ਸਿਆਸਤਖਬਰਾਂ

ਕਰਨਾਲ ਚ ਮਿੰਨੀ ਸਕੱਤਰੇਤ ਕੋਲ ਕਿਸਾਨਾਂ ਦਾ ਮੋਰਚਾ

ਸਕੱਤਰੇਤ ਦੇ ਕੋਲ ਪੁਲਸ ਨੇ ਵਰਤੀ ਸਖਤੀ, ਮਾਰੀਆਂ ਪਾਣੀ ਦੀਆਂ ਬੁਛਾੜਾਂ

ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹੀ

ਕਰਨਾਲ-ਅੱਜ ਕਰਨਾਲ ਵਿੱਚ 28 ਅਗਸਤ ਨੂੰ ਹੋਏ ਲਾਠੀਚਾਰਜ ਵੇਲੇ ਕਿਸਾਨਾਂ ਦ ਸਿਰ ਫੋੜਨ ਵਾਲਾ ਬਿਆਨ ਦੇਣ ਵਾਲੇ ਐਸ ਡੀ ਐਮ ਤੇ ਹੋਰ ਜ਼ਮੇਵਾਰ ਅਧਿਕਾਰੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਵਡੀ ਗਿਣਤੀ ਕਿਸਾਨਾਂ ਦਾ ਇਕੱਠ ਹੋਇਆ। ਮਹਾਪੰਚਾਇਤ ਦੇ 11 ਮੈਂਬਰੀ ਵਫਦ ਨੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਤਿੰਨ ਪੜਾਅ ਦੀ ਮੀਟਿੰਗ ਕੀਤੀ, ਪਰ ਗੱਲ਼ ਕਿਸੇ ਪਾਸੇ ਨਹੀਂ ਲੱਗ ਸਕੀ। ਵਫਦ ਚ ਰਕੇਸ਼ ਟਿਕੈਤ, ਯੋਗੇਂਦਰ ਯਾਦਵ, ਜੋਗਿੰਦਰ ਉਗਰਾਹਾਂ, ਗੁਰਨਾਮ ਚੜੂਨੀ, ਬਲਬੀਰ ਰਾਜੇਵਾਲ , ਜਗਜੀਤ ਡੱਲੇਵਾਲ, ਅਜੈ ਰਾਣਾ, ਡਾ ਦਰਸ਼ਨਪਾਲ ਆਦਿ ਸ਼ਾਮਲ ਸਨ। ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਕਿਸਾਨ ਆਗੂਆਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕਰਨ ਦਾ ਐਲਾਨ ਕੀਤਾ, ਪਰ ਸਾਥੀ ਕਿਸਾਨਾਂ ਨੂੰ ਪੂਰਨ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਵਾਰ ਵਾਰ ਅਪੀਲ ਕੀਤੀ ਗਈ। ਕਿਸਾਨਾਂ ਦੇ ਹੜ ਨੇ ਕਰਨਾਲ ਦੀਆਂ ਸੜਕਾਂ ਤੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਸਕਤਰੇਤ ਵਲ ਕੂਚ ਕੀਤਾ, ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਕੋਈ ਬੈਰੀਕੇਡ ਨਹੀਂ ਤੋੜਿਆ ਜਾਵੇਗਾ, ਜਿਥੇ ਪੁਲਸ ਰੋਕੇਗੀ, ਓਥੇ ਗ੍ਰਿਫਤਾਰੀ ਦਿੱਤੀ ਜਾਵੇਗੀ। ਪੁਲਸ ਨੇ ਬੈਰੀਕੇਡ ਤਾਂ ਲਾਏ, ਪਰ ਸਖਤੀ ਨਾਲ ਰੋਕਿਆ ਨਹੀਂ ਗਿਆ, ਕਿਸਾਨ ਸਾਰੇ ਬੈਰੀਕੇਡ ਅਸਾਨੀ ਨਾਲ ਪਾਰ ਕਰਦੇ ਹੋਏ। ਮਿੰਨੀ ਸਕਤਰੇਤ ਨਜ਼ਦੀਕ ਜਾ ਪੁੱਜੇ, ਜਿਥੇ ਪੁਲਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਹਨ। ਕਿਸਾਨਾਂ ਨੇ ਸਕੱਤਰੇਤ ਦੇ ਬਾਹਰ ਹੀ ਧਰਨਾ ਵੀ ਸ਼ੁਰੂ ਕਰ ਲਿਆ ਹੈ।

ਚੜੂਨੀ ਸਮੇਤ ਕੁਝ ਹੋਰ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਵੀ ਆਈਆਂ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵੇਰੇ ਕਿਹਾ ਸੀ ਕਿ ਪਰਦਰਸ਼ਨ ਕਰਨ ਦਾ ਕਿਸਾਨਾਂ ਨੂੰ ਹੱਕ ਹੈ ਪਰ ਨਾਲ ਹੀ ਕਾਨੂੰਨ ਅਤੇ ਵਿਵਸਥਾ ਖ਼ਰਾਬ ਹੋਣ ’ਤੇ ਪ੍ਰਸ਼ਾਸਨ ਨੂੰ ਵੀ ਸਖ਼ਤੀ ਵਰਤਣ ਦਾ ਅਧਿਕਾਰ ਹੈ। ਪਰ ਪਰਸ਼ਾਸਨ ਨੂੰ ਅਜ ਸੰਜਮ ਵਰਤਣ ਲਈ ਕਿਹਾ ਗਿਆ ਸੀ। ਹਰਿਆਣਾ ਦੇ ਖੇਤੀ ਮੰਤਰੀ ਜੇ ਪੀ ਦਲਾਲ ਨੇ ਦੋਸ਼ ਲਾਇਆ ਹੈ ਕਿ ਗੁਰਨਾਮ ਸਿੰਘ ਚੜੂਨੀ ਕਾਂਗਰਸ ਤੋਂ ਪੈਸੇ ਲੈ ਕੇ ਸੂਬੇ ਦਾ ਮਹੌਲ ਖਰਾਬ ਕਰਵਾ ਰਿਹਾ ਹੈ।

Comment here