ਖਬਰਾਂ

ਕਰਜ਼ੇ ਨੂੰ ਲੈ ਕੇ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਤੋਂ ਕਾਂਗਰਸ ਔਖੀ

ਕਿਸਾਨਾਂ ਨੇ ਕਾਂਗਰਸ ਸਰਕਾਰ ਤੇ ਔਜਲਾ ਦੇ ਪੁਤਲੇ ਫੂਕੇ
ਧਰਨੇ ਨਾਲ ਆਰਥਿਕਤਾ ਨੂੰ ਪੈ ਰਹੀ ਮਾਰ—ਔਜਲਾ
ਅੰਮ੍ਰਿਤਸਰ-ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਟ੍ਰੇਨਾਂ ਨੂੰ ਰੋਕੇ ਜਾਣ ਦੀ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਰੇਲਵੇ ਟ੍ਰੈਕ ’ਤੇ ਬੈਠੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਪੰਜਾਬ ਅਤੇ ਬਾਰਡਰ ਬੈਲਟ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਰੇਲਵੇ ਟਰੈਕ ਤੁਰੰਤ ਖ਼ਾਲੀ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਗੁਰਜੀਤ ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਪਹਿਲਾਂ ਹੀ ਗੰਭੀਰ ਆਰਥਿਕ ਮੰਦਹਾਲੀ ਵਿਚੋਂ ਨਿਕਲ ਰਹੇ ਹਨ। ਵਪਾਰੀ, ਉਦਯੋਗਪਤੀ ਅਤੇ ਮਜ਼ਦੂਰ ਹਰ ਵਰਗ ਨੂੰ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਦਾ ਇਹ ਤਰੀਕਾ ਜਾਇਜ਼ ਨਹੀਂ। ਸ਼ਾਂਤਮਈ ਪ੍ਰਦਰਸ਼ਨ ਕਰਨਾ ਲੋਕਤੰਤਰ ਵਿੱਚ ਹਰ ਕਿਸੇ ਦਾ ਹੱਕ ਹੈ ਪਰ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਕੁੱਝ ਕਿਸਾਨ ਜਥੇਬੰਦੀਆਂ ਪੰਜਾਬ ਹਿਤੈਸ਼ੀ ਨਹੀਂ ਬਣ ਸਕਦੀਆਂ।
ਉਨ੍ਹਾਂ ਕਿਹਾ ਕਿਸਾਨੀ ਦਾ ਵੱਡਾ ਮੁੱਦਾ ਤਿੰਨੇ ਖੇਤੀ ਬਿਲ ਵਾਪਸ ਹੋ ਚੁੱਕੇ ਹਨ, ਜੇ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਕਿਸੇ ਕਿਸਾਨ ਜਥੇਬੰਦੀ ਨੂੰ ਕੁਝ ਮੰਗਾਂ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਇਸ ਲਈ ਆਮ ਲੋਕਾਂ ਨੂੰ ਤੰਗ ਕਰਨਾ ਕਿੱਥੋਂ ਤੱਕ ਜਾਇਜ਼ ਹੈ?
ਕਾਂਗਰਸੀ ਐਮ.ਪੀ. ਨੇ ਕਿਹਾ ਕਿ ਸ਼ਹਿਰੀ ਲੋਕਾਂ ਨੇ ਆਪਣੇ ਕਾਰੋਬਾਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਿਸਾਨੀ ਸੰਘਰਸ਼ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਸੀ। ਕੋਰੋਨਾ ਦੀ ਮਾਰ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਲੰਮੇ ਸਮੇਂ ਕਾਰਨ ਸੈਰ ਸਪਾਟਾ ਅਤੇ ਹੋਟਲ ਇੰਡਸਟਰੀ ਨੂੰ ਕਾਫ਼ੀ ਮਾਰ ਝੱਲਣੀ ਪਈ। ਰੇਲਵੇ ਟ੍ਰੈਕ ਬੰਦ ਹੋਣ ਕਾਰਨ ਖਾਦ ਦੀ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਟੈਕਸੀ, ਆਟੋ-ਰਿਕਸ਼ਾ ਤੇ ਰਿਕਸ਼ਾ ਚਾਲਕ ਜਿਹੜੇ ਆਪਣੇ ਬੱਚਿਆਂ ਲਈ ਰੋਜ਼ੀ-ਰੋਟੀ ਕਮਾਉਦੇ ਕਿਸਾਨਾਂ ਰੇਲਵੇ ਬੰਦ ਹੋਣ ਕਾਰਨ ਸਨ ਸ਼ਾਮ ਨੂੰ ਖਾਲੀ ਹੱਥੀਂ ਘਰ ਪਰਤਦੇ ਹਨ। ਜਿਹੜੇ ਸਰਕਾਰੀ ਜਾਂ ਪ੍ਰਾਈਵੇਟ ਮੁਲਾਜਮ, ਸਟੂਡੈਂਟ, ਆਰਮੀ ਜਵਾਨ ਟਰੇਨ ਰਾਹੀਂ ਸਫਰ ਕਰਦੇ ਸਨ ਉਹਨਾਂ ਨੂੰ ਵੀ ਆਪਣੇ ਨਿੱਜੀ ਵਹੀਕਲ ਜਾਂ ਬੱਸਾਂ ਵਰਤਣੇ ਪੈ ਰਹੇ ਹਨ ਜਿਸ ਨਾਲ ਭਰੀ ਅਸੁਵਿਧਾ ਹੋ ਰਹੀ ਹੈ।
