ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਯੂਨੀਵਰਸਿਟੀ ਦੇ ਬਾਹਰ ਡਾਕਟਰ ਦੀ ਪਤਨੀ ਨੇ ਕੀਤਾ ਸੀ ਧਮਾਕਾ

ਇਸਲਾਮਾਬਾਦ— ਪਾਕਿਸਤਾਨ ‘ਚ ਲੰਘੇ ਦਿਨ ਕਰਾਚੀ ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ ‘ਚ ਤਿੰਨ ਚੀਨੀ ਨਾਗਰਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਿਜਾਬ ਪਹਿਨੀ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦਾ ਨਾਂ ਸ਼ੈਰੀ ਬਲੋਚ ਦੱਸਿਆ ਜਾ ਰਿਹਾ ਹੈ ਅਤੇ ਉਹ ਬਲੋਚ ਲਿਬਰੇਸ਼ਨ ਆਰਮੀ ਦੀ ਮਜੀਦ ਬ੍ਰਿਗੇਡ ਦੀ ਮੈਂਬਰ ਹੈ। ਵੀਡੀਓ ‘ਚ ਹਿਜਾਬ ਪਹਿਨੀ ਔਰਤ ਨੂੰ ਸੜਕ ‘ਤੇ ਖੜ੍ਹੀ ਦੇਖਿਆ ਜਾ ਸਕਦਾ ਹੈ ਅਤੇ ਵੈਨ ਉਸ ਦੇ ਕੋਲੋਂ ਲੰਘਦੀ ਹੈ ਤਾਂ ਧਮਾਕਾ ਹੋ ਜਾਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਫ਼ ਹੈ ਕਿ ਇਹ ਫਿਦਾਇਨ ਹਮਲਾ ਸੀ। ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਮਹਿਲਾ ਫਿਦਾਈਨ ਬਾਰੇ ਟਵਿੱਟਰ ‘ਤੇ ਉਸ ਦੀ ਫੋਟੋ ਸਮੇਤ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਮਕਬੂਜ਼ਾ ਬਲੋਚਿਸਤਾਨ ਵਿੱਚ ਪਾਕਿ ਫੌਜੀ ਕਤਲੇਆਮ ਵਿੱਚ ਸ਼ੈਰੀ ਬਲੋਚ ਨੇ ਆਪਣਾ ਪਰਿਵਾਰ ਗੁਆ ਦਿੱਤਾ ਸੀ। ਬੀਐਲਏ ਨੇ ਦੱਸਿਆ ਹੈ ਕਿ ਇਸ ਮਹਿਲਾ ਫਿਦਾਇਨ ਦਾ ਨਾਂ ਸ਼ੈਰੀ ਬਲੋਚ ਹੈ ਅਤੇ ਉਸ ਦਾ ਪਤੀ ਡਾਕਟਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਅਫਗਾਨਿਸਤਾਨ ਅਤੇ ਪਾਕਿਸਤਾਨ ਮਾਮਲਿਆਂ ਦੇ ਪੱਤਰਕਾਰ ਬਸ਼ੀਰ ਅਹਿਮਦ ਗਵਾਖ ਨੇ ਆਪਣੇ ਨਿੱਜੀ ਟਵਿੱਟਰ ਹੈਂਡਲ ‘ਤੇ ਐਮ.ਫਿਲ ਦੀ ਵਿਦਿਆਰਥਣ ਸ਼ੈਰੀ ਬਲੋਚ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਲੋਚ ਲਿਬਰੇਸ਼ਨ ਆਰਮੀ ਨੇ ਕਰਾਚੀ ਯੂਨੀਵਰਸਿਟੀ ਵਿੱਚ ਪਹਿਲੀ ਮਹਿਲਾ ਆਤਮਘਾਤੀ ਹਮਲਾਵਰ ਬਾਰੇ ਹੋਰ ਵੇਰਵੇ ਜਾਰੀ ਕੀਤੇ ਹਨ। ਇਹ ਆਤਮਘਾਤੀ ਹਮਲਾ ਦਰਸਾਉਂਦਾ ਹੈ ਕਿ ਬਲੋਚ ਵੱਖਵਾਦੀ ਪਾਕਿਸਤਾਨ ਤੋਂ ਆਜ਼ਾਦੀ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਪੱਤਰਕਾਰ ਬਸ਼ੀਰ ਅਹਿਮਦ ਨੇ ਵੀ ਇਸ ਫਿਦਾਈਨ ਹਮਲੇ ਦੀ ਵੀਡੀਓ ਸਾਂਝੀ ਕੀਤੀ ਹੈ।

Comment here