ਸਿਆਸਤਸਿਹਤ-ਖਬਰਾਂਖਬਰਾਂ

ਕਰੋਨਾ ਨੂੰ ਲੈ ਕੇ ਹਾਲਾਤ ਚਿੰਤਾਜਨਕ ਹੋਣ ਲੱਗੇ

ਆਉੰਦੇ ਦਿਨੀ ਰੋਜ਼ਾਨਾ 4-8 ਲੱਖ ਕੇਸ ਆਉਣ ਦੀ ਸੰਭਾਵਨਾ

ਦਿੱਲੀ ਸਰਕਾਰ ਨੇ ਲਾਇਆ ਵੀਕਐਂਡ ਕਰਫਿਊ

ਪੰਜਾਬ ਚ ਪ੍ਰਵਾਸੀਆਂ ਦਾ ਕਰੋਨਾ ਬੰਬ

ਨਵੀਂ ਦਿੱਲੀ-ਵਿਸ਼ਵ ਭਰ ਵਿੱਚ ਕਰੋਨਾ ਨੇ ਇੱਕ ਵਾਰ ਫੇਰ ਤਬਾਹੀ ਮਚਾ ਦਿੱਤੀ ਹੈ। ਭਾਰਤ ਵਿੱਚ ਵੀ ਹਾਲਾਤ ਦਿਨ ਬ ਦਿਨ ਬਦਲ ਰਹੇ ਹਨ। ਆਈ ਆਈ ਟੀ  ਕਾਨਪੁਰ ਦੇ ਪ੍ਰੋਫੈਸਰ ਡਾਕਟਰ ਮਨਿੰਦਰ ਅਗਰਵਾਲ ਨੇ ਕੋਰੋਨਾ ਨੂੰ ਲੈ ਕੇ ਚਿੰਤਾਜਨਕ ਸੰਭਾਵਨਾ ਜਤਾਈ ਹੈ, ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਰੋਜ਼ਾਨਾ 4 ਤੋਂ 8 ਲੱਖ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲਾਂ ਵਿੱਚ ਇਲਾਜ ਦੌਰਾਨ ਬੈੱਡਾਂ ਦੀ ਵੀ ਘਾਟ ਹੋਵੇਗੀ, ਇਸ ਲਈ ਢੁੱਕਵੇਂ ਪ੍ਰਬੰਧ ਤੇ ਯੋਜਨਾਬੰਦੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀਕ ਦੌਰਾਨ ਡੇਢ ਲੱਖ ਬੈੱਡਾਂ ਦੀ ਲੋੜ ਪੈ ਸਕਦੀ ਹੈ। ਪ੍ਰੋਫੈਸਰ ਅਗਰਵਾਲ ਨੇ ਕਿਹਾ ਕਿ ਸਾਡੇ ਪਹਿਲੇ ਅੰਦਾਜ਼ੇ ਤੇ ਦੱਖਣੀ ਅਫਰੀਕਾ ਦੇ ਅੰਕੜਿਆਂ ‘ਤੇ ਆਧਾਰਤ ਇਸ ਅੰਦਾਜ਼ੇ ‘ਚ ਫਰਕ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਦਾ ਅੰਕੜਾ ਭਾਰਤ ਨਾਲੋਂ ਬਹੁਤ ਵੱਖਰਾ ਹੈ। ਸਮੇਂ ਦੇ ਨਾਲ ਅਸੀਂ ਅਨੁਮਾਨਾਂ ਨੂੰ ਹੋਰ ਸਹੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਲਈ ਭਵਿੱਖਬਾਣੀ ਕਰਨਾ ਜ਼ਿਆਦਾ ਮੁਸ਼ਕਲ ਹੈ। ਅਸੀਂ ਅੰਦਾਜ਼ਾ ਲਾਇਆ ਹੈ ਕਿ ਤੀਜੀ ਲਹਿਰ ਦਾ ਸਿਖਰ ਜਨਵਰੀ ਦੇ ਆਖਰੀ ਹਫ਼ਤੇ ਜਾਂ ਫਰਵਰੀ ਦੇ ਸ਼ੁਰੂ ਵਿੱਚ ਹੋ ਸਕਦਾ ਹੈ। ਇਸ ਦੌਰਾਨ ਰੋਜ਼ਾਨਾ 4 ਤੋਂ 8 ਲੱਖ ਕੇਸ ਆਉਣਗੇ। ਪ੍ਰੋਫੈਸਰ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਸਥਿਤੀ ਬਹੁਤੀ ਚੰਗੀ ਨਹੀਂ ਪਰ ਇਸ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਜਨਵਰੀ ਦੇ ਆਸਪਾਸ ਦਿੱਲੀ ਵਿੱਚ ਤੀਜੀ ਲਹਿਰ ਦਾ ਸਿਖਰ ਆ ਸਕਦਾ ਹੈ। ਇਸ ਦੌਰਾਨ ਰੋਜ਼ਾਨਾ 35 ਤੋਂ 70 ਹਜ਼ਾਰ ਕੇਸ ਸਾਹਮਣੇ ਆਉਣਗੇ। ਇਸ ਦੇ ਨਾਲ ਹੀ, ਸਿਖਰ ਦੇ ਦੌਰਾਨ, ਹਸਪਤਾਲਾਂ ਵਿੱਚ 12 ਹਜ਼ਾਰ ਤੋਂ ਘੱਟ ਬੈੱਡਾਂ ਦੀ ਜ਼ਰੂਰਤ ਹੋਏਗੀ। ਉਨ੍ਹਾਂ ਕਿਹਾ ਕਿ ਸਿਖਰ ਦੇ ਦੌਰਾਨ, ਮੁੰਬਈ ਵਿੱਚ ਰੋਜ਼ਾਨਾ 30 ਤੋਂ 60 ਹਜ਼ਾਰ ਨਵੇਂ ਕੇਸ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੁੰਬਈ ਦੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ, ਇਸ ਲਈ ਅਨੁਮਾਨ ਹੈ ਕਿ ਸਿਖਰ ਦੇ ਸਮੇਂ ਵਿੱਚ ਹਸਪਤਾਲਾਂ ਵਿੱਚ 10 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਅਗਰਵਾਲ ਨੇ ਕਿਹਾ ਕਿ ਅਗਲੇ 10 ਦਿਨਾਂ ਵਿੱਚ ਦਿੱਲੀ ਤੇ ਮੁੰਬਈ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਸਿਖਰ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋਵਾਂ ਸ਼ਹਿਰਾਂ ਵਿੱਚ 30,000 ਤੋਂ 50,000 ਦੇ ਕਰੀਬ ਕੋਰੋਨਾ ਦੇ ਕੇਸ ਹਨ। ਡਾਕਟਰ ਅਗਰਵਾਲ ਦੇ ਅਨੁਸਾਰ, ਇਸ ਮਹੀਨੇ ਦੇ ਅੰਤ ਤੱਕ, ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਸਿਖਰ ‘ਤੇ ਆ ਜਾਵੇਗੀ। ਇੱਕ ਦਿਨ ਵਿੱਚ 4 ਤੋਂ 8 ਲੱਖ ਨਵੇਂ ਕੇਸ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਲੌਕਡਾਊਨ ਨਾ ਲਾਇਆ ਗਿਆ ਤਾਂ ਮਾਰਚ ਤੱਕ ਕੋਰੋਨਾ ਦੀ ਤੀਜੀ ਲਹਿਰ ਸਿਖਰ ‘ਤੇ ਆਉਣ ਦੀ ਸੰਭਾਵਨਾ ਹੈ। ਮਾਰਚ ਦੇ ਅੰਤ ਤੱਕ ਭਾਰਤ ਵਿੱਚ ਰੋਜ਼ਾਨਾ 10 ਹਜ਼ਾਰ ਤੋਂ 20 ਹਜ਼ਾਰ ਨਵੇਂ ਕੇਸ ਆਉਣ ਦੀ ਸੰਭਾਵਨਾ ਹੈ। ਡਾਕਟਰ ਅਗਰਵਾਲ ਨੇ ਕਿਹਾ ਕਿ ਹਸਪਤਾਲਾਂ ਵਿੱਚ ਘੱਟ ਕੋਰੋਨਾ ਮਰੀਜ਼ਾਂ ਦੇ ਦਾਖਲ ਹੋਣ ਦੀ ਉਮੀਦ ਹੈ।

