ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਕਰੋਨਾ ਤੋਂ ਬਚਾਅ ਲਈ ਵੈਕਸੀਨ ਹੀ ਇੱਕਮਾਤਰ ਹਥਿਆਰ

ਨਵੀਂ ਦਿੱਲੀ – ਦੇਸ਼ ਵਿੱਚ ਕਰੋਨਾ ਦੇ ਕੇਸ ਫੇਰ ਹਜ਼ਾਰਾਂ ਦੇ ਹਿਸਾਬ ਨਾਲ ਰੋਜ਼ਾਨਾ ਆਉਣ ਲੱਗੇ ਹਨ। ਪੰਜਾਬ ਅਤੇ ਹਿਮਾਚਲ ‘ਚ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪਿਛਲੇ ਹਫਤੇ ‘ਚ ਕੋਵਿਡ-19 ਦੇ ਮਾਮਲਿਆਂ ਵਿਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ ਅਤੇ ਕੇਂਦਰ ਨੇ ਵਧ ਰਹੇ ਮਾਮਲਿਆਂ ਕਾਰਨ ਦੋਵਾਂ ਰਾਜਾਂ ਨੂੰ ਇਸ ਬਾਰੇ ਚੌਕਸ ਹੋਣ ਲਈ ਕਿਹਾ ਹੈ | 19 ਅਤੇ 26 ਜੁਲਾਈ ਨੂੰ ਖਤਮ ਹੋਏ ਹਫਤਿਆਂ ਵਿਚਕਾਰ ਪੰਜਾਬ ‘ਚ ਔਸਤ ਰੋਜ਼ਾਨਾ ਮਾਮਲੇ 2.48 ਗੁਣਾ ਵਧ ਕੇ 254 ਤੋਂ 631 ਹੋ ਗਏ, ਜਦੋਂ ਕਿ ਹਿਮਾਚਲ ਵਿਚ 384 ਤੋਂ 603 ਤੱਕ 1.57 ਗੁਣਾ ਵਾਧਾ ਹੋਇਆ, ਜੋ ਕਿ ਸਾਰੇ ਰਾਜਾਂ ‘ਚ ਸਭ ਤੋਂ ਵੱਧ ਵਾਧਾ ਦਰ ਹੈ | ਕੁੱਲ ਮਿਲਾ ਕੇ ਛੇ ਰਾਜਾਂ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ ਅਤੇ ਓਡੀਸ਼ਾ ‘ਚ ਰੋਜ਼ਾਨਾ ਔਸਤਨ 1,000 ਤੋਂ ਵੱਧ ਕੋਵਿਡ ਮਾਮਲੇ ਆ ਰਹੇ ਹਨ, ਜਦੋਂ ਕਿ ਗੁਜਰਾਤ, ਅਸਾਮ, ਤਿਲੰਗਾਨਾ, ਦਿੱਲੀ, ਪੰਜਾਬ, ਹਿਮਾਚਲ ਅਤੇ ਛੱਤੀਸਗੜ੍ਹ ਵਿਚ 500 ਤੋਂ 1,000 ਦੇ ਵਿਚਕਾਰ ਮਾਮਲੇ ਆ ਰਹੇ ਹਨ |
ਸਿਹਤ ਮੰਤਰਾਲੇ ਦੇ ਸੂਤਰਾਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਦੇ ਫਿਰ ਸਿਰ ਚੁੱਕਣ ਕਾਰਨ ਮਾਮਲਾ ਗੰਭੀਰ ਹੈ | ਜਾਪਾਨ ਵਿਚ ਰੋਜ਼ਾਨਾ ਡੇਢ ਲੱਖ ਤੇ ਅਮਰੀਕਾ ਵਿਚ ਇਕ ਲੱਖ 29 ਲੱਖ ਮਾਮਲੇ ਆ ਰਹੇ ਹਨ | ਪਿਛਲੇ ਹਫਤੇ ਦੁਨੀਆ ਵਿਚ ਰੋਜ਼ਾਨਾ ਔਸਤਨ 11.06 ਲੱਖ ਮਾਮਲੇ ਸਾਹਮਣੇ ਆਏ | ਭਾਰਤ ਵਿਚ ਇਸ ਵੇਲੇ 1,47,512 ਕੋਰੋਨਾ ਦੇ ਮਰੀਜ਼ ਹਨ | ਦੇਸ਼ ਵਿਚ ਚਾਰ ਕਰੋੜ ਲੋਕਾਂ ਨੇ ਅਜੇ ਪਹਿਲਾ ਟੀਕਾ ਵੀ ਨਹੀਂ ਲੁਆਇਆ | ਸੱਤ ਕਰੋੜ ਨੇ ਇਕ ਟੀਕਾ ਲੁਆਇਆ, ਪਰ ਦੂਜਾ ਨਹੀਂ ਲੁਆਇਆ | ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਕੋਰੋਨਾ ਗਿਆ ਨਹੀਂ | ਉਹ ਇਸ ਗੱਲੋਂ ਵੀ ਚਿੰਤਤ ਹਨ ਕਿ ਲੋਕ ਤੀਜੀ ਖੁਰਾਕ ਲੈਣ ਪ੍ਰਤੀ ਉਦਾਸੀਨ ਹਨ | ਸਰਕਾਰ ਵੱਲੋਂ 15 ਜੁਲਾਈ ਤੋਂ ਮੁਫਤ ਤੀਜਾ ਟੀਕਾ ਲਾਉਣਾ ਸ਼ੁਰੂ ਕਰਨ ਦੇ ਬਾਵਜੂਦ ਅਜੇ ਤੱਕ ਦੇਸ਼ ਵਿਚ 69.97 ਕਰੋੜ ਵਿੱਚੋਂ ਸਿਰਫ 7.3 ਕਰੋੜ (11 ਫੀਸਦੀ) ਨੇ ਹੀ ਤੀਜਾ ਟੀਕਾ ਲੁਆਇਆ ਹੈ |

Comment here