ਸਾਹਿਤਕ ਸੱਥ

ਕਰਤਾ ਕਰੇ ਸੁ ਹੋਇ

ਆਥਣੇ ਜੇ ਗੁਰਮੇਲਾ ਖੇਤੋਂ ਆਉਂਦਾ ਥੋੜ੍ਹਾ ਉਦਾਸ ਲੱਗ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਸਿਰ ਉੱਤੇ ਡੱਬੀਆਂ ਵਾਲਾ ਪਰਨਾ, ਸੱਜੇ ਹੱਥ ’ਚ ਕੜਾ ਅਤੇ ਪੈਰੀਂ ਖੋਸੇ ਪਾਏ ਹੋਏ ਸਨ। ਜੋੜਿਆਂ ਨਾਲ ਮਿੱਟੀ ਉਡਾਉਂਦੇ, ਪਹੀ-ਪਹੀ ਤੁਰੇ ਆਉਂਦੇ ਦੇ ਉਹਦੇ ਚਿਹਰੇ ’ਤੇ ਬਹੁਤ ਉਦਾਸੀ ਸੀ।

ਓਧਰੋਂ ਹੀ ਤਾਰਾ, ਮੋਢੇ ਉੱਤੇ ਕਹੀ ਚੱਕੀਂ ਆਉਂਦਾ ਸੀ। ਤਾਰੇ ਤੇ ਗੁਰਮੇਲੇ ਦੀ ਵੱਟ ਸਾਂਝੀ ਹੋਣ ਕਰਕੇ, ਉਹ ਅਕਸਰ ਇਕੱਠੇ ਹੀ ਚਾਹ-ਪਾਣੀ ਤਿਆਰ ਕਰਦੇ ਅਤੇ ਖੇਤ ਆਉਣ ਜਾਣ ਦਾ ਸਮਾਂ ਵੀ ਤਕਰੀਬਨ ਇਕੋ ਹੀ ਹੁੰਦਾ।

ਤਾਰੇ ਨੇ ਹਾਲ-ਚਾਲ ਪੁੱਛਣ ਤੋਂ ਬਾਅਦ ਗੁਰਮੇਲੇ ਦੀ ਉਦਾਸੀ ਦਾ ਕਾਰਨ ਪੁੱਛਣਾ ਚਾਹਿਆ, ਪਰ ਤਾਰੇ ਦੇ ਬੋਲਣ ਤੋਂ ਪਹਿਲਾਂ ਹੀ ਗੁਰਮੇਲਾ ਆਪਣਾ ਦੁੱਖ-ਦਰਦ ਸਾਂਝਾ ਕਰਨ ਲੱਗ ਪਿਆ। ਭਲਾਂ ਦੁੱਖਾਂ ’ਚ ਘਿਰੇ ਬੰਦੇ ਨੂੰ ਹੋਰ ਚਾਹੀਦਾ ਵੀ ਕੀ ਹੁੰਦਾ? ਕੋਈ ਦੁੱਖ ਸੁਣਨ ਵਾਲਾ ਮਿਲ ਜਾਵੇ, ਇਸ ਤੋਂ ਵੱਡਾ ਧਨ ਭਲਾ ਕੀ ਹੋ ਸਕਦਾ?

‘ਤਾਰਿਆ ਬਾਈ ਓਏ, ਮੇਰੇ ਤਾਂ ਚਾਅ ਹੀ ਮਰਗੇ ਯਾਰ, ਇੰਨੇ ਚਾਅ ਨਾਲ ਨਰਮਾ ਬੀਜਿਆ ਸੀ… ਉੱਤੋਂ ਸਪਰੇਅ ਦੀ ਕੋਈ ਘਾਟ ਨਾ ਰਹਿਣ ਦਿੱਤੀ… ਪਰ ਪਤਾ ਨ੍ਹੀਂ ਕੀ ਹੋਇਆ, ਇਹ ਸੁੱਕਣ ਜੇ ਲੱਗ ਪਿਆ। ਐਤਕੀਂ ਤਾਂ ਐਵੇਂ ਲੱਗਦਾ ਸੀ ਵੀ ਚੰਗਾ ਝਾੜ ਹੋਊ, ਨਾਲੇ ਤਾਂ ਲੈਣਾ-ਦੇਣਾ ਲਾਹ ਦਿੰਦੇ, ਨਾਲੇ ਕੋਈ ਚਾਰ ਸ਼ਿੱਲੜ ਬਣਾ ਲੈਂਦੇ।’ ਗੁਰਮੇਲੇ ਨੇ ਲੰਮਾ ਹਉਕਾ ਲੈਂਦੇ ਨੇ ਆਪਣੀ ਸਾਰੀ ਵਿਥਿਆ ਤਾਰੇ ਅੱਗੇ ਰੱਖੀ।

