ਅਪਰਾਧਸਿਆਸਤਖਬਰਾਂ

ਕਸ਼ਮੀਰ ’ਚ ਅੱਤਵਾਦੀਆਂ ਦੇ ਮੁਕੰਮਲ ਖ਼ਾਤਮੇ ਲਈ ਯੋਜਨਾ ਤਿਆਰ

ਸ੍ਰੀਨਗਰ-ਕੇਂਦਰੀ ਏਜੰਸੀਆਂ ਦੇ ਲਗਪਗ ਦੋ ਦਰਜਨ ਸੀਨੀਅਰ ਅਧਿਕਾਰੀ ਇਕ ਹਫ਼ਤੇ ਤੋਂ ਕਸ਼ਮੀਰ ’ਚ ਡੇਰਾ ਲਾਈ ਬੈਠੇ ਹਨ। ਗ਼ੈਰ-ਮੁਸਲਮਾਨਾਂ ਤੇ ਹੋਰਨਾਂ ਸੂਬਿਆਂ ਦੇ ਕਿਰਤੀਆਂ ਦੀਆਂ ਹੱਤਿਆਵਾਂ ਤੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਤੇ ਅੱਤਵਾਦੀਆਂ ਦੇ ਮੁਕੰਮਲ ਖ਼ਾਤਮੇ ਦੀ ਯੋਜਨਾ ਤਿਆਰ ਕਰਨ ਲਈ ਕੇਂਦਰੀ ਖ਼ੁਫ਼ੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਸੀਆਰਪੀਐੱਫ ਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਜਨਰਲ ਡਾਇਰੈਕਟਰ ਕੁਲਦੀਪ ਸਿੰਘ ਵੀ ਕਸ਼ਮੀਰ ’ਚ ਹਨ। ਸੋਮਵਾਰ ਨੂੰ ਉਨ੍ਹਾਂ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨਾਲ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਂਦਰੀ ਏਜੰਸੀਆਂ ਦੀ ਬੈਠਕ ’ਚ ਹਾਲਤ ’ਤੇ ਮੰਥਨ ਹੋਇਆ। ਇਸ ਦੇ ਆਧਾਰ ’ਤੇ ਵਿਸਥਾਰਤ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ।
ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦੀ ਬੈਠਕ ’ਚ ਕੇਂਦਰੀ ਖ਼ੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ, ਫ਼ੌਜ ਤੇ ਜੰਮੂ-ਕਸ਼ਮੀਰ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਰਹੇ। ਇਸ ’ਚ ਕਸ਼ਮੀਰ ’ਚ ਇਕ ਮਹੀਨੇ ਦੌਰਾਨ ਹੋਈਆਂ ਅੱਤਵਾਦੀ ਘਟਨਾਵਾਂ, ਵੱਖ-ਵੱਖ ਸ੍ਰੋਤਾਂ ਤੋਂ ਅੱਤਵਾਦੀ ਸਰਗਰਮੀਆਂ ਦੇ ਸਬੰਧ ’ਚ ਮੁਹੱਈਆ ਸੂਚਨਾਵਾਂ ਦਾ ਮੁਲਾਂਕਣ ਕੀਤਾ ਗਿਆ। ਬੈਠਕ ’ਚ ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਦੇ ਅਸਰ ਵਾਲੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ।
