ਸਿਆਸਤਖਬਰਾਂ

ਕਰਨਾਲ ਚ ਕਿਸਾਨਾਂ ਤੇ ਲਾਠੀਚਾਰਜ ਖਿਲਾਫ ਕਿਸਾਨ ਰੋਹ ਭੜਕਿਆ

ਖੱਟਰ ਨੇ ਜਾਂਚ ਕਰਾਉਣ ਦੀ ਗੱਲ ਆਖੀ

ਚੰਡੀਗੜ-  ਬੀਤੇ ਦਿਨ ਹਰਿਆਣਾ ਦੇ ਕਰਨਾਲ ਵਿਚ ਭਾਜਪਾ ਦੀ ਬੈਠਕ ਦਾ ਘਿਰਾਓ ਕਰਨ ਲਈ ਇਕਠੇ ਹੋਏ ਕਿਸਾਨਾਂ ਉਤੇ ਪੁਲਸ ਨੇ ਜ਼ਬਰਦਸਤ ਲਾਠੀਚਾਰਜ ਕੀਤਾ ਸੀ, ਜਿਸ ਵਿਰੁਧ  ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਜਲੰਧਰ ਦਿੱਲੀ ਹਾਈਵੇਅ ਜਾਮ ਕਰਨ ਲਈ 12 ਤੋਂ 2 ਵਜੇ ਤਕ ਪੀਏਪੀ ਚੌਕ ਚ ਧਰਨਾ ਮਾਰ ਲਿਆ। ਸੈਂਕੜੇ ਵਾਹਨ ਫਸ ਗਏ ਹਨ। ਸਭ ਤੋਂ ਵੱਧ ਪਰੇਸ਼ਾਨੀ ਅੰਮ੍ਰਿਤਸਰ ਤੇ ਲੁਧਿਆਣਾ ਜਾਣ ਵਾਲੇ ਯਾਤਰੀਆਂ ਨੂੰ ਹੋਵੇਗੀ। ਪੰਜਾਬ ਚ ਹੋਰ ਵੀ ਕਈ ਥਾਈਂ ਜਾਮ ਲਾਏ ਜਾ ਰਹੇ ਹਨ ਤੇ ਖੱਟਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਸੋਮਵਾਰ ਨੂੰ ਪੰਜਾਬ ‘ਚ ਭਾਜਪਾ ਆਗੂਆਂ ਦਾ ਦਫ਼ਤਰ ਘੇਰਨ ਦਾ ਵੀ ਐਲਾਨ ਕੀਤਾ ਹੋਇਆ ਹੈ।

ਲਾਠੀਚਾਰਜ ‘ਚ ਜ਼ਖ਼ਮੀ ਕਿਸਾਨਾਂ ਨੂੰ ਮਿਲੇ ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਜ਼ਖਮੀ ਕਿਸਾਨਾਂ ਨੂੰ ਮਿਲੇ। ਲਾਠੀਚਾਰਜ ਦੀ ਜਾਂਚ ਕਰਵਾਉਣ ਤੇ ਲਾਠੀਚਾਰਜ ਨੂੰ ਲੈ ਕੇ ਵਿਵਾਦ ‘ਚ ਆਏ ਐੱਸਡੀਐੱਮ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਸੋਮਵਾਰ ਨੂੰ ਬਸਤਾੜਾ ਟੋਲ ਪਾਲਜ਼ਾ ‘ਤੇ ਮੀਟਿੰਗ ਬੁਲਾਈ ਹੈ। ਇਸ ‘ਚ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ। ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸੂਬਾ ਸਰਕਾਰ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਇਸ ਲਈ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸਣੇ ਹੋਰਨਾਂ ਕਿਸਾਨ ਆਗੂਆਂ ਨੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ। ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦੇ ਬਾਵਜੂਦ ਪੁਲੀਸ ਨੇ ਲਾਠੀਚਾਰਜ ਕਰਦਿਆਂ ‘ਗੁੰਡਾਗਰਦੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੰਵਿਧਾਨਕ ਹੱਕ ਨਾਲ ਅੰਦੋਲਨ ਕਰ ਰਹੇ ਹਨ। ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਲਾਠੀਚਾਰਜ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਚੜੂਨੀ ਨੇ ਕਿਹਾ ਕਿ ਜਦੋਂ ਤੱਕ ਹਰਿਆਣਾ ਪੁਲੀਸ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਰਿਹਾਅ ਨਹੀਂ ਕਰੇਗੀ, ਸੰਘਰਸ਼ ਜਾਰੀ ਰਹੇਗਾ।  ਯੋਗੇਂਦਰ ਯਾਦਵ ਨੇ ਵੀ ਟਵੀਟ ਕਰਦਿਆਂ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ।

