ਅਪਰਾਧਸਿਆਸਤਖਬਰਾਂ

ਕਰਨਾਲ ਚ ਅਸਲੇ ਨਾਲ ਫੜੇ ਗਏ ਚਾਰ ਅੱਤਵਾਦੀ

ਸਾਰੇ ਪੰਜਾਬ ਦੇ ਵਾਸੀ, ਤੇ ਦੋ ਸਕੇ ਭਰਾ

ਕਰਨਾਲ-ਅੱਜ ਕਰਨਾਲ ਪੁਲਸ ਨੇ ਮਧੂਬਨ ਥਾਣਾ ਖੇਤਰ ‘ਚ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵੱਡੇ ਅੱਤਵਾਦੀ ਹਮਲੇ ਦੀ ਤਲਾਸ਼ ‘ਚ ਸਨ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਗੁਰਪ੍ਰੀਤ, ਸੰਦੀਪ, ਪਰਮਿੰਦਰ ਅਤੇ ਭੂਪੇਂਦਰ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ, ਦੋ ਸਕੇ ਭਰਾ ਹਨ। ਇਹ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾ ਰਹੇ ਸਨ। ਇਸ ਤੋਂ ਪਹਿਲਾਂ ਇਹ ਧਮਾਕਾਖੇਜ਼ ਸਮੱਗਰੀ ਦੀ ਖੇਪ ਨਾਂਦੇੜ ਵੀ ਪਹੁੰਚਾ ਚੁੱਕੇ ਹਨ। ਇਹ ਖੁਲਾਸਾ ਕਰਨਾਲ ਦੇ ਐਸਪੀ ਗੰਗਾਰਾਮ ਪੂਨੀਆ ਨੇ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਪਾਕਿਸਤਾਨ ‘ਚ ਰਹਿ ਰਹੇ ਅਤਿਵਾਦੀ ਹਰਵਿੰਦਰ ਸਿੰਘ ਇਸ ਧਮਾਕਾਖੇਜ਼ ਸਮੱਗਰੀ ਡ੍ਰੋਨ ਰਾਹੀਂ ਫਿਰੋਜ਼ਪੁਰ ‘ਚ ਸੁੱਟ ਰਿਹਾ ਹੈ। ਫਿਰ ਇਨ੍ਹਾਂ ਨੂੰ ਦੇਸ਼ ਦੇ ਹੋਰ ਸੂਬਿਆਂ ‘ਚ ਪਹੁੰਚਾਇਆ ਜਾ ਰਿਹਾ ਹੈ। ਐਸਪੀ ਨੇ ਦੱਸਿਆ ਕਿ ਇਸ ਅਤਿਵਾਦੀ ਗਰੋਹ ਨੂੰ ਡ੍ਰੋਨ ਰਾਹੀਂ ਪਹਿਲਾਂ ਵੀ ਦੋ ਖੇਪਾਂ ਮਿਲ ਚੁੱਕੀਆਂ ਹਨ। ਪੱਕੀ ਸੂਚਨਾ ਦੇ ਆਧਾਰ ‘ਤੇ ਪੁਲਿਸ ਦੀਆਂ ਚਾਰ ਟੀਮਾਂ ਨੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬਸਤਾਰਾ ਟੋਲ ਨੇੜੇ ਦਿੱਲੀ ਨੰਬਰ ਦੀ ਇਨੋਵਾ ਗੱਡੀ ਨੂੰ ਰੋਕਿਆ, ਜਿਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਗਈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਕੋਲੋਂ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਬਾਰੂਦ ਨਾਲ ਭਰਿਆ ਡੱਬਾ ਅਤੇ 130000 ਰੁਪਏ ਬਰਾਮਦ ਕੀਤੇ ਗਏ ਹਨ। ਅੱਤਵਾਦੀ ਇਨੋਵਾ ਕਾਰ ਰਾਹੀਂ ਪੰਜਾਬ ਤੋਂ ਦਿੱਲੀ ਜਾ ਰਹੇ ਸਨ। ਘਟਨਾ ਤੋਂ ਤੁਰੰਤ ਬਾਅਦ ਨੇੜਲੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਕਰਨਾਲ ਵਿੱਚ ਨਾਕੇ ਲਾਏ ਗਏ ਹਨ। ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ ਚ ਵੀ ਪੁਲਸ ਸਰਗਰਮ

ਅੱਜ ਸਵੇਰੇ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨਾਲ ਹਰਿਆਣਾ ਦੇ ਕਰਨਾਲ ਤੋਂ ਫੜੇ ਗਏ ਕਥਿੱਤ ਚਾਰ ਅੱਤਵਾਦੀਆਂ ਵਿੱਚੋਂ ਤਿੰਨਾਂ ਦਾ ਸਬੰਧ ਫਿਰੋਜ਼ਪੁਰ ਨਾਲ ਹੋਣ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਸਵੇਰ ਤੋਂ ਹੀ ਪੱਬਾਂ ਭਾਰ ਹੋ ਗਈ ਹੈ। ਸੂਤਰਾਂ ਮੁਤਾਬਕ ਕਰਨਾਲ ਪੁਲਿਸ ਤੋਂ ਇਨਪੁਟ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ ਅਤੇ ਤਿੰਨਾਂ ਕਥਿਤ ਅੱਤਵਾਦੀਆਂ ਦੀਆਂ ਰਿਹਾਇਸ਼ਾਂ ਅਤੇ ਹੋਰ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਰਗਰਮੀ ਨਾਲ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Comment here