ਪੰਜਾਬ ਚ ਪ੍ਰਵਾਸੀ ਕਰੋਨਾ ਬੰਬ ਫਟਿਆ

ਅੰਮ੍ਰਿਤਸਰ ਹਵਾਈ ਅੱਡੇ ’ਤੇ ਲਗਾਤਾਰ ਦੂਜੇ ਦਿਨ ਇਟਲੀ ਤੋਂ ਆਈ ਫਲਾਈਟ ਦੇ ਬਹੁਤੇ ਲੋਕ ਕਰੋਨਾ ਪਾਜ਼ਿਟਿਵ ਪਾਏ ਗਏ।  ਇਟਲੀ ’ਚੋਂ ਆਏ 300 ਯਾਤਰੀਆਂ ’ਚੋਂ 190 ਯਾਤਰੀ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਵੱਲੋਂ 285 ਲੋਕਾਂ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ 125 ਇਟਲੀ ਤੋਂ ਆਏ ਯਾਤਰੀ ਪਾਜ਼ੇਟਿਵ ਪਾਏ ਗਏ ਸਨ। ਇੰਨੀ ਵੱਡੀ ਗਿਣਤੀ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਕਈ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਵੀ ਏਅਰਪੋਰਟ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਟੈਸਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਅਜੇ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਜਿਨ੍ਹਾਂ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ਨੇ ਹਵਾਈ ਅੱਡੇ ‘ਤੇ ਹੰਗਾਮਾ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਉਹ ਕੋਵਿਡ ਟੈਸਟ ਕਰਵਾ ਕੇ ਇਟਲੀ ਤੋਂ ਆਏ ਸੀ, ਜਿਸ ਵਿਚ ਉਹ ਕੋਰੋਨਾ ਨੈਗੇਟਿਵ ਸਨ। ਇੱਥੇ ਆਉਣ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਕਿਵੇਂ ਆਈ? ਇਸ ਨੂੰ ਲੈ ਕੇ ਯਾਤਰੀਆਂ ਤੇ ਸਿਹਤ ਵਿਭਾਗ ਵਿਚਾਲੇ ਟਕਰਾਅ ਜਾਰੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰੋਮ ਤੋਂ ਆਏ 125 ਯਾਤਰੀ ਇਨਫੈਕਟਿਡ ਪਾਏ ਗਏ ਸਨ। ਸਵਾਲ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਇਟਲੀ ਤੋਂ ਰਿਪੋਰਟ ਕੋਰੋਨਾ ਨੈਗੇਟਿਵ ਆਈ ਹੈ ਤਾਂ ਭਾਰਤ ‘ਚ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਕਿਵੇਂ ਆਈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਟਲੀ ਵਿਚ ਜਾਅਲੀ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਇਟਲੀ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਇਟਲੀ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਨੈਗੇਟਿਵ ਐਲਾਨ ਕੇ ਭੇਜਿਆ ਜਾ ਰਿਹਾ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਇਟਲੀ ਸਰਕਾਰ ਵੱਲੋਂ ਕੋਰੋਨਾ ਪੀੜਤਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਨਾ ਕਰਨਾ ਪਵੇ। ਪਰ ਅੰਮ੍ਰਿਤਸਰ ਪ੍ਰਸ਼ਾਸਨ ਨੇ ਯਾਤਰੀਆਂ ਵਲੋਂ ਇਤਰਾਜ਼ ਜਤਾਉੰਦਿਆਂ ਹੰਗਾਮਾ ਕਰਨ ਤੇ ਹਵਾਈ ਅੱਡੇ ਦੀ ਲੈਬ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਪੀਜੀਆਈ ਚ ਹੋਰ ਡਾਕਟਰ ਪਾਜ਼ਿਟਿਵ ਆਏ

