ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਚ ਹਿੰਦੂ ਮੰਦਰ ‘ਤੇ ਹਮਲਾ, ਲੁੱਟਮਾਰ

ਕਰਾਚੀ-ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖੌਫ ਦੇ ਸਾਏ ਹੇਠ ਹਨ, ਆਏ ਦਿਨ ਕੱਟੜਪੰਥੀਆਂ ਦੇ ਹਮਲੇ ਦਾ ਸ਼ਿਕਾਰ ਹੁੰਦੀਆਂ ਹਨ। ਬੀਤੇ ਦਿਨ ਵੀ ਹਿੰਦੂ ਭਾਈਚਾਰਾ ਸਹਿਮ ਨਾਲ ਭਰ ਗਿਆ ਜਦ ਇੱਕ ਮੰਦਰ ਤੇ ਹਮਲਾ ਹੋ ਗਿਆ। ਬੁੱਧਵਾਰ ਨੂੰ ਕਰਾਚੀ ਦੇ ਕੋਰੰਗੀ ਇਲਾਕੇ ‘ਚ ਸ਼੍ਰੀ ਮਰੀ ਮਾਤਾ ਮੰਦਰ ‘ਚ ਮੂਰਤੀਆਂ ‘ਤੇ ਹਮਲਾ ਕੀਤਾ ਗਿਆ। ਕੋਰੰਗੀ ਥਾਣੇ ਤੋਂ ਥੋੜ੍ਹੀ ਦੂਰੀ ‘ਤੇ ‘ਜੇ’ ਇਲਾਕੇ ਵਿੱਚ ਸ਼੍ਰੀ ਮਰੀ ਮਾਤਾ ਦਾ ਮੰਦਰ ਸਥਿਤ ਹੈ। ਮੰਦਰ ‘ਤੇ ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮੰਦਰ ਦਾ ਮੁਆਇਨਾ ਕੀਤਾ ਅਤੇ ਘਟਨਾ ਦੀ ਜਾਣਕਾਰੀ ਲਈ। ਇਸ ਘਟਨਾ ਤੋਂ ਬਾਅਦ ਕਰਾਚੀ ਦੇ ਹਿੰਦੂ ਭਾਈਚਾਰੇ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਖਾਸ ਕਰਕੇ ਕੋਰੰਗੀ ਇਲਾਕੇ ‘ਚ ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਤਾਇਨਾਤ ਕੀਤੀ ਗਈ ਹੈ। ਇਲਾਕਾ ਨਿਵਾਸੀ ਸੰਜੀਵ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ ‘ਚ ਆਏ ਅਤੇ ਮੰਦਰ ‘ਤੇ ਹਮਲਾ ਕਰ ਦਿੱਤਾ। ਮਾਮਲਾ ਦਰਜ ਕਰਨ ਲਈ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਕਿ ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ।
ਜਾਣਕਾਰੀ ਮੁਤਾਬਕ ਕੋਰੰਗੀ ਸਥਿਤ ਹਨੂੰਮਾਨ ਮੰਦਰ ‘ਤੇ ਭੀੜ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਸਗੋਂ ਲੁੱਟ-ਖੋਹ ਵੀ ਕੀਤੀ। ਦੋਸ਼ ਹੈ ਕਿ ਦੋਸ਼ੀਆਂ ਨੂੰ ਫੜਨ ਲਈ ਕੋਈ ਵੀ ਪੁਲਸ ਕਰਮਚਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਕੋਰੰਗੀ ਦੇ ਐਸ.ਐਚ.ਓ. ਫਾਰੂਕ ਸੰਜਰਾਨੀ ਦੇ ਅਨੁਸਾਰ, ਪੰਜ ਤੋਂ ਛੇ ਅਣਪਛਾਤੇ ਸ਼ੱਕੀ ਮੰਦਰ ਵਿੱਚ ਦਾਖਲ ਹੋਏ ਅਤੇ ਮੰਦਰ ਵਿੱਚ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ ਪਹਿਲਾਂ ਵੀ ਭੀੜਾਂ ਵੱਲੋਂ ਹਿੰਦੂ ਮੰਦਰਾਂ ‘ਤੇ ਹਮਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਲਰਕਾਨਾ ‘ਚ ਅਣਪਛਾਤੇ ਲੋਕਾਂ ਨੇ ਮੰਦਰ ‘ਚ ਭੰਨਤੋੜ ਕੀਤੀ ਸੀ। ਅਕਤੂਬਰ ਵਿੱਚ ਕੋਟਰੀ ਵਿਖੇ ਸਿੰਧ ਨਦੀ ਦੇ ਕੰਢੇ ਸਥਿਤ ਇਤਿਹਾਸਕ ਮੰਦਰ ‘ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਹਮਲਾ ਕੀਤਾ ਸੀ।

Comment here