ਮਦਦ ਲਈ ਆਰਮੀ ਸੱਦਣੀ ਪਈ
ਵਿਸ਼ਵ ਭਰ ਚ ਹਾਹਾਕਾਰ, ਟੀਕਾਕਰਨ ਤੇ ਜ਼ੋਰ
ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਹਲਕੇ ਚ ਲੈਣ ਵਾਲੇ ਜਾਂ ਮਜ਼ਾਕ ਸਮਝਣ ਵਾਲੇ ਹਾਲੇ ਵੀ ਨਹੀਂ ਸਮਝ ਰਹੇ ਕਿ ਪੂਰੀ ਦੁਨੀਆ ਇਸ ਖਤਰਨਾਕ ਵਾਇਰਸ ਦੀ ਕਿਸ ਤਰਾਂ ਮਾਰ ਹੇਠ ਆ ਰਹੀ ਹੈ। ਵਿਸ਼ਵ ਉੱਤੇ ਹਰ ਤਰਾਂ ਭਾਰੂ ਪੈਣ ਵਾਲੇ ਮੁਲਕ ਅਮਰੀਕਾ ਦੇ ਸਿਹਤ ਢਾਂਚੇ ਦੀਆਂ ਵੀ ਕੋਵਿਡ ਨੇ ਗੋਡਣੀਆਂ ਲਵਾ ਦਿੱਤੀਆਂ ਹਨ। ਕਰੋਨਾ ਦੇ ਮਾਮਲੇ ਵਿੱਚ ਸ਼ੁਰੂ ਤੋਂ ਹੀ ਅਮਰੀਕਾ ਸੁਰਖੀਆਂ ਵਿੱਚ ਰਿਹਾ ਹੈ। ਹੁਣ ਕੇਸਾਂ ਦੀ ਵਧਦੀ ਰਫ਼ਤਾਰ ਨੇ ਅਮਰੀਕਾ ਵਿੱਚ ਮੁੜ ਤੋਂ ਹੰਗਾਮਾ ਮਚ ਗਿਆ ਹੈ। ਲੰਘੇ ਦਿਨ ਇੱਥਏ 8,51,910 ਨਵੇਂ ਕੋਰੋਨਾ ਸੰਕਰਮਿਤ ਮਾਮਲੇ ਸਾਹਣੇ ਆਏ। ਇੰਨਾ ਹੀ ਨਹੀਂ ਪਿਛਲੇ 24 ਘੰਟਿਆਂ ਦੌਰਾਨ 1,42,388 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹੋਏ ਹਨ। ਕੋਵਿਡ ਇਨਫੈਕਸ਼ਨ ਦੀ ਤੇਜ਼ ਰਫ਼ਤਾਰ ਅਤੇ ਖਾਸ ਤੌਰ ‘ਤੇ ਓਮੀਕਰੋਨ ਵੇਰੀਐਂਟ (ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਨਤੀਜੇ ਵਜੋਂ, ਕਈ ਰਾਜਾਂ ਵਿੱਚ ਮੈਡੀਕਲ ਬੁਨਿਆਦੀ ਢਾਂਚਾ ਢਹਿ ਗਿਆ ਹੈ। ਸਥਿਤੀ ਬੇਕਾਬੂ ਹੁੰਦੀ ਦੇਖ ਕੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਸ਼ੀਗਨ, ਨਿਊਜਰਸੀ, ਨਿਊ ਮੈਕਸੀਕੋ, ਨਿਊਯਾਰਕ, ਓਹੀਓ ਅਤੇ ਰੋਡ ਆਈਲੈਂਡ ਦੇ ਹਸਪਤਾਲਾਂ ਵਿੱਚ ਮਦਦ ਲਈ ਫੌਜ ਭੇਜੀ ਹੈ। ਅਮਰੀਕਾ ਵਿੱਚ, ਇੱਕ ਦਿਨ ਵਿੱਚ 1,827 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ 80 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਮੌਤਾਂ ਦੀ ਗਿਣਤੀ ਵਿੱਚ ਵੀ 40 ਫੀਸਦੀ ਵਾਧਾ ਹੋਇਆ ਹੈ। ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਵਿਚ ਲੱਗੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਵਿਚ ਵੱਡੀ ਗਿਣਤੀ ਵਿਚ ਇਨਫੈਕਸ਼ਨ ਫੈਲਣ ਤੋਂ ਬਾਅਦ ਹਸਪਤਾਲਾਂ ਵਿਚ ਸਥਿਤੀ ਵਿਗੜ ਗਈ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ ਹਸਪਤਾਲਾਂ ਵਿੱਚ ਲੋਕਾਂ ਦੇ ਦਾਖ਼ਲੇ ਦੀ ਦਰ ਵੀ ਪਿਛਲੀ ਸਰਦੀਆਂ ਵਿੱਚ ਸਿਖਰ ਨੂੰ ਪਾਰ ਕਰ ਗਈ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 1,42,388 ਲੋਕ ਵਾਇਰਸ ਦੀ ਲਾਗ ਕਾਰਨ ਹਸਪਤਾਲ ਵਿੱਚ ਦਾਖਲ ਸਨ, ਇਹ ਅੰਕੜਾ ਪਿਛਲੇ ਸਾਲ 14 ਜਨਵਰੀ ਦੇ ਅੰਕੜੇ ਨੂੰ ਵੀ ਪਾਰ ਕਰ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਵਧ ਕੇ 83 ਪ੍ਰਤੀਸ਼ਤ ਹੋ ਗਈ ਹੈ। ਓਮੀਕਰੋਨ ਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਹੜ੍ਹ ਕਾਰਨ ਪਹਿਲਾਂ ਹੀ ਥੱਕਿਆ ਹੋਇਆ ਹਸਪਤਾਲ ਸਟਾਫ਼ ਡਾਵਾਂਡੋਲ ਹੋ ਗਿਆ ਹੈ। ਟੀਕਾਕਰਨ ਹੋਣ ਤੋਂ ਬਾਅਦ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਗੰਭੀਰ ਤੌਰ ‘ਤੇ ਬਿਮਾਰ ਨਹੀਂ ਹੋ ਰਹੇ ਹਨ, ਪਰ ਉਹ ਸੰਕਰਮਿਤ ਹੋਣ ਕਾਰਨ ਦੂਜੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਅਸਮਰੱਥ ਹਨ। ਅਜਿਹੇ ‘ਚ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ‘ਚ ਵੀ ਦਿੱਕਤਾਂ ਆ ਰਹੀਆਂ ਹਨ।
ਵਿਸ਼ਵ ਪੱਧਰ ਤੇ 31.54 ਲੱਖ ਨਵੇਂ ਮਾਮਲੇ ਆਏ
ਦੁਨੀਆ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਕੱਲ ਇੱਕ ਦਿਨ ਚ 31.54 ਲੱਖ ਨਵੇਂ ਮਾਮਲੇ ਆਏ, 11.47 ਲੱਖ ਲੋਕਾਂ ਨੇ ਬਿਮਾਰੀ ਨੂੰ ਹਰਾਇਆ, ਜਦਕਿ ਇਸ ਦੌਰਾਨ 7,211 ਲੋਕਾਂ ਦੀ ਮੌਤ ਹੋ ਗਈ। ਦੁਨੀਆ ‘ਚ ਹੁਣ ਤੱਕ 32 ਕਰੋੜ ਕੋਰੋਨਾ ਅਤੇ ਓਮੀਕਰੋਨ ਦੇ ਮਾਮਲੇ ਆ ਚੁੱਕੇ ਹਨ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ 55.34 ਲੱਖ ਹੋ ਗਈ ਹੈ।
ਬਾਇਡੇਨ ਸਰਕਾਰ 50 ਕਰੋੜ ਟੈਸਟ ਕਿੱਟਾਂ ਵੰਡੇਗੀ
ਅਮਰੀਕੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਸਰਕਾਰ ਕੋਵਿਡ ਟੈਸਟਿੰਗ ਲਈ 50 ਕਰੋੜ ਟੈਸਟ ਕਿੱਟਾਂ ਵੰਡਣ ਜਾ ਰਹੀ ਹੈ। ਪਹਿਲਾਂ ਇਹ ਸੰਖਿਆ 25 ਕਰੋੜ ਤੈਅ ਕੀਤੀ ਗਈ ਸੀ, ਪਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਇਹ ਸੰਖਿਆ ਦੁੱਗਣੀ ਕਰ ਦਿੱਤੀ ਹੈ। ਹਰ ਜਗ੍ਹਾ ਟੈਸਟ ਮੁਫਤ ਕੀਤੇ ਜਾਣਗੇ। ਬਿਡੇਨ ਨੇ ਇਹ ਵੀ ਕਿਹਾ ਕਿ ਹੁਣ ਅਮਰੀਕੀਆਂ ਲਈ ਉੱਚ ਗੁਣਵੱਤਾ ਵਾਲੇ KN95 ਅਤੇ N95 ਮਾਸਕ ਵੀ ਪ੍ਰਦਾਨ ਕੀਤੇ ਜਾਣਗੇ।
ਕੈਨੇਡਾ ਵਿੱਚ ਵੈਕਸੀਨ ਤੋਂ ਇਨਕਾਰ ਕਰਨ ‘ਤੇ ਟੈਕਸ
ਕੈਨੇਡਾ ਦੇ ਕਿਊਬਿਕ ਸੂਬੇ ਨੇ ਉਨ੍ਹਾਂ ਲੋਕਾਂ ਲਈ ਨਵਾਂ ਨਿਯਮ ਲਾਗੂ ਕੀਤਾ ਹੈ, ਜੋ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਹਨ। ਅਜਿਹੇ ਲੋਕਾਂ ਨੂੰ ਹੁਣ ਟੈਕਸ ਦੇਣਾ ਪਵੇਗਾ। ਸੂਬੇ ਦੇ ਪ੍ਰੀਮੀਅਰ ਫ੍ਰਾਂਕੋਇਸ ਲੇਗੌਲਟ ਨੇ ਕਿਹਾ ਹੈ ਕਿ ਲਗਭਗ 10 ਫੀਸਦੀ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਮਿਲੀ ਹੈ। ਇਹ ਲੋਕ ਸਿਹਤ ਨੈੱਟਵਰਕ ‘ਤੇ ਵਿੱਤੀ ਬੋਝ ਵਧਾ ਰਹੇ ਹਨ ਅਤੇ ਹੋਰ ਨਾਗਰਿਕਾਂ ਲਈ ਖਤਰੇ ਨੂੰ ਵਧਾ ਸਕਦੇ ਹਨ। ਇਸ ਦੇ ਨਾਲ, ਕਿਊਬਿਕ ਪਹਿਲਾ ਸਥਾਨ ਬਣ ਗਿਆ ਹੈ ,ਜਿੱਥੇ ਕੋਰੋਨਾ ਵੈਕਸੀਨ ਨਾ ਲੈਣ ਵਾਲਿਆਂ ‘ਤੇ ਟੈਕਸ ਲਗਾਇਆ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਨੇ ਕਿਹਾ ਹੈ ਕਿ ਕੋਵਿਡ-19 ਦਾ ਓਮੀਕਰੋਨ ਵੇਰੀਐਂਟ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਖ਼ਤਰਨਾਕ ਹੈ, ਜਿਨ੍ਹਾਂ ਨੂੰ ਇਸ ਬਿਮਾਰੀ ਦਾ ਟੀਕਾ ਨਹੀਂ ਲਗਾਇਆ ਗਿਆ ਹੈ। ਉਸ ਨੇ ਕਿਹਾ, ਹਾਲਾਂਕਿ ਇਹ ਵੇਰੀਐਂਟ ਡੈਲਟਾ ਨਾਲੋਂ ਘੱਟ ਗੰਭੀਰ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਤੋਂ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ, ‘ਓਮੀਕਰੋਨ ਲੋਕਾਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਉਣ ਦਾ ਕਾਰਨ ਵੀ ਬਣ ਰਿਹਾ ਹੈ। ਇਸ ਲਈ ਸਾਵਧਾਨੀ ਜ਼ਰੂਰੀ ਹੈ।
Comment here