ਪੀਜੀਆਈ ’ਚ ਬੀਤੇ ਦਿਨ 34 ਹੋਰ ਡਾਕਟਰ ਕੋਰੋਨਾ ਪਾਜ਼ੇਟਿਵ ਪਾਏ ਗਏ। 20 ਦਸੰਬਰ 2021 ਤੋਂ ਹੁਣ ਤਕ 157 ਡਾਕਟਰ ਤੇ 353 ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 157 ਡਾਕਟਰਾਂ ’ਚ ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਤੇ ਫੈਕਲਟੀ ਮੈਂਬਰ ਸ਼ਾਮਲ ਹਨ। ਪੀਜੀਆਈ ਦੇ ਜੋ ਹੈਲਥ ਕੇਅਰ ਵਰਕਰ ਕੋਰੋਨਾ ਇਨਫੈਕਟਿਡ ਪਾਏ ਗਏ ਹਨ, ਉਨ੍ਹਾਂ ’ਚੋਂ 95 ਫ਼ੀਸਦੀ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਪੀਜੀਆਈ ਦੇ ਨਿਰਦੇਸ਼ਕ ਪ੍ਰੋਫੈਸਰ ਸੁਰਜੀਤ ਸਿੰਘ ਨੇ ਕਿਹਾ ਕਿ ਜੋ ਵੀ ਡਾਕਟਰ ਤੇ ਹੈਲਥ ਕੇਅਰ ਵਰਕਰ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ’ਚ ਕੋਰੋਨਾ ਦੇ ਮਾਈਲਡ ਯਾਨੀ ਮਾਮੂਲੀ ਲੱਛਣ ਹਨ, ਇਨ੍ਹਾਂ ਸਾਰਿਆਂ ਨੂੰ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਜਿਨ੍ਹਾਂ ਡਾਕਟਰਾਂ ਤੇ ਹੈਲਥ ਕੇਅਰ ਵਰਕਰਾਂ ਕੋਲ ਆਈਸੋਲੇਸ਼ਨ ਲਈ ਲੋੜੀਂਦੀ ਥਾਂ ਨਹੀਂ ਹੈ, ਉਨ੍ਹਾਂ ਨੂੰ ਪੀਜੀਆਈ ਦੇ ਨਹਿਰੂ ਹਸਪਤਾਲ ’ਚ ਐਕਸਟੈਂਸ਼ਨ ਵਾਰਡ ’ਚ ਰੱਖਿਆ ਗਿਆ ਹੈ। ਜੋ ਡਾਕਟਰ ਤੇ ਹੈਲਥ ਕੇਅਰ ਵਰਕਰ ਇਨਫੈਕਟਿਡ ਪਾਏ ਗਏ ਹਨ, ਉਨ੍ਹਾਂ ’ਚ ਕੋਰੋਨਾ ਦਾ ਓਮੀਕ੍ਰੋਨ ਵੈਰੀਐਂਟ ਹੈ ਜਾਂ ਨਹੀਂ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੀਜੀਆਈ ਪ੍ਰਸ਼ਾਸਨ ਵੱਲੋਂ ਇਨ੍ਹਾਂ ’ਚੋਂ ਕੁਝ ਡਾਕਟਰ ਤੇ ਹੈਲਥ ਕੇਅਰ ਵਰਕਰ ਦੇ ਕੋਵਿਡ ਸੈਂਪਲ ਜਿਨੋਮ ਸੀਕੁਐਂਸਿੰਗ ਲਈ ਭੇਜੇ ਗਏ ਹਨ, ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ’ਚ ਓਮੀਕ੍ਰੋਨ ਵੈਰੀਐਂਟ ਤਾਂ ਨਹੀਂ। ਜੇਕਰ ਇਨ੍ਹਾਂ ’ਚੋਂ ਇਕ ਵੀ ਡਾਕਟਰ ਜਾਂ ਹੈਲਥ ਕੇਅਰ ਵਰਕਰ ’ਚ ਜਿਨੋਮ ਸੀਕੁਐਂਸਿੰਗ ’ਚ ਓਮੀਕ੍ਰੋਨ ਵੈਰੀਐਂਟ ਦੀ ਪੁਸ਼ਟੀ ਹੁੰਦੀ ਹੈ ਤਾਂ ਸਾਰਿਆਂ ਦਾ ਕੋਵਿਡ ਟੈਸਟ ਕਰਵਾਇਆ ਜਾਵੇਗਾ। ਪੀਜੀਆਈ ’ਚ ਜੂਨੀਅਰ ਤੇ ਸੀਨੀਅਰ ਡਾਕਟਰਾਂ ਦੇ ਖਾਣ ਪੀਣ ਲਈ ਮੈੱਸ ਦੀ ਸਹੂੁਲਤ ਬੰਦ ਕਰ ਦਿੱਤੀ ਹੈ। ਹੁਣ ਇਨ੍ਹਾਂ ਮੈੱਸ ’ਚੋਂ ਟੇਕ ਅਵੇ ਯਾਨੀ ਖਾਣਾ ਪੈਕ ਕਰਵਾ ਕੇ ਡਾਕਟਰਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਪਵੇਗਾ। ਇਸ ਤੋਂ ਇਲਾਵਾ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਸਾਰੇ ਖੇਡ ਤੇ ਟੂਰਨਾਮੈਂਟ, ਇਨਡੋਰ ਕੋਰਟ ਤੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇੱਥੋਂ ਤਕ ਕਿ ਡਾਕਟਰਾਂ ਦੀਆਂ ਕਲਾਸਾਂ ਵੀ ਆਨਲਾਈਨ ਕਰ ਦਿੱਤੀਆਂ ਗਈਆਂ ਹਨ।