ਯਾਦ ਰਹੇ ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਕੱਲ ਕਰਨਾਲ ਵਿਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਲਈ ਇਕੱਠੇ ਹੋ ਕੇ ਅੱਗੇ ਵਧ ਰਹੇ ਕਿਸਾਨਾਂ ਉਤੇ ਪੁਲੀਸ ਨੇ ਬਸਤਾੜਾ ਟੌਲ ਪਲਾਜ਼ਾ ਨੇੜੇ ਲਾਠੀਚਾਰਜ ਕੀਤਾ। ਕਿਸਾਨ ਵੱਡੀ ਗਿਣਤੀ ਵਿਚ ਕਰਨਾਲ ਵੱਲ ਵਧ ਰਹੇ ਸਨ ਜਿੱਥੇ ਭਾਜਪਾ ਦਾ ਸਮਾਗਮ ਸੀ। ਇਸ ਕਾਰਨ ਟਰੈਫ਼ਿਕ ਵਿਚ ਵੀ ਅੜਿੱਕਾ ਪੈ ਰਿਹਾ ਸੀ। ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ । ਲਾਠੀਚਾਰਜ ਦੌਰਾਨ ਹੀ ਸੂਬਾ ਪੁਲੀਸ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਤੇ ਕਰੀਬ ਵੀਹ ਕਿਸਾਨ ਫੱਟੜ ਹੋ ਗਏ ਹਨ। ਲਾਠੀਚਾਰਜ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਸੂਬੇ ਦੇ ਸਾਰੇ ਕੌਮੀ ਮਾਰਗ ਤੇ ਟੌਲ ਪਲਾਜ਼ੇ ਜਾਮ ਕਰ ਦਿੱਤੇ।  ਜੀਂਦ-ਪਟਿਆਲਾ, ਅੰਬਾਲਾ-ਕੁਰੂਕਸ਼ੇਤਰ, ਕਰਨਾਲ ਨੇੜੇ ਦਿੱਲੀ ਮਾਰਗ, ਹਿਸਾਰ-ਚੰਡੀਗੜ੍ਹ, ਕਾਲਕਾ-ਜ਼ੀਰਕਪੁਰ, ਫਤਿਆਬਾਦ-ਚੰਡੀਗੜ੍ਹ, ਗੋਹਾਣਾ-ਪਾਣੀਪਤ ਅਤੇ ਹੋਰ ਕਈ ਮੁੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਲੋਕ ਕਈ ਘੰਟੇ ਸੜਕਾਂ ਉਤੇ ਫਸੇ ਰਹੇ। ਦੱਸਣਯੋਗ ਹੈ ਕਿ ਹਰਿਆਣਾ ਭਾਜਪਾ ਨੇ ਕਰਨਾਲ ਵਿੱਚ ਸੂਬਾ ਪੱਧਰੀ ਮੀਟਿੰਗ ਰੱਖੀ ਸੀ। ਇਸ ਵਿੱਚ ਮੁੱਖ ਮੰਤਰੀ, ਭਾਜਪਾ ਪ੍ਰਧਾਨ ਓਪੀ ਧਨਖੜ ਸਣੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਪਹੁੰਚਣਾ ਸੀ। ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਭਾਜਪਾ ਦੀ ਮੀਟਿੰਗ 11 ਵਜੇ ਸ਼ੁਰੂ ਹੋਈ ਤੇ ਬਾਅਦ ਦੁਪਹਿਰ 3 ਵਜੇ ਖ਼ਤਮ ਹੋਈ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਕਿ ਕਿਸਾਨਾਂ ਨੂੰ ਕਰਨਾਲ ਸ਼ਹਿਰ ਤੋਂ ਦੂਰ ਰੱਖਿਆ ਜਾ ਸਕੇ। ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰ ਤੋਂ ਹੀ ਬਸਤਾੜਾ ਟੌਲ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਹ ਟੌਲ ਪਲਾਜ਼ਾ ਕਰਨਾਲ ਤੋਂ 15 ਕਿਲੋਮੀਟਰ ਦੂਰ ਹੈ। ਮੀਟਿੰਗ ਵਾਲੀ ਥਾਂ ਵੱਲ ਜਾਣ ਵਾਲੇ ਸਾਰੇ ਰਾਹਾਂ ’ਤੇ ਤਕੜੀ ਬੈਰੀਕੇਡਿੰਗ ਕੀਤੀ ਗਈ ਸੀ। ਮੁਜ਼ਾਹਰਾਕਾਰੀ ਕਿਸਾਨਾਂ ਨੇ ਸਵੇਰੇ ਬਸਤਾੜਾ ਟੌਲ ’ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੂੰ ਕਾਲੇ ਝੰਡੇ ਦਿਖਾਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਟੌਲ ਪਲਾਜ਼ੇ ਤੋਂ ਆਵਾਜਾਈ ਲਈ ਦੋ ਰਾਹ ਖੁੱਲ੍ਹੇ ਛੱਡ ਕੇ ਬਾਕੀ ਸਾਰੇ ਬੰਦ ਕਰ ਦਿੱਤੇ। ਇਸ ਦਾ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਨੋਟਿਸ ਲਿਆ ਗਿਆ। ਪੁਲੀਸ ਨੇ ਬਸਤਾੜਾ ਟੌਲ ’ਤੇ ਪਹੁੰਚ ਕੇ ਰਾਹ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ।

ਓਧਰ ਕਰਨਾਲ ਪੁਲੀਸ ਦੀ ਆਈਜੀ ਮਮਤਾ ਸਿੰਘ ਨੇ ਕਿਹਾ ਕਿ ਪੁਲੀਸ ਨੇ ਹਲਕੀ ਤਾਕਤ ਵਰਤੀ ਕਿਉਂਕਿ ਕਿਸਾਨ ਸੜਕ ਜਾਮ ਕਰ ਰਹੇ ਸਨ। ਪੁਲੀਸ ਉਤੇ ਕੁਝ ਪੱਥਰ ਵੀ ਸੁੱਟੇ ਗਏ। ਉਨ੍ਹਾਂ ਕਿਹਾ ਕਿ ਕੁਝ ਮੁਜ਼ਾਹਰਕਾਰੀਆਂ ਨੂੰ ਕਾਨੂੰਨ-ਵਿਵਸਥਾ ਕਾਇਮ ਰੱਖਣ ਦੇ ਮੱਦੇਨਜ਼ਰ ਪਹਿਲਾਂ ਹਿਰਾਸਤ ਵਿਚ ਵੀ ਲਿਆ ਗਿਆ ਸੀ। ਪ੍ਰਸ਼ਾਸਨ ਨੇ ਇਲਾਕੇ ਵਿਚ ਪਹਿਲਾਂ ਤੋਂ ਹੀ ਧਾਰਾ 144 ਵੀ ਲਾਈ ਹੋਈ ਸੀ ਤੇ ਲਾਊਡ ਸਪੀਕਰ ਰਾਹੀਂ ਕਈ ਵਾਰ ਇਕੱਠ ਨੂੰ ‘ਗ਼ੈਰਕਾਨੂੰਨੀ ਦੱਸਿਆ ਗਿਆ। ਪੁਲੀਸ ਮੁਤਾਬਕ ਉਨ੍ਹਾਂ ਪਹਿਲਾਂ ਕਿਸਾਨਾਂ ਨੂੰ ਹਟਣ ਲਈ ਕਿਹਾ ਪਰ ਨਾ ਮੰਨਣ ਉਤੇ ਹਲਕਾ ਲਾਠੀਚਾਰਜ ਕੀਤਾ ਗਿਆ। ਇਸੇ ਦੌਰਾਨ ਪੁਲੀਸ ਨੂੰ ਲਾਠੀਚਾਰਜ ਦੀ ਪ੍ਰਵਾਨਗੀ ਦੇਣ ਵਾਲੇ ਇਕ ਐੱਸਡੀਐਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਵਿੱਚ ਉਹ ਕਹਿ ਰਿਹਾ ਹੈ ਕਿ ‘ਕਿਸਾਨਾਂ ’ਤੇ ਲਾਠੀਚਾਰਜ ਕੀਤਾ ਜਾਵੇ, ਚਾਹੇ ਕਿਸੇ ਦਾ ਸਿਰ ਫੁੱਟ ਜਾਵੇ ਪਰ ਕਿਸਾਨਾਂ ਨੂੰ ਬੈਰੀਕੇਡ ਨਹੀਂ ਟੱਪਣ ਦਿੱਤਾ ਜਾਵੇਗਾ।’ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਦਰਸ਼ਨ ਕਰਨਾ ਅਤੇ ਪੁਲੀਸ ’ਤੇ ਪਥਰਾਅ ਕਰਨਾ ਗਲਤ ਹੈ। ਖੱਟਰ ਨੇ ਕਿਹਾ ਕਿ ਹਿੰਸਾ ਕਰਨਾ ਗਲਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਵਿੱਚ ਲਾਠੀਚਾਰਜ ਦੀ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਕਿਸਾਨਾਂ ਦਾ ਫਿਰ ਖ਼ੂਨ ਡੁੱਲ੍ਹਿਆ, ਭਾਰਤ ਦਾ ਸਿਰ ਸ਼ਰਮ ਨਾਲ ਝੁਕਿਆ- ਰਾਹੁਲ ਗਾਂਧੀ

