ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਚ ਧਮਾਕਾ, ਕਈ ਮੌਤਾਂ, ਜਾਂਚ ਜਾਰੀ

ਕਰਾਚੀ – ਅੱਜ ਪਾਕਿਸਤਾਨ ਦਾ ਕਰਾਚੀ ਸ਼ਹਿਰ ਧਮਾਕੇ ਨਾਲ ਦਹਿਲ ਉਠਿਆ, ਜਿਥੇ  ਅੱਜ ਦੁਪਹਿਰ 1.30 ਵਜੇ ਸ਼ੇਰ ਸ਼ਾਹ ਪਰਾਚਾ ਚੌਕ  ਨੇੜੇ ਜ਼ੋਰਦਾਰ ਧਮਾਕਾ ਹੋਇਆ।  ਧਮਾਕੇ ‘ਚ 16 ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 13 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਕਰਾਚੀ ਸ਼ਹਿਰ ਦੇ ਸੀਵਰੇਜ ਸਿਸਟਮ ਵਿੱਚ ਹੋਇਆ। ਪੁਲਿਸ ਬੁਲਾਰੇ ਸੋਹੇਲ ਜੋਖਿਓ ਨੇ ਦੱਸਿਆ ਕਿ ਸ਼ੇਰਸ਼ਾਹ ਇਲਾਕੇ ‘ਚ ਇਕ ਬੈਂਕ ਦੀ ਇਮਾਰਤ ਦੇ ਹੇਠਾਂ ਸੀਵਰੇਜ ਸਿਸਟਮ ‘ਚ ਜਮ੍ਹਾ ਗੈਸ ਦੇ ਚਲਦਿਆਂ ਇਹ ਧਮਾਕਾ ਹੋਇਆ। ਬੁਲਾਰੇ ਨੇ ਦੱਸਿਆ ਕਿ ਫਿਲਹਾਲ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਸੀਵਰੇਜ ਵਿੱਚ ਅੱਗ ਲੱਗਣ ਦਾ ਕਾਰਨ ਕੀ ਸੀ।ਕਰਾਚੀ ਟਰਾਮਾ ਸੈਂਟਰ ਦੇ ਸਿਹਤ ਅਧਿਕਾਰੀ ਸਾਬਿਰ ਮੇਮਨ ਨੇ ਦੱਸਿਆ ਕਿ ਧਮਾਕੇ ‘ਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 13 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ। ਡਾਕਟਰਾਂ ਮੁਤਾਬਕ ਕਈ ਜ਼ਖ਼ਮੀਆਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮਾਂ ਨੂੰ ਕੰਮ ‘ਤੇ ਲਗਾ ਦਿੱਤਾ ਗਿਆ ਹੈ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੀਵਰੇਜ ਵਿੱਚ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾਲ ਲੱਗਦੀ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਬੈਂਕ ਦੇ ਬਾਹਰ ਖੜ੍ਹੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਧਮਾਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਫੁਟੇਜ ‘ਚ ਧਮਾਕੇ ਨਾਲ ਨੁਕਸਾਨੀ ਗਈ ਇਮਾਰਤ ਅਤੇ ਜ਼ਮੀਨ ‘ਤੇ ਮਲਬਾ ਪਿਆ ਦਿਖਾਈ ਦੇ ਰਿਹਾ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਕਾਰਨ ਇੱਕ ਪੈਟਰੋਲ ਪੰਪ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ।

Comment here