ਸਿਆਸਤਖਬਰਾਂਚਲੰਤ ਮਾਮਲੇ

ਕਸ਼ਮੀਰ ’ਚ ਪਹਿਲਾ ਮਹਿਲਾ ਥਾਣਾ ਖੁੱਲ੍ਹਿਆ, ਡੀਜੀਪੀ ਵਲੋਂ ਉਦਘਾਟਨ

ਅਨੰਤਨਾਗ-ਦੱਖਣੀ ਕਸ਼ਮੀਰ ‘ਚ ਪਹਿਲਾ ਮਹਿਲਾ ਪੁਲਸ ਥਾਣਾ ਖੋਲ੍ਹਣ ਦਾ ਮਕਸਦ ਔਰਤਾਂ ਲਈ ਬਿਹਤਰ ਮਾਹੌਲ ਮੁਹੱਈਆ ਕਰਾਉਣਾ ਹੈ। ਮਹਿਲਾ ਪੁਲਸ ਥਾਣਾ ਨੇ ਅਨੰਤਨਾਗ ਜ਼ਿਲ੍ਹੇ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਥਾਣੇ ਦਾ ਉਦਘਾਟਨ ਡੀ.ਜੀ.ਪੀ ਦਿਲਬਾਗ ਸਿੰਘ ਨੇ ਕੀਤਾ। ਮਹਿਲਾ ਪੁਲਸ ਥਾਣਾ ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਸਮੇਤ ਦੱਖਣੀ ਕਸ਼ਮੀਰ ਦੇ ਸਾਰੇ ਜ਼ਿਲਿ੍ਹਆਂ ਦੀਆਂ ਔਰਤਾਂ ਦੇ ਕੇਸਾਂ ਦੀ ਸੁਣਵਾਈ ਕਰੇਗਾ। ਮਹਿਲਾ ਪੁਲਸ ਥਾਣੇ ਦੀ ਇੰਚਾਰਜ ਤਾਹਿਰਾ ਅਖ਼ਤਰ ਨੇ ਕਿਹਾ ਕਿ ਵੱਖਰੇ-ਵੱਖਰੇ ਮਹਿਲਾ ਪੁਲਸ ਥਾਣੇ ਖੋਲ੍ਹਣ ਨਾਲ ਸਬੰਧਤ ਖੇਤਰਾਂ ਦੀਆਂ ਔਰਤਾਂ ਨੂੰ ਅਪਰਾਧ ਦੀ ਰਿਪੋਰਟ ਕਰਨ ਲਈ ਵਧੇਰੇ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਮਿਲੇਗਾ, ਕਿਉਂਕਿ ਉਹ ਆਪਣੀਆਂ ਸ਼ਿਕਾਇਤਾਂ ਨੂੰ ਬਹੁਤ ਆਸਾਨੀ ਨਾਲ ਦੱਸਣ ’ਚ ਸਮਰੱਥ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮਹਿਲਾ ਪੁਲਸ ਅਧਿਕਾਰੀ ਪੀੜਤ ਔਰਤਾਂ ਦੀਆਂ ਸ਼ਿਕਾਇਤਾਂ ਨੂੰ ਸਮਝਣ ਲਈ ਕਾਫ਼ੀ ਸੰਵੇਦਨਸ਼ੀਲ ਹੋਣਗੀਆਂ।
ਦੱਖਣੀ ਕਸ਼ਮੀਰ ‘ਚ ਮਹਿਲਾ ਪੁਲਸ ਥਾਣਾ ਖੋਲ੍ਹਣ ਦਾ ਮਕਸਦ ਔਰਤਾਂ ਲਈ ਬਿਹਤਰ ਮਾਹੌਲ ਮੁਹੱਈਆ ਕਰਵਾਉਣਾ ਹੈ ਕਿਉਂਕਿ ਔਰਤਾਂ ਖਿਲਾਫ਼ ਅਪਰਾਧ ਵਧਦੇ ਜਾ ਰਹੇ ਹਨ। ਇਸ ਕਦਮ ਨਾਲ ਇਨ੍ਹਾਂ ਅਪਰਾਧਾਂ ਨੂੰ ਪੂਰੀ ਤਾਕਤ ਨਾਲ ਨਜਿੱਠਿਆ ਜਾਵੇਗਾ। ਇਕ ਸਥਾਨਕ ਨਿਵਾਸੀ ਰੁਮੀਸਾ ਜਾਨ ਨੇ ਕਿਹਾ, “ਜਿਵੇਂ-ਜਿਵੇਂ ਔਰਤਾਂ ਵਿਰੁੱਧ ਅਪਰਾਧ ਵੱਧ ਰਹੇ ਹਨ, ਔਰਤਾਂ ਲਈ ਅੱਗੇ ਆਉਣਾ ਜ਼ਰੂਰੀ ਹੈ। ਹੁਣ ਉਨ੍ਹਾਂ ਕੋਲ ਕੋਈ ਅਜਿਹਾ ਹੋਵੇਗਾ ਜੋ ਬਿਨਾਂ ਝਿਜਕ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੇਗਾ। ਸਿਰਫ਼ ਔਰਤਾਂ ਹੀ ਦੂਜੀਆਂ ਔਰਤਾਂ ਨੂੰ ਸਮਝ ਸਕਦੀਆਂ ਹਨ।’’ ਮੁਨੀਰਾ ਬਾਨੋ, ਇਕ ਸਥਾਨਕ ਨਿਵਾਸੀ ਨੇ ਕਿਹਾ, “ਮੈਂ ਸੱਚ-ਮੁੱਚ ਖੁਸ਼ ਹਾਂ ਕਿ ਇੱਥੇ ਇਕ ਮਹਿਲਾ ਪੁਲਸ ਥਾਣਾ ਖੁੱਲਿ੍ਹਆ ਹੈ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਔਰਤਾਂ ਨੂੰ ਜਾ ਕੇ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ।’’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਨੂੰ ਵੀ ਆਪਣਾ ਪਹਿਲਾ ਮਹਿਲਾ ਪੁਲਸ ਥਾਣਾ ਮਿਲਿਆ ਸੀ, ਜਿਸ ਦਾ ਉਦਘਾਟਨ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ) ਦਿਲਬਾਗ ਸਿੰਘ ਨੇ ਹੀ ਕੀਤਾ ਸੀ। ਡੀ.ਜੀ.ਪੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸਾਰੇ ਰੇਂਜ ਪੱਧਰਾਂ ‘ਤੇ ਮਹਿਲਾ ਪੁਲਸ ਥਾਣੇ ਖੋਲ੍ਹੇ ਗਏ ਹਨ।ਡੀ.ਜੀ.ਪੀ ਨੇ ਅੱਗੇ ਕਿਹਾ ਕਿ ਵੱਖਰੇ ਮਹਿਲਾ ਪੁਲਸ ਥਾਣਾ ਖੋਲ੍ਹਣ ਨਾਲ ਸਬੰਧਤ ਖੇਤਰਾਂ ਦੀਆਂ ਔਰਤਾਂ ਨੂੰ ਅਪਰਾਧ ਦੀ ਰਿਪੋਰਟ ਕਰਨ ਲਈ ਵਧੇਰੇ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਮਿਲੇਗਾ ਕਿਉਂਕਿ ਉਹ ਆਪਣੀਆਂ ਸ਼ਿਕਾਇਤਾਂ ਨੂੰ ਵਧੇਰੇ ਆਰਾਮ ਨਾਲ ਪ੍ਰਗਟ ਕਰਨ ਦੇ ਯੋਗ ਹੋਣਗੀਆਂ।

Comment here