ਕਰਨਾਲ ਵਾਲੀ ਘਟਨਾ ਤੇ ਸਿਆਸਤ ਵੀ ਹੋ ਰਹੀ ਹੈ। ਕਾਂਗਰਸ ਆਗੂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਉਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ ‘ਇਕ ਵਾਰ ਫਿਰ ਕਿਸਾਨਾਂ ਦਾ ਖ਼ੂਨ ਡੁੱਲ੍ਹਿਆ ਹੈ, ਭਾਰਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ।’ ਉਨ੍ਹਾਂ ਟਵੀਟ ਨਾਲ ਇਕ ਜ਼ਖ਼ਮੀ ਕਿਸਾਨ ਦੀ ਫੋਟੋ ਸ਼ੇਅਰ ਕਰ ਕੇ ਹੈਸ਼ਟੈਗ ‘ਐਂਟੀ ਫਾਰਮਰ ਭਾਜਪਾ’ ਵੀ ਵਰਤਿਆ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੁਲੀਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ-ਜੇਜੇਪੀ ਸ਼ਾਸਨ ‘ਜਨਰਲ ਡਾਇਰ ਦੀ ਸਰਕਾਰ’ ਵਾਂਗ ਹੈ। ਉਨ੍ਹਾਂ ਕਿਹਾ ਕਿ ਡਿਊਟੀ ਮੈਜਿਸਟਰੇਟ ਦਾ ਪੁਲੀਸ ਨੂੰ ਕਹਿਣਾ ਕਿ ਕਿਸਾਨਾਂ ਦੇ ਲਾਠੀਆਂ ਨਾਲ ਸਿਰ ਭੰਨ੍ਹ ਦਿੱਤੇ ਜਾਣ ਦਿਖਾਉਂਦਾ ਹੈ ਕਿ ਭਾਜਪਾ-ਜੇਜੇਪੀ ‘ਜਨਰਲ ਡਾਇਰ’ ਸਰਕਾਰ ਹੈ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਵੀ ਲਾਠੀਚਾਰਜ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਸਾਰੀਆਂ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਿਸਾਨ ਕਰਨਾਲ ਤੋਂ 15 ਕਿਲੋਮੀਟਰ ਦੂਰ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੇ ਬਾਵਜੂਦ ਲਾਠੀਚਾਰਜ ਕਰਨਾ ਗਲਤ ਹੈ। ‘ਇਨੈਲੋ’ ਨੇਤਾ ਅਭੈ ਚੌਟਾਲਾ ਨੇ ਵੀ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੰਵਿਧਾਨਕ ਹੱਕ ਤਹਿਤ ਹੀ ਅੰਦੋਲਨ ਕਰ ਰਹੇ ਸਨ। ਪੁਲੀਸ ਲਾਠੀਚਾਰਜ ਕਰਕੇ ਸਰਕਾਰ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

Comment here