ਕਸ਼ਮੀਰ-ਕਸ਼ਮੀਰ ਵਿਚ ਘੱਟ ਗਿਣਤੀ ਨੂੰ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ਦੇ ਚਲਦੇ ਮੈਡੀਕਲ ਸਟੋਰ ਦੇ ਮਾਲਕ ਤੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਸੈਂਕੜੇ ਪੰਡਿਤ ਪਰਿਵਾਰ ਜਿਹੜੇ ਵਿਸਥਾਪਤ ਕੈਂਪਾਂ ’ਚ ਰਹਿ ਰਹੇ ਸਨ, ਵਾਦੀ ਛੱਡ ਗਏ ਹਨ। ਸਰਕਾਰ ਨੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਘੱਟ ਗਿਣਤੀ ਦੇ ਸਰਕਾਰੀ ਮੁਲਾਜ਼ਮਾਂ ਨੂੰ 10 ਦਿਨਾਂ ਦੀ ਛੁਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਘਟਨਾਵਾਂ ਦੇ ਬਾਅਦ ਪ੍ਰਧਾਨ ਮੰਤਰੀ ਪੈਕੇਜ ਤਹਿਤ 2011-12 ਤੋਂ ਨਿਯੁਕਤ ਕੀਤੇ ਕਰਮਚਾਰੀ ਵਿਸ਼ੇਸ਼ ਕਰ ਕਸ਼ਮੀਰੀ ਪੰਡਿਤ ਵਿਸਥਾਪਤ ਕੈਂਪ ਖਾਲੀ ਕਰ ਕੇ ਖੌਫ਼ ਦੇ ਮਾਰੇ ਜੰਮੂ ਭੱਜ ਗਏ ਹਨ। ਇਨ੍ਹਾਂ ਕੈਂਪਾਂ ਵਿਚ ਪੁਲਿਸ ਨੇ ਸੁਰੱਖਿਆ ਦੇ ਭਾਰੀ ਪ੍ਰਬੰਧ ਕਰਦੇ ਇਨ੍ਹਾਂ ਨੂੰ ਪੁਲਿਸ ਛਾਉਣੀਆਂ ਵਿਚ ਬਦਲ ਦਿੱਤਾ ਹੈ। 500 ਦੇ ਕਰੀਬ ਪੰਡਿਤ, ਸਰਕਾਰੀ ਕਰਮਚਾਰੀ ਜੰਮੂ ਦਾ ਰੁਖ ਕਰ ਚੁੱਕੇ ਹਨ ਅਨੰਤਨਾਗ, ਬਡਗਾਮ, ਬਾਰਾਮੁਲਾ, ਗਾਂਦਰਬਲ ਜ਼ਿਲਿਆਂ ਵਿਚ ਸਥਾਪਤ ਕੀਤੇ ਗਏ ਕੈਂਪਾਂ ਵਿਚੋਂਂ 1000 ਦੇ ਕਰੀਬ ਸਰਕਾਰੀ ਮੁਲਾਜ਼ਮ ਜੰਮੂ ਜਾ ਚੁੱਕੇ ਹਨ। ਪਿਛਲੇ ਇਕ ਮਹੀਨੇ ਤੋਂ ਵਾਦੀ ’ਚ ਕਸ਼ਮੀਰੀ ਪੰਡਿਤਾਂ, ਪੁਲਿਸ ਕਰਮੀਆਂ ਤੇ ਗ਼ੈਰ-ਰਿਆਸਤੀ ਵਿਅਕਤੀਆਂ ਦੇ ਨਾਲ ਸੁਰੱਖਿਆ ਬਲਾਂ ’ਤੇ ਹਮਲਿਆਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਇਸ ਨੂੰ ਵਾਦੀ ਵਿਚ ਜਿਹਾਦੀਆਂ ਵਲੋਂ ਦਹਿਸ਼ਤ ਫੈਲਾਉਣ ਦੀ ਸਾਜਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਧਾਰਾ 370 ਦੇ ਹਟਾਉਣ ਦੇ ਬਾਅਦ ਜਿਹਾਦੀ ਦਹਿਸ਼ਤੀ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸ੍ਰੀਨਗਰ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਨਾ ਦੇਣ ਤੱਕ ਘੱਟ ਗਿਣਤੀ ਸਰਕਾਰੀ ਮੁਲਾਜ਼ਮ ਡਿਊਟੀ ’ਤੇ ਹਾਜ਼ਰ ਨਹੀਂ ਹੋਣਗੇ। ਸ੍ਰੀਨਗਰ ਦੇ ਗੁਰਦੁਆਰਾ ਸਿੰਘ ਸਭਾ ਅਮੀਰਾ ਕਦਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਪ੍ਰਧਾਨ ਬੁੱਢਾ ਸਿੰਘ ਤੇ ਨਵਤੇਜ ਸਿੰਘ, ਜੋਗਿੰਦਰ ਸਿੰਘ ਸ਼ਾਨ ਤਰਾਲ ਨੇ ਪ੍ਰਸ਼ਾਸਨ ’ਤੇ ਵਾਦੀ ਵਿਚ ਰਹਿ ਰਹੇ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਸ੍ਰੀਨਗਰ ਵਿਖੇ 2 ਅਧਿਆਪਕਾਂ ਦੀ ਹੱਤਿਆ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਵਾਦੀ ਵਿਚ ਘੱਟ ਗਿਣਤੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਤੇ ਉਹ ਇਸ ਵੇਲੇ ਖੌਫ਼ ’ਚ ਰਹਿ ਰਹੇ ਹਨ।ਕਮੇਟੀ ਨੇ ਬਹੁ-ਗਿਣਤੀ ਭਾਈਚਾਰੇ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇਨ੍ਹਾਂ ਕਤਲਾਂ ਦੀ ਜਿਸ ਤਰ੍ਹਾਂ ਨਿਖੇਧੀ ਕਰਨੀ ਸੀ ਉਸ ਤਰ੍ਹਾਂ ਨਿਖੇਧੀ ਲਈ ਸਾਹਮਣੇ ਨਹੀਂ ਆਏ। ਕਮੇਟੀ ਨੇ ਕੇਂਦਰ ਤੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਕਿ ਕਿਤੇ ਇਹ ਚਿਟੀ ਸਿੰਘਪੁਰਾ ਵਰਗਾ ਹਮਲਾ ਤਾਂ ਨਹੀਂ ਹੈ।
Comment here