ਸਿਆਸਤਖਬਰਾਂ

ਕਰੋਨਾ ਕਾਰਨ ਗੰਗਾ ਘਾਟ ਸੁੰਨੀ, ਪਰ ਮਾਘੀ ਮੇਲੇ ਤੇ ਕੋਈ ਅਸਰ ਨੀੰ

ਸ੍ਰੀ ਮੁਕਤਸਰ ਸਾਹਬਿ,ਦੇਹਰਾਦੂਨ– ਦੇਸ਼ ਭਰ ‘ਚ ਕਰੋਨਾ ਦਾ ਕਹਿਰ ਇੱਕ ਵਾਰ ਫੇਰ ਤਰਥੱਲੀ ਮਚਾ ਰਿਹਾ ਹੈ, ਜਿਸ ਦੇ ਚਲਦਿਆਂ ਜਨਤਕ ਇਕਠ ਘਟ ਰਹੇ ਹਨ, ਧਾਰਮਿਕ ਸਮਾਗਮਾਂ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਰੋਨਾ ਮਾਮਲਿਆਂ ‘ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਗੰਗਾ ਇਸ਼ਨਾਨ ‘ਤੇ ਲੱਗੀ ਪਾਬੰਦੀ ਕਾਰਨ ਮਕਰ ਸੰਕ੍ਰਾਂਤੀ ਮੌਕੇ ਅੱਜ ਹਰਿਦੁਆਰ ਅਤੇ ਰਿਸ਼ੀਕੇਸ਼ ‘ਚ ਗੰਗਾ ਘਾਟ ਸੁੰਨਸਾਨ ਨਜ਼ਰ ਆਏ। ਮਕਰ ਸੰਕ੍ਰਾਂਤੀ ‘ਤੇ ਹਰ ਸਾਲ ਲੱਖਾਂ ਸ਼ਰਧਾਲੂਆਂ ਨਾਲ ਗੁਲਜ਼ਾਰ ਰਹਿਣ ਵਾਲੇ ਹਰਿਦੁਆਰ ‘ਚ ਹਰ ਕੀ ਪੌੜੀ ਘਾਟ ਅਤੇ ਰਿਸ਼ੀਕੇਸ਼ ‘ਚ ਤ੍ਰਿਵੇਨੀ ਘਾਟ ‘ਤੇ ਸਿਰਫ਼ ਪੁਲਸ ਮੁਲਾਜ਼ਮ ਹੀ ਨਜ਼ਰ ਆਏ ਜੋ ਇਹ ਯਕੀਨੀ ਕਰਨ ਲਈ ਮੁਸਤੈਦ ਰਹੇ ਕਿ ਪਾਬੰਦੀ ਦੀ ਉਲੰਘਣਾ ਨਾ ਹੋਵੇ। ਹਰਿਦੁਆਰ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰਿਦੁਆਰ ਦੀ ਸਰਹੱਦ ‘ਤੇ ਗਸ਼ਤ ਅਤੇ ਜਾਂਚ ਤੇਜ਼ ਕਰ ਦਿੱਤੀ ਗਈ, ਜਿਸ ਨਾਲ ਪਾਬੰਦੀ ਦੀ ਜਾਣਕਾਰੀ ਨਾ ਰੱਖਣ ਵਾਲੇ ਸ਼ਰਧਾਲੂ ਵੀ ਗੰਗਾ ਇਸ਼ਨਾਨ ਲਈ ਹਰ ਕੀ ਪੌੜੀ ਖੇਤਰ ‘ਚ ਨਾ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੀ ਕਮੀ ‘ਚ ਗੰਗਾ ‘ਚ ਡੁਬਕੀ ਲਾਉਣ ਲਈ ਹਰਿਦੁਆਰ ਵੱਲ ਜਾ ਰਹੇ ਕਈ ਸ਼ਰਧਾਲੂਆਂ ਨੂੰ ਰਸਤੇ ਤੋਂ ਹੀ ਵਾਪਸ ਕਰ ਦਿੱਤਾ ਗਿਆ। ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਵਿਨੇ ਸ਼ੰਕਰ ਪਾਂਡੇ ਅਤੇ ਦੇਹਰਾਦੂਨ ਦੇ ਉਨ੍ਹਾਂ ਦੇ ਹਮਰੁਤਬਾ ਆਰ. ਰਾਜੇਸ਼ ਕੁਮਾਰ ਨੇ ਕੋਰੋਨਾ ਮਾਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਹੀ ਮਕਰ ਸੰਕ੍ਰਾਂਤੀ ਮੌਕੇ ਗੰਗਾ ਇਸ਼ਨਾਨ ‘ਤੇ ਰੋਕ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।