ਇਸ ਰਿਪੋਰਟ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ 23 ਅਪ੍ਰੈਲ ਨੂੰ ਸ੍ਰੀਨਗਰ ’ਚ ਤਜਵੀਜ਼ਸ਼ੁਦਾ ਏਕੀਕ੍ਰਿਤ ਕਮਾਨ ਦੀ ਬੈਠਕ ’ਚ ਚਰਚਾ ਹੋਵੇਗੀ। ਇਸ ਰਿਪੋਰਟ ’ਚ ਵਾਦੀ ’ਚ ਅੱਤਵਾਦੀਆਂ ਤੇ ਉਨ੍ਹਾਂ ਦੇ ਸਮਰੱਥਕਾਂ ਤੋਂ ਇਲਾਵਾ ਉਨ੍ਹਾਂ ਦੇ ਵਿੱਤੀ ਤੇ ਹਥਿਆਰ ਸਪਲਾਈ ਦੇ ਨੈੱਟਵਰਕ ਦੇ ਮੁਕੰਮਲ ਖ਼ਾਤਮੇ ਦਾ ਰੋਡਮੈਪ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 2017-19 ਤਕ ਜਾਰੀ ਰਹੇ ਫ਼ੌਜ ਦੇ ਆਪ੍ਰੇਸ਼ਨ ਆਲਆਊਟ ਦੀ ਅਗਲੀ ਕੜੀ ਹੋਵੇਗੀ। ਫ਼ਿਲਹਾਲ ਸਬੰਧਤ ਅਧਿਕਾਰੀ ਇਸ ਨੂੰ ਆਖ਼ਰੀ ਹਮਲੇ ਦੇ ਤੌਰ ’ਤੇ ਚਲਾਉਣ ’ਤੇ ਮੰਥਨ ਕਰ ਰਹੇ ਹਨ। ਇਸ ਯੋਜਨਾ ਲਈ ਥਾਣਾ ਪੱਧਰ ਤਕ ਤੋਂ ਫੀਡਬੈਕ ਲਈ ਜਾ ਰਹੀ ਹੈ।
ਸ੍ਰੀਨਗਰ ’ਚ ਅਧਿਆਪਕਾਂ ਸਮੇਤ ਪੰਜ ਨਾਗਰਿਕਾਂ ਦੀ ਹੱਤਿਆ ਦੀ ਜਾਂਚ ਦੀ ਜ਼ਿੰਮੇਵਾਰੀ ਐੱਨਆਈਏ ਸੰਭਾਲਣ ਜਾ ਰਹੀ ਹੈ ਜਦੋਂਕਿ ਕੁਲਗਾਮ ਤੇ ਪੁਲਵਾਮਾ ’ਚ ਮਜ਼ਦੂਰਾਂ ਦੀ ਹੱਤਿਆ ਦੀ ਜਾਂਚ ਜੰਮੂ-ਕਸ਼ਮੀਰ ਪੁਲਿਸ ਹੀ ਕਰੇਗੀ।
ਸੂਤਰਾਂ ਨੇ ਦੱਸਿਆ ਕਿ ਇਸ ਬੈਠਕ ’ਚ ਸੁਰੱਖਿਆ ਏਜੰਸਆਂ ਨੇ ਬੀਤੇ ਪੰਦਰਵਾੜੇ ਦੌਰਾਨ ਪੁੱਛਗਿੱਛ ਲਈ ਹਿਰਾਸਤ ’ਚ ਲਏ ਗਏ ਅੱਤਵਾਦੀਆਂ ਦੇ ਓਵਰਗਰਾਊਂਡ ਵਰਕਰਾਂ, ਸਾਬਕਾ ਅੱਤਵਾਦੀਆਂ, ਪੱਥਰਬਾਜ਼ਾਂ ਤੇ ਵੱਖਵਾਦੀ ਵਰਕਰਾਂ ਤੋਂ ਮਿਲੀ ਜਾਣਕਾਰੀ ਦੀ ਵਿਸਥਾਰਤ ਰਿਪੋਰਟ ’ਤੇ ਵੀ ਚਰਚਾ ਹੋਈ। ਇਸ ’ਚ ਦੱਸਿਆ ਗਿਆ ਕਿ ਅੱਤਵਾਦੀ ਕਸ਼ਮੀਰ ’ਚ ਆਪਣੇ ਕੈਡਰ ਦਾ ਮਨੋਬਲ ਬਣਾਈ ਰੱਖਣ ਤੇ ਆਮ ਲੋਕਾਂ ’ਚ ਖੌਫ ਪੈਦਾ ਕਰਨ ਲਈ ਨਾਗਰਿਕਾਂ ਨੂੁੰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਅੱਤਵਾਦੀ ਸੰਗਠਨਾਂ ਨੇ ਸੁਰੱਖਿਆ ਬਲਾਂ ਦੇ ਦਬਾਅ ਤੋਂ ਬਚਣ ਲਈ ਛੋਟੇ-ਛੋਟੇ ਨਵੇਂ ਗਰੁੱਪ ਤਿਆਰ ਕੀਤੇ ਹਨ। ਇਨ੍ਹਾਂ ਨੂੰ ਸਿਰਫ ਟਾਰਗੇਟ ਕਿਲਿੰਗ ਜਾਂ ਵਾਰਦਾਤ ਵਿਸ਼ੇਸ਼ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।

Comment here