਮੀਰੀ ਪੰਡਿਤਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਜ਼ਿੰਦਗੀ ਨੂੰ ਖ਼ਤਰੇ ‘ਚ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਟਿੰਕੂ ਮੁਤਾਬਕ 1990 ਤੋਂ ਕਸ਼ਮੀਰੀ ਪੰਡਿਤਾਂ ਲਈ ਕਸ਼ਮੀਰ ਵਿਚ ਕਾਲਾ ਸਮਾਂ ਜਾਰੀ ਹੈ ਅਤੇ ਦੁਨੀਆ ਇਸ ਮੁੱਦੇ ‘ਤੇ ਗੂੰਗੀ ਅਤੇ ਅੰਨ੍ਹੀ ਹੋ ਗਈ ਹੈ। ਇਸਲਾਮੀ ਦੇਸ਼ ਅਤੇ ਵਿਦਵਾਨ ਵਾਰ-ਵਾਰ ਦਾਅਵਾ ਕਰਦੇ ਹਨ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਕਸ਼ਮੀਰ ‘ਚ ਇਹ ਵੇਖਣ ਦੀ ਜ਼ਰੂਰਤ ਹੈ ਕਿ ਇੱਥੇ ਨਾ ਸਿਰਫ਼ ਉਸ ਦਾ ਇਕ ਧਰਮ ਹੈ, ਸਗੋਂ ਇਕ ਚਿਹਰਾ ਵੀ ਹੈ।

Comment here