ਦਿੱਲੀ ਚ ਸੋਮਵਾਰ ਤੱਕ ਲਾਇਆ ਗਿਆ ਹੈ ਕਰਫਿਊ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਕ ਦਿਨ ਚ 17335 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਦਿੱਲੀ ਵਿੱਚ ਸੰਕਰਮਣ ਦੀ ਦਰ 17.73% ਤੱਕ ਪਹੁੰਚ ਗਈ ਹੈ। ਇਸ ਘਾਤਕ ਵਾਇਰਸ ਕਾਰਨ 9 ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਐਕਟਿਵ ਕੇਸ ਵੱਧ ਕੇ 39873 ਹੋ ਗਏ ਹਨ। ਇਸ ਦੌਰਾਨ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ਼ੁਕਰਵਾਰ ਰਾਤ ਤੋਂ ਦਿੱਲੀ ਵਿੱਚ ਇੱਕ ਵਾਰ ਫਿਰ ਵੀਕੈਂਡ ਕਰਫਿਊ ਸ਼ੁਰੂ ਹੋ ਗਿਆ ਹੈ। ਇਹ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਲੋਕਾਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤਹਿਤ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਜ਼ਰੂਰੀ ਕੰਮਾਂ ਨਾਲ ਜੁੜੇ ਕੁਝ ਲੋਕਾਂ ਨੂੰ ਵੀ ਬਾਹਰ ਜਾਣ ਦੀ ਰਿਆਇਤ ਦਿੱਤੀ ਗਈ ਹੈ। ਇਸ ਦੌਰਾਨ ਜੇਕਰ ਕੋਈ ਰੇਲ ਜਾਂ ਜਹਾਜ਼ ਰਾਹੀਂ ਯਾਤਰਾ ਕਰਨ ਜਾ ਰਿਹਾ ਹੈ ਤਾਂ ਉਸ ਕੋਲ ਯਾਤਰਾ ਦੀ ਟਿਕਟ ਹੋਣੀ ਜ਼ਰੂਰੀ ਹੈ। ਦਿੱਲੀ ਸਰਕਾਰ ਨੇ ਵੀਕੈਂਡ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਨਾਲ ਜੁੜੇ ਕੁਝ ਲੋਕਾਂ ਨੂੰ ਆਪਣਾ ਪਛਾਣ ਪੱਤਰ ਦਿਖਾ ਕੇ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਜਿਹੜੇ ਲੋਕ ਇਨ੍ਹਾਂ ਦੋ ਦਿਨਾਂ ਵਿੱਚ ਕਿਸੇ ਐਮਰਜੈਂਸੀ ਕੰਮ ਲਈ ਆਏ ਹਨ, ਉਨ੍ਹਾਂ ਨੂੰ ਦਿੱਲੀ ਦੇ ਡੀਐਮ ਦਫ਼ਤਰ ਤੋਂ ਈ-ਪਾਸ ਜਾਰੀ ਕੀਤੇ ਜਾਣਗੇ ਤਾਂ ਹੀ ਉਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ।

