ਅਪਰਾਧਖਬਰਾਂ

ਕਰਜ਼ਾਈ ਵਿਅਕਤੀ ਨੇ ਖੁਦ ਨੂੰ ਅਗਵਾ ਕਰਵਾ ਕੇ ਰਿਸ਼ਤੇਦਾਰਾਂ ਤੋਂ ਮੰਗੀ ਫਿਰੌਤੀ

ਸਿਰਸਾ-ਇੱਥੋਂ ਦੇ ਪਿੰਡ ਜਹਾਂਗੀਰਪੁਰ ਦਾ ਯੋਗੇਸ਼ ਨਾਂਅ ਦੇ ਇੱਕ ਸ਼ਖ਼ਸ ਨੇ ਆਪਣੇ ਹੀ ਅਪਹਰਣ ਦੀ ਸਾਜਸ਼ ਰਚੀ। ਦਰਅਸਲ ਇਹ ਸ਼ਖ਼ਸ ਆਨਲਾਈਨ ਗੇਮਾਂ ਖੇਡਣ ਦਾ ਆਦੀ ਸੀ। ਜਿਸ ਕਰਕੇ ਉਸ ਦੇ ਸਿਰ ‘ਤੇ 5 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਜਿਸ ਨੂੰ ਉਤਾਰਨ ਲਈ ਹੀ ਉਸ ਨੇ ਇਹ ਸਾਰੀ ਖੇਡ ਰਚੀ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਵਿਅਕਤੀ ਨੇ ਵਾਇਸ ਮੈਸੇਜ ਭੇਜ ਕੇ ਰਿਸ਼ਤੇਦਾਰਾਂ ਤੋਂ ਪੰਜ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਜਿਸ ਤੋਂ ਬਾਅਦ ਸਭ ਨੇ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੂੰ ਇਸ ਸ਼ਖ਼ਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਫ਼ੀ ਮਸ਼ੱਕਤ ਕਰਨੀ ਪਈ। ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਿਸ ਨੇ ਤਿੰਨ ਟੀਮਾਂ ਬਣਾਈਆਂ, ਤਾਂ ਜਾ ਕੇ ਇਹ ਸ਼ਖ਼ਸ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਮਾਮਲੇ ਵਿੱਚ ਡੀਐਸਪੀ ਰਾਹੁਲ ਦੇਵ ਸ਼ਰਮਾ ਨੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਕੀਤਾ ਹੈ। ਡੀਐਸਪੀ ਰਾਹੁਲ ਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਇਲ 112 ’ਤੇ ਸੂਚਨਾ ਮਿਲੀ ਸੀ ਕਿ ਪਿੰਡ ਜਹਾਂਗੀਰਪੁਰ ਵਾਸੀ ਯੋਗੇਸ਼ ਪੁੱਤਰ ਕ੍ਰਿਸ਼ਨ ਨਾਮੀ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਦੇ ਬਦਲੇ ਅਗਵਾਕਾਰਾਂ ਨੇ ਵਾਇਸ ਮੈਸੇਜ ਭੇਜ ਕੇ ਯੋਗੇਸ਼ ਦੇ ਪਰਿਵਾਰ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਚੁਸਤੀ ਦਿਖਾਉਂਦੇ ਹੋਏ ਲੋਕੇਸ਼ਨ ਦੇ ਆਧਾਰ ’ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਸ ਦੀ ਗ੍ਰਿਫਤ ’ਚ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਅਗਵਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਯੋਗੇਸ਼ ਖੁਦ ਹੈ, ਜਿਸ ਨੇ ਆਪਣੇ ਅਗਵਾ ਦੀ ਸਾਜਸ਼ ਖੁਦ ਹੀ ਰਚੀ ਸੀ। ਉਸ ਨੇ ਇਸ ਸਾਜਸ਼ ਲਈ ਆਪਣਾ ਦੂਜਾ ਸਿਮ ਵਰਤਿਆ।
ਇਸ ਸੂਚਨਾ ’ਤੇ ਪੁਲਸ ਨੇ ਹਰਕਤ ’ਚ ਆਉਂਦਿਆਂ ਉਸ ਮੋਬਾਇਲ ਸਿਮ ਦੀ ਲੋਕੇਸ਼ਨ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚੋਂ ਵੌਇਸ ਮੈਸੇਜ ਆਇਆ ਸੀ। ਮਾਮਲੇ ਨੂੰ ਸੁਲਝਾਉਣ ਲਈ ਡੀਐਸਪੀ ਰਾਹੁਲ ਦੇਵ ਸ਼ਰਮਾ ਦੀ ਅਗਵਾਈ ਵਿੱਚ ਪੁਲੀਸ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਸਨ। ਸ਼ੁਰੂਆਤ ’ਚ ਲੋਕੇਸ਼ਨ ਉੱਤਮ ਨਗਰ ਦਿੱਲੀ ਤੋਂ ਮਿਲੀ। ਪੁਲਿਸ ਸਾਰੀ ਰਾਤ ਉੱਤਮ ਨਗਰ ਦਿੱਲੀ ’ਚ ਸੜਕ ’ਤੇ ਜਾਮ ਲਗਾ ਕੇ ਅਗਵਾਕਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਸਵੇਰ ਹੁੰਦੇ ਹੀ ਪੁਲਸ ਨੂੰ ਗੁਰੂਗ੍ਰਾਮ ਦੇ ਸੈਕਟਰ-51 ਦੀ ਲੋਕੇਸ਼ਨ ਮਿਲੀ।

Comment here