ਕਿਸਾਨਾਂ ਨੇ ਕਾਂਗਰਸ ਸਰਕਾਰ ਤੇ ਔਜਲਾ ਦੇ ਪੁਤਲੇ ਫੂਕੇ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੱਲ ਕਿਸਾਨਾਂ ਮਜਦੂਰਾਂ ਦੇ ਰੇਲ ਰੋਕੋ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਿਆਂ ਕਿਸਾਨਾਂ ਮਜਦੂਰਾਂ ਦੀਆਂ ਮੰਨੀਆਂ ਹੋਈਆਂ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਦੀ ਜਗ੍ਹਾ ਰੇਲ ਰੋਕੋ ਖਤਮ ਕਰਨ ਦਾ ਬਿਆਨ ਦਿੱਤਾ ਗਿਆ, ਜਿਸਦੇ ਵਿਰੋਧ ਵਜੋਂ ਅੱਜ ਪੂਰੇ ਪੰਜਾਬ ਵਿੱਚ ਐੱਮ ਪੀ ਔਜਲਾ, ਚੰਨੀ ਸਰਕਾਰ ਅਤੇ ਕਾਂਗਰਸ ਪ੍ਰਧਾਨ ਦੇ ਪੁਤਲੇ ਫੂਕੇ ਗਏ।
ਦੇਵੀਦਾਸਪੁਰਾ ਵਿਖੇ ਰੇਲਵੇ ਟਰੈਕ ’ਤੇ ਪੁਤਲਾ ਫੂਕਦਿਆਂ ਆਗੂਆਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਤੋਂ ਇਲਾਵਾ ਵੀ ਜਿਲੇ ਵਿੱਚ ਹੋਰ ਬਹੁਤ ਸਾਰੇ ਧਰਨੇ ਚੱਲ ਰਹੇ ਹਨ, ਜਿਵੇਂ ਕੱਥੂਨੰਗਲ ਟੋਲ ਪਲਾਜ਼ਾ ਵਿਖੇ ਲੜਕੀਆਂ ਵੱਲੋਂ ਆਪਣੇ ਹੱਕਾਂ ਲਈ ਦਿਨ-ਰਾਤ ਦਾ ਪੱਕਾ ਲਗਾਇਆ ਗਿਆ ਹੈ, ਬੱਸ ਮੁਲਾਜ਼ਮ ਵੀ ਲਗਾਤਾਰ ਹੜਤਾਲ ਤੇ ਬੈਠੇ ਹੋਏ ਹਨ, ਕੋਰੋਨਾ ਹੈਲਥ ਵਰਕਰਸ ਵੀ ਆਪਣੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ, ਬੇਰੁਜਗਾਰ ਅਧਿਆਪਕ ਅਤੇ ਨੌਜਵਾਨ ਵਰਗ ਵੀ ਰੁਜਗਾਰ ਖ਼ਾਤਰ ਸੜਕਾਂ ’ਤੇ ਹੈ, ਉਨ੍ਹਾਂ ਦੀਆਂ ਮੰਗਾਂ ਵੱਲ ਐਮ.ਪੀ ਔਜਲਾ ਕਿਉਂ ਨਹੀਂ ਦੇਖ ਰਹੇ। ਇਹ ਬਿਆਨ ਸਿਰਫ ਲੋਕਾਂ ਨੂੰ ਕਿਸਾਨਾਂ ਖਿਲਾਫ਼ ਭੜਕਾਉਣ ਦਾ ਯਤਨ ਹੈ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਲੰਮੇ ਸਮੇਂ ਤੋਂ ਰੇਲਾਂ ਤੇ ਬੈਠੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕਰਜ਼ੇ ਉੱਤੇ ਲੀਕ ਨਹੀਂ ਮਾਰੀ ਗਈ, ਸਰਕਾਰ ਇਨ੍ਹਾਂ ਮੰਗਾ ਵੱਲ ਧਿਆਨ ਕਰੇ, ਓਨਾ ਉਨ੍ਹਾਂ ਚਿਰ ਤੱਕ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ।
ਯੂਰੀਆ ਖਾਦ ਦੀ ਕਿੱਲਤ ਤੋਂ ਬਚਣ ਲਈ ਕਿਸਾਨ ਜਥੇਬੰਦੀਆਂ ਨੂੰ ਰੇਲ ਆਵਾਜਾਈ ਬਹਾਲ ਕਰਨ ਦੀ ਅਪੀਲ
ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਅੰਦਰ ਹਾੜੀ ਸੀਜਨ ਦੌਰਾਨ ਲਗਭਗ 98% ਰਕਬੇ ਉੱਤੇ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਲਗਭਗ 3000 ਹੈਕਟੇਅਰ ਹੋਰ ਰਕਬੇ ਉੱਤੇ ਕਣਕ ਦੀ ਲੇਟ ਬਿਜਾਈ ਹੋਵੇਗੀ।
ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਬੀਜੀ ਕਣਕ ਨੂੰ ਕਿਸਾਨ ਵੀਰ ਖੇਤੀ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਰਸਾਇਣਿਕ ਖਾਦ ਤੋਂ ਵੱਧ ਮਾਤਰਾ ਵਿੱਚ ਖਾਦ ਪਾਉਣ ਤੋਂ ਗੁਰੇਜ ਕਰਨ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਖਰਚੇ ਵੱਧ ਜਾਂਦੇ ਹਨ।
ਉਹਨਾਂ ਕਿਹਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ 2 ਬੋਰੀਆਂ ਯੂਰੀਆਂ ਖਾਦ ਕਣਕ ਦੀ ਬਿਜਾਈ ਤੋਂ 55 ਦਿਨਾਂ ਤੱਕ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਖਾਦ ਦੀ ਹੋਰ ਵੱਧ ਮਾਤਰਾ ਪਾਉਣ ਦੀ ਲੋੜ ਨਹੀ ਹੁੰਦੀ ਕਿਉਂਕਿ ਵੱਧ ਖਾਦ ਪਾਉਣ ਨਾਲ ਝਾੜ੍ਹ ਤਾਂ ਨਹੀਂ ਵਧਦਾ, ਪ੍ਰੰਤੂ ਤੇਲਾ ਅਤੇ ਹੋਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ, ਜਿਸ ਕਰਕੇ ਇਹਨਾਂ ਅਲਾਮਤਾ ਦੀ ਰੋਕਥਾਮ ਕਰਨ ਲਈ ਕਈ ਵਾਰ ਫਸਲ ਤੇ ਰਸਾਇਣਿਕ ਸਪਰੇਆਂ ਕਰਨ ਦੀ ਜਰੂਰਤ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਹੋਰ ਵੱਧ ਜਾਂਦੇ ਹਨ। ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਹਰੇਕ ਵਾਰ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਹਰੇਕ ਵਾਰ ਪਾਉਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਿਲੇ ਅੰਦਰ ਹਾੜੀ ਸੀਜਨ ਦੌਰਾਨ ਲਗਭਗ 57700 ਮੀਟਰਿਕ ਟਨ ਯੂਰੀਆ ਖਾਦ ਲੌੜੀਂਦੀ ਹੈ ਜਿਸ ਵਿੱਚੋਂ ਹੁਣ ਤੱਕ 45617 ਮੀਟਿਰਿਕ ਟਨ ਖਾਦ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਚੁੱਕੀ ਹੈ ਅਤੇ ਹਾੜੀ ਸੀਜਨ ਦੌਰਾਨ ਖਾਦ ਦੀ ਪੂਰਤੀ ਲਈ 12094 ਮੀਟਿਰਿਕ ਟਨ ਯੂਰੀਆ ਖਾਦ ਦਾ ਸਟਾਕ ਹੋਰ ਲੋੜੀਂਦਾ ਹੈ।
ਕਿਸਾਨਾਂ ਵੱਲੋਂ ਰੇਲ ਟਰੈਕਾਂ ਉਤੇ ਲਗਾਏ ਧਰਨਿਆਂ ਕਾਰਨ ਪਿਛਲੇ ਹਫਤੇ ਤੋਂ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਯੂਰੀਆ ਖਾਦ ਦਾ ਇੱਕ ਰੈਕ ਵਾਪਸ ਚਲਾ ਗਿਆ ਹੈ ਅਤੇ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਰੁਕ ਗਈ ਹੈ। ਜੇਕਰ ਇਹ ਸਪਲਾਈ ਇਸ ਹਫਤੇ ਚਾਲੂ ਨਾ ਹੋਈ ਤਾਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਉੇਹਨਾਂ ਕਿਸਾਨ ਜਥੇਬੰਦੀਆਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੀ ਅਪੀਲ ਕੀਤੀ ਕਿ ਤਾਂ ਜੋ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਸਪਲਾਈ ਮੁੜ ਬਹਾਲ ਹੋ ਸਕੇ।

Comment here