ਅਪਰਾਧਸਿਆਸਤਖਬਰਾਂ

ਕਸ਼ਮੀਰ ’ਚ 17 ਦਿਨਾਂ ’ਚ 35 ਨਾਗਰਿਕ ਅੱਤਵਾਦੀਆਂ ਦੇ ਸ਼ਿਕਾਰ

ਜੰਮੂ-ਕਸ਼ਮੀਰ ਵਿੱਚ ਅਕਤੂਬਰ ਮਹੀਨੇ ਦੇ ਪਹਿਲੇ 17 ਦਿਨਾਂ ’ਚ ਕੁੱਲ 35 ਮੌਤਾਂ ਹੋਈਆਂ। ਇਨ੍ਹਾਂ ’ਚ 12 ਨਾਗਰਿਕ ਅੱਤਵਾਦੀਆਂ ਦੇ ਸ਼ਿਕਾਰ ਹੋਏ ਅਤੇ ਨੌਂ ਜਵਾਨ ਵੱਖ-ਵੱਖ ਮੁਕਾਬਲਿਆਂ ’ਚ ਸ਼ਹੀਦ ਹੋਏ। ਇਨ੍ਹਾਂ ਤੋਂ ਇਲਾਵਾ ਇਸ ਦੌਰਾਨ ਕੁੱਲ 13 ਮੁਕਾਬਲਿਆਂ ’ਚ 14 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਅੰਕੜਿਆਂ ਅਨੁਸਾਰ, ਇਕ ਅਕਤੂਬਰ ਨੂੰ ਕੁਲਗਾਮ ਦਾ ਰਹਿਣ ਵਾਲਾ ਅੱਤਵਾਦੀ ਮੁਜੀਬ ਲੋਨ ਸ਼ੋਪੀਆਂ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ। ਇਸੇ ਤਰ੍ਹਾਂ ਅੱਠ ਅਕਤੂਬਰ ਨੂੰ ਸ਼ੋਪੀਆਂ ਦਾ ਰਹਿਣ ਵਾਲਾ ਅੱਤਵਾਦੀ ਆਕਿਬ ਕੁਮਾਰ ਛਨਪੋਰਾ ਸ੍ਰੀਨਗਰ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ। ਨੌਂ ਅਗਤੂਬਰ ਨੂੰ ਸ੍ਰੀਨਗਰ ਦੇ ਮੇਥਾਨਖੇਤਰ ’ਚ ਮੁਕਾਬਲੇ ਦੌਰਾਨ ਅੱਤਵਾਦੀ ਭੱਜ ਨਿਕਲਣ ’ਚ ਸਫਲ ਹੋਏ, ਪਰ 11 ਅਕਤੂਬਰ ਨੂੰ ਗੁੰਡ ਜਹਾਂਗੀਰ ਹਾਜਿਨ ਬਾਂਦੀਪੋਰਾ ਅਤੇ ਖਾਨਗੁੰਡ ਵੇਰੀਨਾਗ ’ਚ ਹੋਏ ਮੁਕਾਬਲਿਆਂ ’ਚ ਦੋ ਅੱਤਵਾਦੀ ਇਮਤਿਆਜ਼ ਅਹਿਮਦ ਅਤੇ ਯਵਾਰ ਅਹਿਮਦ ਮਾਰੇ ਗਏ।
12 ਅਕਤੂਬਰ ਨੂੰ ਦੱਖਣ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਹੋਏ ਦੋ ਮੁਕਾਬਲਿਆਂ ’ਚ ਪੰਜ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ’ਚੋਂ ਦਾਨਿਸ਼ ਹੁਸੈਨ ਡਾਰ, ਯਵਾਰ ਨਾਈਕੁ, ਮੁਖਤਾਰ ਸ਼ਾਹ, ਉਬੇਦ ਅਹਿਮਦ ਡਾਰ ਅਤੇ ਖੁਬੇਬ ਅਹਿਮਦ ਨੇਗਰੂ ਸ਼ਾਮਲ ਹਨ। 13 ਅਕਤੂਬਰ ਨੂੰ ਜੈਸ਼ ਦਾ ਟਾਪ ਕਮਾਂਡਰ ਸ਼ਮਸੁਦੀਨ ਸੋਫੀ ਤਰਾਲ ’ਚ ਹੋਏ ਮੁਕਾਬਲੇ ’ਚ ਮਾਰਿਆ ਗਿਆ। ਉੱਥੇ 15 ਅਕਤੂਬਰ ਨੂੰ ਪੁਲਵਾਮਾ ਦੇ ਵਾਸ਼ਵੁਗ ਖੇਤਰ ’ਚ ਹੋਏ ਮੁਕਾਬਲੇ ’ਚ ਸ਼ਾਹਿਦ ਬਸ਼ੀਰ ਸ਼ੇਖ ਅਤੇ ਬੇਮਿਨਾ ਸ੍ਰੀਨਗਰ ’ਚ ਹੱਬਾਕਦਲ ਦਾ ਰਹਿਣ ਵਾਲਾ ਤੰਜੀਲ ਅਹਿਮਦ ਮਾਰਿਆ ਗਿਆ। ਇਕ ਦਿਨ ਪਹਿਲਾਂ 16 ਅਕਤੂਬਰ ਨੂੰ ਪੰਪੋਰ ਦਾ ਰਹਿਣ ਵਾਲਾ ਉਮਰ ਮੁਸ਼ਤਾਕ ਅਤੇ ਛਨਪੋਰਾ ਦਾ ਸ਼ਾਹਿਦ ਖੁਰਸ਼ੀਦ ਮਾਰਿਆ ਗਿਆ।