ਕਿਸ ਨੂੰ ਮਿਲੇਗੀ ਛੋਟ–ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਰਫਿਊ ਦੌਰਾਨ ਆਪਣੀ ਵੈਧ ਆਈਡੀ ਦਿਖਾਉਣ ‘ਤੇ ਸ਼ਨੀਵਾਰ ਅਤੇ ਰਾਤ ਦੇ ਕਰਫਿਊ ਤੋਂ ਛੋਟ ਦਿੱਤੀ ਜਾਵੇਗੀ।
ਭਾਰਤ ਸਰਕਾਰ, ਇਸ ਦੇ ਅਧੀਨ ਦਫਤਰਾਂ ਅਤੇ PSUs ਦੇ ਅਧਿਕਾਰੀ ਵੀ ਆਪਣੇ ਪਛਾਣ ਪੱਤਰ ਦਿਖਾ ਕੇ ਯਾਤਰਾ ਕਰ ਸਕਣਗੇ।

 ਸੁਪਰੀਮ ਕੋਰਟ, ਹਾਈ ਕੋਰਟ ਅਤੇ ਦਿੱਲੀ ਦੀਆਂ ਸਾਰੀਆਂ ਅਦਾਲਤਾਂ ਦੇ ਸਟਾਫ਼ ਮੈਂਬਰ ਅਤੇ ਨਾਲ ਹੀ ਵਕੀਲ ਆਪਣੀ ਵੈਧ ਆਈਡੀ ਜਾਂ ਅਦਾਲਤੀ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਇਜਾਜ਼ਤ ਪੱਤਰ ਦਿਖਾ ਕੇ ਜਾ ਸਕਣਗੇ।
ਦਿੱਲੀ ਵਿੱਚ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ਦੇ ਦਫਤਰਾਂ ਵਿੱਚ ਸੇਵਾ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਛੋਟ ਦਿੱਤੀ ਜਾਵੇਗੀ।

