ਨਵੀ ਦਿੱਲੀ-ਸੀਨੀਅਰ ਨੇਤਾ ਮਲਿਕਅਰਜੁਨ ਖੜਗੇ ਦੇ ਡੀ. ਸੰਜੀਵੈਈਆ (1962) ਅਤੇ ਬਾਬੂ ਜਗਜੀਵਨ ਰਾਮ (ਦਸੰਬਰ 1969) ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦੇ ਤੀਜੇ ਦਲਿਤ ਪ੍ਰਧਾਨ ਬਣਨ ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ‘ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ। ਪੱਛਮੀ ਸੂਬੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਖੇਤਰ ‘ਵਿਚ ਕਾਂਗਰਸ ਦਲਿਤ ਭਾਈਚਾਰੇ ਨੂੰ ਲੁਭਾਉਣ ਲਈ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ, ਜੋ ਸੂਬੇ ਦੀ ਆਬਾਦੀ ਦਾ ਲਗਭਗ 8 ਫ਼ੀਸਦੀ ਹਨ। ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਸੂਬੇ ਦੀਆਂ ਕੁੱਲ 182 ਵਿਚੋਂ 13 ਸੀਟਾਂ ਅਤੇ ਇਕ ਦਰਜਨ ਹੋਰ ਸੀਟਾਂ ‘ਤੇ ਵੀ ਦਲਿਤ ਵੋਟਰ ਆਪਣਾ ਮਹੱਤਵ ਰੱਖਦੇ ਹਨ। ਹਾਲਾਂਕਿ ਦਲਿਤ ਆਬਾਦੀ ਕੁਝ ਹੋਰ ਭਾਈਚਾਰਿਆਂ ਦੀ ਤੁਲਨਾ ‘ਚ ਘੱਟ ਹੈ ਅਤੇ ਅੱਗੋਂ ਤਿੰਨ ਹੋਰ ਉਪ ਜਾਤੀਆਂ ‘ਵਿਚ ਵੰਡੀ ਹੋਈ ਹੈ, ਜਿਵੇਂ ਵੰਕਰ, ਰੋਹਿਤ ਅਤੇ ਵਾਲਮੀਕਿ ਆਦਿ। 27 ਸਾਲ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਸੂਬੇ ਦੇ ਸਭ ਤੋਂ ਵੱਡੇ ਭਾਈਚਾਰੇ ਵੰਕਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਰੀਆਂ ਚੋਣਾਂ ‘ਵਿਚ ਦਲਿਤਾਂ ਨੇ ਲਗਭਗ ਇਕਸਮਾਨ ਅਨੁਪਾਤ ਨਾਲ ਭਾਜਪਾ ਅਤੇ ਕਾਂਗਰਸ ਦੋਵਾਂ ਦਾ ਸਮਰਥਨ ਕੀਤਾ ਹੈ। ਦਲਿਤਾਂ ਨੂੰ ਆਕਰਸ਼ਿਤ ਕਰਨ ਲਈ ਭਾਜਪਾ ਨੇ ਵੀ ਕਈ ਪਹਿਲਕਦਮੀਆਂ ਕੀਤੀਆਂ ਹਨ। ਸੱਤਾ ‘ਵਿਚ ਰਹਿੰਦਿਆਂ ਦਲਿਤ ਨੇਤਾਵਾਂ ਨੂੰ ਵੱਖ-ਵੱਖ ਨਿਗਮਾਂ ‘ਵਿਚ ਮਹੱਤਵਪੂਰਨ ਸਥਾਨ ਦਿੱਤੇ ਗਏ ਹਨ। ਕਾਂਗਰਸ ਦਾ ਟੀਚਾ ਦਲਿਤ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ, ਖ਼ਾਸ ਕਰ ਉਨ੍ਹਾਂ ਅਣਰਾਖਵੀਆਂ ਸੀਟਾਂ ‘ਤੇ ਜਿੱਥੇ ਇਸ ਭਾਈਚਾਰੇ ਦੀ ਆਬਾਦੀ 10 ਫ਼ੀਸਦੀ ਜਾਂ ਉਸ ਤੋਂ ਵੱਧ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਉਮੀਦ ਕਰ ਰਹੀ ਹੈ ਕਿ ਉਸ ਵਲੋਂ ਪ੍ਰਤੀ ਮਹੀਨੇ 300 ਯੂਨਿਟਾਂ ਮੁਫ਼ਤ ਬਿਜਲੀ, ਬੇਰੁਜ਼ਗਾਰੀ ਭੱਤਾ ਅਤੇ ਔਰਤਾਂ ਲਈ ਇਕ ਹਜ਼ਾਰ ਦਾ ਭੱਤਾ ਦੇਣ ਦੀਆਂ ਗਾਰੰਟੀਆਂ ਹੋਰ ਭਾਈਚਾਰਿਆਂ ਤੋਂ ਇਲਾਵਾ ਦਲਿਤਾਂ ਨੂੰ ਵੀ ਆਕਰਸ਼ਿਤ ਕਰਨਗੀਆਂ। ਭਾਜਪਾ ਨੇ 1995 ਤੋਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 13 ਸੀਟਾਂ ‘ਤੇ ਬਹੁਮਤ ਹਾਸਲ ਕੀਤਾ ਹੈ। 2007 ਅਤੇ 2012 ‘ਚ ਉਸ ਨੇ ਇਨ੍ਹਾਂ ਵਿਚੋਂ ਕ੍ਰਮਵਾਰ 11 ਅਤੇ 10 ਸੀਟਾਂ ਜਿੱਤੀਆਂ ਸਨ, ਜਦੋਂਕਿ ਕਾਂਗਰਸ ਨੇ 2 ਅਤੇ 3 ਸੀਟਾਂ ਜਿੱਤੀਆਂ ਸਨ। ਪਰ 2017 ‘ਚ ਭਾਜਪਾ ਲੜਖੜਾ ਗਈ ਅਤੇ ਸਿਰਫ਼ 7 ਸੀਟਾਂ ਜਿੱਤਣ ‘ਚ ਸਫਲ ਰਹੀ, ਜਦੋਂਕਿ ਕਾਂਗਰਸ ਨੂੰ 5 ਸੀਟਾਂ ਮਿਲੀਆਂ। ਇਕ ਸੀਟ ‘ਤੇ ਕਾਂਗਰਸ ਸਮਰਥਿਤ ਆਜ਼ਾਦ ਉਮੀਦਵਾਰ ਨੇ ਕਬਜ਼ਾ ਕੀਤਾ ਸੀ।
ਅਖਿਲੇਸ਼ ਤੇ ਸ਼ਿਵਪਾਲ ਦੀ ਇਕਜੁੱਟਤਾ
ਨੇਤਾਜੀ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਮੁਖੀ ਸ਼ਿਵਪਾਲ ਯਾਦਵ ਇਕ ਵਾਰ ਫਿਰ ਵੱਡੀ ਏਕਤਾ ਦਿਖਾਉਂਦੇ ਨਜ਼ਰ ਆ ਰਹੇ ਹਨ, ਹਾਲਾਂਕਿ ਇਹ ਭਾਈਬੰਦੀ ਅਸਲੀ ਹੈ ਜਾਂ ਸਿਰਫ਼ ਰਾਜਨੀਤਕ ਅਕਸ ਲਈ ਹੈ, ਇਹ ਇਕ ਵੱਡਾ ਸਵਾਲ ਹੈ। ਸ਼ਿਵਪਾਲ ਯਾਦਵ ਨੇ ਆਪਣੇ ਭਤੀਜੇ ਅਖਿਲੇਸ਼ ਯਾਦਵ ਨੂੰ ਇਕ ਸੰਕੇਤ ਦਿੰਦਿਆਂ ਕਿਹਾ ਕਿ ਉਹ ਹੁਣ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਮਰਹੂਮ ਵੱਡੇ ਭਰਾ ਮੁਲਾਇਮ ਸਿੰਘ ਯਾਦਵ ਵਲੋਂ ਦਿਖਾਏ ਗਏ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੁੰਦੇ ਹਨ। ਸ਼ਿਵਪਾਲ ਨੇ ਕਿਹਾ ਕਿ ਉਨ੍ਹਾਂ ਨੇ ਅਖਿਲੇਸ਼ ‘ਵਿਚ ਨੇਤਾਜੀ ਦੀ ਝਲਕ ਦੇਖੀ ਹੈ। ਅਖਿਲੇਸ਼ ਯਾਦਵ ਦੇ ਸਾਹਮਣੇ ਹੁਣ ਪਾਰਟੀ ਅਤੇ ਪਰਿਵਾਰ ਨੂੰ ਇਕੱਠਿਆਂ ਰੱਖਣ ਅਤੇ ਉਨ੍ਹਾਂ ਦੇ ਬਜ਼ੁਰਗਾਂ, ਸ਼ਿਵਪਾਲ ਸਮੇਤ ਇਹ ਯਕੀਨੀ ਬਣਾਉਣ ਦੀ ਚੁਣੌਤੀ ਹੈ ਕਿ ਉਹ ਗ਼ੈਰ-ਦੋਸਤਾਨਾ ਨਾ ਬਣਨ। ਉੱਥੇ ਹੀ ਸ਼ਿਵਪਾਲ ਅਤੇ ਅਖਿਲੇਸ਼ ਦੇ ਸੰਬੰਧਾਂ ਦਾ ਉੱਤਰ ਪ੍ਰਦੇਸ਼ ਦੀ ਸਿਆਸਤ ‘ਤੇ ਡੂੰਘਾ ਅਸਰ ਪਵੇਗਾ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਮਾਜਵਾਦੀ ਪਾਰਟੀ ਦੇ ਪੱਖ ਵਿ’ਚ ਜਾ ਸਕਦੇ ਹਨ।
ਜੇ.ਡੀ.ਯੂ. ਵਲੋਂ ਕਿਸ਼ੋਰ ਦਾ ਦਾਅਵਾ ਖ਼ਾਰਜ
ਬਿਹਾਰ ‘ਚ ਆਪਣੀ ਪੈਦਲ ਯਾਤਰਾ ਸ਼ੁਰੂ ਕਰਨ ਵਾਲੇ ਸਿਆਸੀ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੇ.ਡੀ. (ਯੂ.) ਸੰਸਦ ਮੈਂਬਰ ਅਤੇ ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਰਾਹੀਂ ਭਾਜਪਾ ਨਾਲ ਗੱਲਬਾਤ ਕਰ ਰਹੇ ਹਨ ਅਤੇ ਜੇਕਰ ਲੋੜ ਪਈ ਤਾਂ ਉਹ ਭਗਵਾ ਖੇਮੇ ਨਾਲ ਮੁੜ ਨਵਾਂ ਗੱਠਜੋੜ ਬਣਾ ਸਕਦੇ ਹਨ। ਜੇ.ਡੀ. (ਯੂ.) ਨੇ ਦਾਅਵਿਆਂ ਨੂੰ ਕੋਰਾ ਝੂਠ ਦੱਸਦਿਆਂ ਖ਼ਾਰਜ ਕਰ ਦਿੱਤਾ ਅਤੇ ਇਸ ਦਾ ਉਦੇਸ਼ ਭਰਮ ਫੈਲਾਉਣਾ ਦੱਸਿਆ ਹੈ। ਜਦੋਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਕਾਰਨ ਹੈ ਕਿ ਹਰਿਵੰਸ਼ ਨੂੰ ਅਜੇ ਤੱਕ ਆਪਣੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਨਹੀਂ ਕਿਹਾ ਗਿਆ ਹੈ, ਭਾਵੇਂ ਕਿ ਜੇ.ਡੀ. (ਯੂ.) ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ਹਾਲਾਂਕਿ ਜੇ.ਡੀ. (ਯੂ.) ਦੇ ਬੁਲਾਰੇ ਕੇ.ਸੀ. ਤਿਆਗੀ ਨੇ ਕਿਸ਼ੋਰ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਹੈ ਕਿ ਉਹ ਆਪਣੇ ਜੀਵਨ ‘ਵਿਚ ਮੁੜ ਕਦੇ ਭਾਜਪਾ ਨਾਲ ਹੱਥ ਨਹੀਂ ਮਿਲਾਉਣਗੇ ਅਤੇ ਇਸ ਤਰ੍ਹਾਂ ਕਿਸੇ ਵੀ ਸ਼ੱਕ ਲਈ ਕੋਈ ਥਾਂ ਨਹੀਂ ਬਚਦੀ।
Comment here