ਸਿਆਸਤਖਬਰਾਂ

ਕਸ਼ਮੀਰੀਆਂ ਦਾ ਸਵਾਰਥੀ ਲੋਕਾਂ ਵੱਲੋਂ ਸ਼ੋਸ਼ਣ ਨਹੀਂ ਕਰਨ ਦੇਵਾਂਗੇ-ਅਮਿਤ ਸ਼ਾਹ

ਸ੍ਰੀਨਗਰ- ਆਪਣੇ ਜੰਮੂ-ਕਸ਼ਮੀਰ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਸ ਕਰੇਕ ਨੌਜਵਾਨਾਂ ਤੇ ਫੋਕਸ ਰਖਿਆ। ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਲਈ ਨੈਸ਼ਨਲ ਕਾਨਫਰੈਂਸ (ਨੈਕਾਂ) ਦੇ ਡਾ. ਫਾਰੂਕ ਅਬਦੁਲਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇ ਉਹ ਗੱਲ ਕਰਣਗੇ ਤਾਂ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਅਤੇ ਨੌਜਵਾਨਾਂ ਨਾਲ ਕਰਣਗੇ। ਨੈਕਾਂ-ਪੀ. ਡੀ. ਪੀ. ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰੀਆਂ ਦਾ ਸਵਾਰਥੀ ਲੋਕਾਂ ਵੱਲੋਂ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਦੇ ਹੱਥਾਂ ’ਚੋਂ ਬੰਦੂਕ ਛੁਡਵਾ ਕੇ ਉਨ੍ਹਾਂ ਦੇ ਹੱਥ ’ਚ ਕਲਮ ਫੜਾਵਾਂਗੇ ਤੇ ਇਸ ’ਚ ਕਾਫੀ ਹੱਦ ਤੱਕ ਸਫਲ ਵੀ ਹੋਏ ਹਾਂ। ਮਸ਼ਹੂਰ ਡਲ ਝੀਲ ਦੇ ਕਿਨਾਰੇ ਐੱਸ. ਕੇ. ਆਈ. ਸੀ. ਸੀ. ’ਚ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਡਾ. ਫਾਰੂਕ ਨੇ ਸੁਝਾਅ ਦਿੱਤਾ ਹੈ ਕਿ ਮੈਨੂੰ ਪਾਕਿਸਤਾਨ ਨਾਲ ਗੱਲ ਕਰਨ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਸਪਸ਼ਟ ਕਰ ਦੇਵਾਂ ਕਿ ਜੇ ਮੈਂ ਗੱਲ ਕਰਾਂਗਾ ਤਾਂ ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਨੌਜਵਾਨਾਂ ਨਾਲ ਗੱਲ ਕਰਾਂਗਾ, ਹੋਰ ਕਿਸੇ ਨਾਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਮੈਂ ਦਿੱਲ ਖੋਲ੍ਹ ਕੇ ਗੱਲ ਕਰ ਰਿਹਾ ਹਾਂ। ਸ਼ਾਹ ਨੇ ਕਿਹਾ ਕਿ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਕਸ਼ਮੀਰ ’ਚ ਕਰਫਿਊ ਕਿਉਂ ਲਗਾਇਆ ਗਿਆ ਅਤੇ ਇੰਟਰਨੈੱਟ ਕਿਉਂ ਬੰਦ ਕਰ ਦਿੱਤਾ ਗਿਆ, ਇਹ ਕਦਮ ਕਸ਼ਮੀਰੀ ਨੌਜਵਾਨਾਂ ਦੀ ਜਾਨ ਬਚਾਉਣ ਲਈ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਖੂਨ-ਖਰਾਬੇ ਤੋਂ ਬਾਹਰ ਨਿਕਲਣ ਅਤੇ ਵਿਕਾਸ ਤੇ ਖੁਸ਼ਹਾਲੀ ਵੱਲ ਵਧਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਜੰਮੂ-ਕਸ਼ਮੀਰ ਨੂੰ 2024 ਤੱਕ ਉਹ ਮਿਲੇਗਾ, ਜਿਸ ਦੇ ਉਹ ਹੱਕਦਾਰ ਸਨ। ਨੈਕਾਂ ਅਤੇ ਪੀ. ਡੀ. ਪੀ. ’ਤੇ ਵਰ੍ਹਦੇ ਹੋਏ ਸ਼ਾਹ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਕਦੇ ਵੀ ਨਾਗਰਿਕਾਂ ਦੀ ਹੱਤਿਆ ਕਰਨ ਵਾਲਿਆਂ ਦੀ ਨਿੰਦਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਸਮਾਂ ਚਲਾ ਗਿਆ ਹੈ, ਜਦ ਅੱਤਵਾਦੀ ਹਾਲਾਤ ਦਾ ਫਾਇਦਾ ਉਠਾਉਂਦੇ ਸਨ, ਹੁਣ ਕਿਸੇ ਨੂੰ ਵੀ ਨਾਗਰਿਕਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ। ਜੰਮੂ ’ਚ ਕੇਂਦਰੀ ਗ੍ਰਹਿ ਮੰਤਰੀ ਨੇ ਸ਼੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਕਈ ਵਫਦਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ’ਚ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼, ਗੁੱਜਰ-ਬਕਰਵਾਲ, ਪੀ. ਓ. ਜੇ. ਕੇ. ਰਫਿਊਜੀ, ਸ਼ਹੀਦ ਦੀਪਕ ਚੰਦ ਦੇ ਪਰਿਵਾਰਕਰ ਮੈਂਬਰ ਅਤੇ ਹੋਰ ਸਮਾਜਾਂ ਦੇ ਮੁਖੀ ਸ਼ਾਮਲ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਪੂਜਨੀਕ ਦੇਵੀ ਮਾਤਾ ਰਗਨਯਾ ਦੇ ਮੰਦਿਰ ਖੀਰ ਭਵਾਨੀ ’ਚ ਮੱਥਾ ਟੇਕਿਆ। ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲੇ ’ਚ ਸਥਿਤ ਮੰਦਿਰ ਦਾ ਦੌਰਾ ਕਰ ਕੇ ਉਨ੍ਹਾਂ ਉਥੇ ਪੂਜਾ ਵੀ ਕੀਤੀ। ਉਨ੍ਹਾਂ ਦੇ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਹੋਰ ਅਧਿਕਾਰੀ ਵੀ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਡਿਗੀਆਨਾ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ ਅਤੇ ਸ਼ਾਂਤੀ ਤੇ ਤਰੱਕੀ ਲਈ ਅਰਦਾਸ ਕੀਤੀ।

Comment here