ਸਾਰੇ ਸਿਹਤ ਕਰਮਚਾਰੀਆਂ ਜਿਵੇਂ ਕਿ ਡਾਕਟਰ, ਨਰਸਿੰਗ ਸਟਾਫ, ਪੈਰਾਮੈਡਿਕਸ ਅਤੇ ਹੋਰ ਹਸਪਤਾਲ ਸੇਵਾਵਾਂ ਜਿਵੇਂ ਕਿ ਡਾਇਗਨੌਸਟਿਕ ਸੈਂਟਰਾਂ, ਲੈਬਾਂ, ਕਲੀਨਿਕਾਂ, ਫਾਰਮੇਸੀਆਂ, ਫਾਰਮਾਸਿਊਟੀਕਲ ਕੰਪਨੀਆਂ, ਮੈਡੀਕਲ ਆਕਸੀਜਨ ਸਪਲਾਇਰਾਂ ਨਾਲ ਜੁੜੇ ਸਟਾਫ ਨੂੰ ਪਛਾਣ ਪੱਤਰ ਦਿਖਾਉਣ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਵੈਧ ਸ਼ਨਾਖਤੀ ਕਾਰਡ ਅਤੇ ਡਾਕਟਰ ਦੀ ਪਰਚੀ ਦੇ ਆਧਾਰ ‘ਤੇ ਵਿਅਕਤੀਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

 ਜਿਹੜੇ ਲੋਕ ਕੋਵਿਡ-19 ਟੈਸਟ ਜਾਂ ਟੀਕਾਕਰਨ ਲਈ ਜਾ ਰਹੇ ਹਨ, ਉਨ੍ਹਾਂ ਨੂੰ ਵੀ ਆਈਡੀ ਕਾਰਡ ਪੇਸ਼ ਕਰਨ ‘ਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸ ਟਰਮੀਨਸ ਤੋਂ ਆਉਣ ਵਾਲੇ ਜਾਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਟਿਕਟਾਂ ਦਿਖਾਉਣ ‘ਤੇ ਯਾਤਰਾ ਕਰਨ ਦੀ ਆਗਿਆ ਹੈ।
ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਮੀਡੀਆ ਕਰਮਚਾਰੀਆਂ ਨੂੰ ਵੈਧ ਆਈਡੀ ਕਾਰਡਾਂ ਦਿਖਾਉਣ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਬੈਠਣ ਅਤੇ ਇਮਤਿਹਾਨ ਡਿਊਟੀ ਲਈ ਤਾਇਨਾਤ ਸਟਾਫ਼ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਵਿਆਹ ਕਾਰਡ ਦਿਖਾਉਣ ‘ਤੇ 20 ਵਿਅਕਤੀਆਂ ਨੂੰ ਵਿਆਹ ਦੀ ਰਸਮ ਲਈ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ, ਤਰਖਾਣ, ਵਾਟਰ ਸਪਲਾਈ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਪ੍ਰਾਈਵੇਟ ਕਾਮਿਆਂ ਲਈ ਈ-ਪਾਸ ਜਾਰੀ ਕੀਤਾ ਜਾਵੇਗਾ।
ਅਖਬਾਰ ਹਾਕਰਾਂ, ਆਈਟੀ ਸੇਵਾ ਅਤੇ ਬੈਂਕ ਕਰਮਚਾਰੀਆਂ ਨੂੰ ਵੀ ਕਰਫਿਊ ਦਿਨਾਂ ਲਈ ਡੀਐਮ ਦਫਤਰ ਤੋਂ ਇਜਾਜ਼ਤ ਲੈਣੀ ਪਵੇਗੀ।
ਫਲਾਂ ਅਤੇ ਸਬਜ਼ੀਆਂ, ਦੁੱਧ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਸਪਲਾਇਰਾਂ ਨੂੰ ਵੀ ਸਬੰਧਤ ਡੀਐਮ ਦਫ਼ਤਰ ਤੋਂ ਈ-ਪਾਸ ਜਾਰੀ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਘਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ (ਰਸੋਈਏ, ਮਾਲੀ, ਸਫ਼ਾਈਵਾਲਾ ਆਦਿ) ਲਈ ਵੀਕੈਂਡ ‘ਤੇ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਵੀਕੈਂਡ ਕਰਫਿਊ ਦੌਰਾਨ ਲੋਕ 2 ਦਿਨ ਬਿਨਾਂ ਕੰਮਕਾਜ ਦੇ ਵੀ ਸਾਰ ਸਕਦੇ ਹਨ।

Comment here