ਦੋ ਅਕਤੂਬਰ ਨੂੰ ਸ੍ਰੀਨਗਰ ਦੇ ਕਰਨਨਗਰ ’ਚ ਮਾਜਿਦ ਅਹਿਮਦ ਗੋਜਰੀ ਨਿਵਾਸੀ ਛਤਾਬਲ ਸ੍ਰੀਨਗਰ ਅਤੇ ਮੁਹੰਮਦ ਸ਼ਫ਼ੀ ਡਾਰ ਨਿਵਾਸੀ ਬਟਮਾਲੂ ਦੀ ਹੱਤਿਆ ਹੋਈ। ਪੰਜ ਅਕਤੁਬਰ ਨੂੰ ਦਵਾਈ ਵਿਕਰੇਤਾ ਡਾ. ਬਿੰਦਰੂ ਲਾਲ, ਰੇਹੜੀ ਲਾਉਣ ਵਾਲੇ ਵੀਰੇਂਦਰ ਪਾਸਵਾਨ ਅਤੇ ਸੂਮੋ ਡਰਾਈਵਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਸ਼ਫ਼ੀ ਲੋਨ ਦੀ ਹੱਤਿਆ ਹੋਈ। ਸੱਤ ਅਕਤੂਬਰ ਨੂੰ ਦੋ ਅਧਿਆਪਕਾਂ ਦੀਪਕ ਚੰਦ ਅਤੇ ਪ੍ਰਿੰਸੀਪਲ ਸੁਪਿੰਦਰ ਕੌਰ ਦੀ ਈਦਗਾਰ ਖੇਤਰ ’ਚ ਹੱਤਿਆ ਹੋਈ। ਸੱਤ ਅਕਤੂਬਰ ਨੂੰ ਰਾਜਕੰਗ ਦੇ ਰਹਿਣ ਵਾ ਲੇ ਪਰਵੇਜ਼ ਅਹਿਮਦ ਅਤੇ 16 ਅਕਤੂਬਰ ਨੂੰ ਬਿਹਾਰ ਦੇ ਰਹਿਣ ਵਾਲੇ ਅਰਵਿੰਦ ਕੁਮਾਰ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਸਗੀਰ ਅਹਿਮਦ ਦੀ ਹੱਤਿਆ ਹੋਈ। ਉੱਥੇ, ਐਤਵਾਰ ਦੇਰ ਸ਼ਾਮ ਨੂੰ ਕੁਪਵਾੜਾ ਦੇ ਗੰਜੀਪੋਰਾ ’ਚ ਇਕ ਘਰ ’ਚ ਵੜ ਕੇ ਅੱਤਵਾਦੀਆਂ ਨੇ ਬਿਹਾਰ ਦੇ ਦੋ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਜਦੋਂਕਿ ਤੀਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਜੰਮੂ ਇਲਾਕੇ ਦੇ ਪੁਣਛ ’ਚ ਹੋਏ ਮੁਕਾਬਲਿਆਂ ’ਚ ਨੌਂ ਜਵਾਨ ਸ਼ਹੀਦ ਹੋ ਗਏ ਹਨ। 11 ਅਕਤੂਬਰ ਨੂੰ ਹੋਏ ਮੁਕਾਬਲੇ ’ਚ ਸ਼ਹੀਦ ਹੋਏ ਜਵਾਨਾਂ ’ਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਿਪਾਹੀ ਸਿਰਾਜ ਸਿੰਘ ਅਤੇ ਵੈਸਾਖ ਸ਼ਾਮਲ ਹਨ। 14 ਅਕਤੂਬਰ ਨੂੰ ਮੇਂਢਰ ’ਚ ਦੋ ਅਤੇ 16 ਅਕਤੂਬਰ ਨੂੰ ਦੋ ਹੋਰ ਜਵਾਨ ਸ਼ਹੀਦ ਹੋਏ।

Comment here