ਪਰ ਦੂਜੇ ਪਾਸੇ ਪੰਜਾਬ ਦੇ ਮਾਘੀ ਮੇਲੇ ਮੌਕੇ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਕਰੋਨਾ ਦਾ ਕੋਈ ਡਰ ਭੈਅ ਨਜ਼ਰ ਨਹੀਂ ਆਇਆ। ਸੰਗਤ ਦੂਰੋਂ ਨੇੜਿਓਂ ਵੱਡੀ ਗਿਣਤੀ ਇਥੇ ਨਤਮਸਤਕ ਹੋਈ। ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਇਸ ਵਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 14 ਜਨਵਰੀ ਨੂੰ ਮਾਘੀ ਇਸ਼ਨਾਨ ਦੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਦੀ ਆਮਦ 13 ਅਤੇ 14 ਜਨਵਰੀ ਦੀ ਦਰਮਿਆਨੀ ਰਾਤ ਹੀ ਸ਼ੁਰੂ ਹੋ ਗਈ ਸੀ। ਰਾਤ 12 ਵਜੇ ਤੋਂ ਬਾਅਦ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਸ਼ੁਰੂ ਕਰ ਦਿੱਤਾ।

ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਅਤੇ ਕੋਵਿਡ ਪਾਬੰਦੀਆਂ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ, ਜਿਨ੍ਹਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਸੰਗਤ ਦੀ ਆਮਦ ਨੂੰ ਵੇਖ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਮੁੱਖ ਮਾਰਗਾਂ ’ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸੰਗਤ ਵੱਲੋਂ ਲੰਗਰ ਲਾਏ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਥੇ ਰਾਗੀ ਢਾਡੀ ਅਤੇ ਪ੍ਰਚਾਰਕ ਸਿੰਘਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਸੰਗਤ ਦੀਆਂ ਬੀਤੀ ਰਾਤ ਬਾਰਾਂ ਵਜੇ ਤੋਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਰਾਸਤਿਆ ’ਤੇ ਪੁਲਸ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ। ਸੱਤ ਗੇਟਾਂ ’ਤੇ ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਸਹਾਇਤਾ ਕੇਂਦਰ ਬਣਾਏ ਗਏ, ਉਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਵੱਡੀ ਗਿਣਤੀ ’ਚ ਸੰਗਤ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਕੋਰੋਨਾ ਦੇ ਇਸ ਦੌਰ ’ਚ ਹਦਾਇਤਾਂ ਦੀ ਪਾਲਣਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਜਾਗਰੂਕ ਕਰਦੀਆਂ ਰਹੀਆਂ। ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਇਸ ਵਾਰ ਮੇਲਾ ਮਾਘੀ ’ਤੇ ਰਾਜਸੀ ਕਾਨਫਰੰਸਾਂ ਨਹੀਂ ਹੋ ਸਕੀਆਂ, ਨਹੀਂ ਤਾਂ ਇਥੇ ਹੋਰ ਵੀ ਭਰਵਾਂ ਇਕਠ ਹੋਣਾ ਸੀ।ਸ੍ਰੀ ਮੁਕਤਸਰ ਸਾਹਿਬ ਆਈਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋਈਆਂ। 12 ਜਨਵਰੀ ਤੋਂ ਆਰੰਭ ਹੋਏ ਮੇਲੇ ਸਬੰਧੀ ਧਾਰਮਿਕ ਸਮਾਗਮਾਂ ਦੀ ਸਮਾਪਤੀ 15 ਜਨਵਰੀ ਨੂੰ ਹੋਵੇਗੀ। 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣਗੇ।

Comment here