ਇਸਲਾਮਾਬਾਦ – ਪਾਕਿਸਤਾਨ ਦੀ ਆਰਥਿਕਤਾ ਡਾਂਵਾਡੋਲ ਹੋ ਰਹੀ ਹੈ। ਦੇਸ਼ ਦੇ ਡੁੱਬਦੇ ਅਰਥਚਾਰੇ ਨੂੰ ਬਚਾਉਣ ਲਈ ਹੁਣ ਵਿਦੇਸ਼ੀ ਕਰਜ਼ਾ ਹੀ ਆਖ਼ਰੀ ਬਦਲ ਹੈ ਤੇ ਇਸੇ ਉਮੀਦ ‘ਚ ਉਹ ਸਾਊਦੀ ਅਰਬ ਨਾਲ ਨਜ਼ਦੀਕੀ ਵਧਾ ਰਿਹਾ ਹੈ। ਟਾਈਮਜ਼ ਆਫ ਇਜ਼ਰਾਈਲ ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਭਾਵੇਂ ਸਾਊਦੀ ਅਰਬ ਨਾਲ ਭਾਈਚਾਰੇ ਦੇ ਰਿਸ਼ਤੇ ਦਾ ਦਾਅਵਾ ਕਰਦਾ ਹੋਵੇ, ਪਰ ਸੱਚ ਇਹ ਹੈ ਕਿ ਭਾਈਚਾਰਾ ਕਾਇਮ ਕਰਨ ਦੀ ਇਹ ਕੋਸ਼ਿਸ਼ ਉਸ ਸਮੇਂ ਕੀਤੀ ਜਾ ਰਹੀ ਹੈ, ਜਦੋਂ ਉਸਦਾ ਅਰਥਚਾਰਾ ਡੁੱਬ ਰਿਹਾ ਹੈ। ਵਿਸ਼ਲੇਸ਼ਕ ਸਰਜਿਓ ਰੇਸਟੇਲੀ ਨੇ ਇਸ ਰਿਪੋਰਟ ਵਿੱਚ ਲਿਖਿਆ ਹੈ, ‘ਭੁਗਤਾਨ ਸੰਕਟ ਕਾਰਨ ਪਾਕਿਸਤਾਨ ਦਾ ਅਰਥਚਾਰਾ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਦੇਸ਼ ਨੂੰ ਬਚਾਉਣ ਲਈ ਵਿਦੇਸ਼ੀ ਕਰਜ਼ੇ ‘ਤੇ ਪਾਕਿਸਤਾਨ ਦੀ ਨਿਰਭਰਤਾ ਵੱਧਦੀ ਜਾ ਰਹੀ ਹੈ। ਉਹ ਕੌਮਾਂਤਰੀ ਕਰੰਸੀ ਭੰਡਾਰ (ਆਈਐੱਮਐੱਫ) ਨੂੰ ਵੀ ਇਕ ਅਰਬ ਡਾਲਰ ਦਾ ਕਰਜ਼ਾ ਜਾਰੀ ਕਰਨ ਲਈ ਮਨਾਉਣ ‘ਚ ਅਸਫਲ ਰਿਹਾ ਹੈ।’ ਇਸ ਦੌਰਾਨ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਕਦੇ ਖ਼ਤਮ ਨਾ ਹੋਣ ਵਾਲੇ ਆਰਥਿਕ ਸੰਕਟ ਤੋਂ ਰਾਹਤ ਦੇਣ ਲਈ ਕਰਜ਼ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਾਊਦੀ ਅਰਬ, ਪਾਕਿਸਤਾਨ ਦੇ ਬੈਂਕ ‘ਚ 1.2 ਅਰਬ ਡਾਲਰ ਜਮ੍ਹਾਂ ਕਰਵਾਏਗਾ, ਜਦੋਂਕਿ 1.2 ਤੋਂ 1.5 ਅਰਬ ਡਾਲਰ ਦਾ ਤੇਲ ਉਧਾਰ ਦੇਵੇਗਾ।
ਇਸ ਰਿਪੋਰਟ ਮੁਤਾਬਕ ਪਾਕਿਸਤਾਨ ਇਸ ਗੱਲ ‘ਤੇ ਗੌਰ ਕਰਨ ‘ਚ ਅਸਫਲ ਰਿਹਾ ਹੈ ਕਿ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਭਾਰਤ ਨਾਲ ਜ਼ਿਆਦਾ ਡੂੰਘੇ ਰਣਨੀਤਿਕ ਤੇ ਆਰਥਿਕ ਸਬੰਧ ਹਨ। ਦੋਵਾਂ ਦੇਸ਼ਾਂ ਲਈ ਭਾਰਤ ਜ਼ਿਆਦਾ ਵਿਵਹਾਰਕ ਭਾਈਵਾਲ ਹੈ। ਸਾਊਦੀ ਅਰਬ ਦਾ ਭਾਰਤ ਨਾਲ ਕੁੱਲ ਕਾਰੋਬਾਰ 33 ਅਰਬ ਡਾਲਰ (ਲਗਪਗ 2474 ਅਰਬ ਰੁਪਏ) ਤੋਂ ਵੱਧ ਹੈ ਜਦੋਂ ਕਿ ਪਾਕਿਸਤਾਨ ਨਾਲ ਸਿਰਫ਼ 3.6 ਅਰਬ ਡਾਲਰ (ਲਗਪਗ 270 ਅਰਬ ਡਾਲਰ) ਦਾ। ਭਾਰਤ ਤੇ ਸਾਊਦੀ ਅਰਬ ਨੇ ਰੱਖਿਆ ਸਹਿਯੋਗ ਦੀ ਭਾਈਵਾਲੀ ਮਜ਼ਬੂਤ ਕੀਤੀ ਹੈ। ਅਜਿਹੀ ਸਥਿਤੀ ਵਿੱਚ ਸਾਊਦੀ ਅਰਬ ਪਾਕਿਸਤਾਨ ਦੀ ਲੋੜ ਪੂਰੀ ਕਰੇਗਾ, ਇਸ ਉੱਤੇ ਸ਼ੰਕੇ ਹੀ ਹਨ।
Comment here