ਨਵੀਂ ਦਿੱਲੀ – ਕਰੋਨਾ ਦੀ ਦੂਜੀ ਲਹਿਰ ਦਾ ਕਹਿਰ ਕੁਝ ਘਟਣ ਮਗਰੋੰ ਦੇਸ਼ ਦੇ ਲੋਕਾਂ ਚ ਕਰੋਨਾ ਦਾ ਖੌਫ ਵੀ ਘਟ ਗਿਆ, ਲਾਪਰਵਾਹੀ ਵਧ ਗਈ, ਤਾਂ ਦੇਸ਼ ਦੇ ਸਿਹਤ ਮਾਹਿਰ ਚਿਤਾਵਨੀਆਂ ਦੇਣ ਲੱਗੇ ਨੇ ਕਿ ਸੁਧਰ ਜਾਓ, ਖਤਰਾ ਹਾਲੇ ਟਲਿਆ ਨਹੀਂ। ਮੰਨੇ-ਪ੍ਰਮੰਨੇ ਲਾਗ ਵਾਲੀਆਂ ਬਿਮਾਰੀਆਂ ਦੇ ਮਾਹਰ ਦਾ ਕਹਿਣਾ ਹੈ ਕਿ ਦੇਸ਼ ‘ਚ ਅਗਸਤ ਦੇ ਅੰਤ ਤਕ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਸਕਦੀ ਹੈ। ਉਨ੍ਹਾਂ ਪਾਬੰਦੀਆਂ ਦੇ ਪਾਲਣ ‘ਤੇ ਵੀ ਜ਼ੋਰ ਦਿੱਤਾ ਹੈ।ਭਾਰਤੀ ਮੈਡੀਕਲ ਖੋਜ ਕੌਂਸਲ ‘ਚ ਮਹਾਮਾਰੀ ਵਿਗਿਆਨ ਤੇ ਲਾਗ ਵਾਲੀਆਂ ਬਿਮਾਰੀਆਂ ਦੇ ਵਿਭਾਗ ਮੁਖੀ ਡਾ. ਸਮੀਰਨ ਪਾਂਡਾ ਨੇ ਚੌਕਸ ਕਰਦਿਆਂ ਇਹ ਵੀ ਕਿਹਾ ਕਿ ਪਹਿਲੇ ਦੀਆਂ ਦੋਵੇਂ ਲਹਿਰਾਂ ਵਿਚ ਜਿਨ੍ਹਾਂ ਸੂਬਿਆਂ ‘ਚ ਜ਼ਿਆਦਾ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈ, ਉਥੇ ਤੀਜੀ ਲਹਿਰ ‘ਚ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਇੱਥੇ ਮਹਾਮਾਰੀ ‘ਤੇ ਨਜ਼ਰ ਰੱਖਣ ਅਤੇ ਕੋਰੋਨਾ ਦੇ ਹਾਲਾਤ ਮੁਤਾਬਕ ਕਦਮ ਚੁੱਕਣ। ਕੁਝ ਅਜਿਹੇ ਸੂਬੇ ਹਨ ਜਿੱਥੇ ਪਹਿਲੀ ਤੇ ਦੂਜੀ ਲਹਿਰ ਵਿਚ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪਿਆ ਹੈ, ਪ੍ਰੰਤੂ ਜੇਕਰ ਪਾਬੰਦੀਆਂ ਨੂੰ ਬਣਾਏ ਨਹੀਂ ਰੱਖਿਆ ਗਿਆ ਤਾਂ ਇਨ੍ਹਾਂ ਸੂਬਿਆਂ ਵਿਚ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਡਾ. ਪਾਂਡਾ ਨੇ ਕਿਹਾ ਕਿ ਤੀਜੀ ਲਹਿਰ ਘੱਟ ਆਏ ਅਤੇ ਉਸ ਦਾ ਪ੍ਰਭਾਵ ਕਿੰਨਾ ਹੋਵੇਗਾ, ਇਹ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ, ਜਿਸ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਹਾਲੇ ਗਈ ਨਹੀਂ ਹੈ, ਕਿਉਂਕਿ ਮਾਮਲਿਆਂ ਵਿਚ ਉਤਾਰ-ਚੜ੍ਹਾਅ ਬਣਿਆ ਹੋਇਆ ਹੈ। ਇਸ ਦਾ ਜਾਂਚ ਤੇ ਰਿਪੋਰਟਿੰਗ ਨਾਲ ਕਿਤੇ ਨਾ ਕਿਤੇ ਸਬੰਧ ਹੈ। ਕੁਝ ਸੂਬਿਆਂ ‘ਚ ਕੋਰੋਨਾ ਇਨਫੈਕਸ਼ਨ ਦੇ ਜ਼ਿਆਦਾ ਮਾਮਲਿਆਂ ‘ਤੇ ਉਨ੍ਹਾਂ ਕਿਹਾ ਕਿ ਮਹਾਮਾਰੀ ਖੇਤਰ ਦੇ ਹਿਸਾਬ ਨਾਲ ਆਪਣਾ ਰੂਪ ਬਦਲ ਰਹੀ ਹੈ। ਇਸ ਕਰਕੇ ਸਾਵਧਾਨ ਹੋਣ ਦੀ ਲੋੜ ਹੈ, ਲਾਪਰਵਾਹੀਆਂ ਮਹਿੰਗੀਆਂ ਪੈ ਸਕਦੀਆਂ ਹਨ।
Comment here