‘ਕੁਝ ਤਾਂ ਐਤਕੀਂ ਮੀਂਹ ਨੇ ਮਾਰ ਤੇ, ਮਾੜੇ ਦਾ ਤਾਂ ਰੱਬ ਵੀ ਵੈਰੀ। ਚੱਲ ਕੋਈ ਨਾ ਬਾਈ, ਘਬਰਾਈ ਦਾ ਨ੍ਹੀਂ ਹੁੰਦਾ… ਹੌਸਲਾ ਰੱਖ।’ ਤਾਰੇ ਦੇ ਇਹ ਬੋਲ, ਗੁਰਮੇਲੇ ਦੇ ਰੇਤ ਵਾਂਗ ਤਪਦੇ ਸੀਨੇ ’ਤੇ ਪਾਣੀ ਦੀਆਂ ਕੁਝ ਬੂੰਦਾਂ ਜਾਪੇ।

‘ਹੌਸਲਾ ਹੀ ਆ ਭਰਾਵਾ!… ਹੋਰ ਪੱਲੇ ਵੀ ਕੀ ਏ… ਜਿੱਥੇ ਉਹ ਰੱਖੇ, ਰਹਿਣਾ ਪੈਂਦਾ।’ ਆਸਮਾਨ ਵੱਲ ਉਂਗਲ ਕਰਦਾ ਗੁਰਮੇਲਾ ਰੱਬ ਨਾਲ ਖਾਸਾ ਨਾਰਾਜ਼ ਲੱਗ ਰਿਹਾ ਸੀ।

ਸੱਚ… ਮੈਂ ਤਾਂ ਦੱਸਣਾ ਹੀ ਭੁੱਲ ਗਿਆ … ਉਹ ਸਾਡੇ ਆਲੇ ਦੇ ਨਰਮੇ ਨੂੰ ਵੀ ਇਹੀ ਬਿਮਾਰੀ ਜੀ ਚਿੰਬੜਦੀ ਜਾਂਦੀ ਆ…ਉੱਤੋਂ ਵਿਚਾਰੇ ਨੇ ਕੁੜੀ ਦਾ ਵਿਆਹ ਕਰਨਾ।’ ਇੰਨਾ ਆਖ ਕੇ ਅਤੇ ਰੋਟੀ-ਪਾਣੀ ਦਾ ਪੁੱਛ ਕੇ ਉੱਥੋਂ ਤਾਰਾ ਆਪਣੇ ਘਰ ਨੂੰ ਜਾਂਦੀ ਬੀਹੀ ਪੈ ਗਿਆ। ਰੋਟੀ ਖਾਣ ਤੋਂ ਜਵਾਬ ਦਿੰਦੇ ਹੋਏ, ਗੁਰਮੇਲਾ ਆਪਣੇ ਘਰ ਨੂੰ ਪਰਤ ਆਇਆ।

ਢਲਦੇ ਸੂਰਜ ਦੇ ਨਾਲ ਗੁਰਮੇਲਾ ਆਪਣੇ ਘਰ ਆਇਆ। ਉਸ ਦੀ ਘਰਵਾਲੀ ਮਨਜੀਤ ਨੇ ਆਉਂਦੇ ਸਾਰ ਹੀ ਰੋਟੀ ਲਈ ਆਵਾਜ਼ ਦੇ ਦਿੱਤੀ। ਉਹ ਆਪ ਜੁਆਕਾਂ ਨੂੰ ਰੋਟੀ-ਟੁੱਕ ਖੁਆ ਕੇ ਦੁੱਧ ਨੂੰ ਉਬਾਲਾ ਦਿਵਾ ਰਹੀ ਸੀ। ਗੁਰਮੇਲਾ ਬਿਨਾਂ ਨਹਾਏ ਹੀ ਚੁੱਪ-ਚਾਪ ਮੰਜੇ ’ਤੇ ਪੈ ਗਿਆ ਅਤੇ ਉਸ ਦਾ ਇਹ ਰੁਖ਼ ਵੇਖਦੀ ਹੋਈ ਮਨਜੀਤ ਨੇ ਉਸ ਦੀ ਪਰੇਸ਼ਾਨੀ ਦਾ ਸਬੱਬ ਪੁੱਛਿਆ।

‘ਮੀਂਹ ਕਾਫ਼ੀ ਪੈਣ ਕਰਕੇ ਨਰਮਾ ਖ਼ਰਾਬ ਹੋ ਗਿਆ।’ ਇੰਨਾ ਕਹਿ ਕੇ ਅਤੇ ਮੂੰਹ ਵਿਚ ਰੱਬ ਲਈ ਕੁਝ ਮੰਦੇ ਬੋਲ ਬੋਲ ਕੇ ਉਹ ਬਿਨਾਂ ਰੋਟੀ ਖਾਧੇ ਹੀ ਸੌਂ ਗਿਆ। ਦੂਜੇ ਦਿਨ ਅੰਮ੍ਰਿਤ ਵੇਲੇ ਭਾਈ ਜੀ ਦੀ ਆਵਾਜ਼ ਦੇ ਨਾਲ ਹੀ ਗੁਰਮੇਲਾ ਤਾਂ ਡੰਗਰਾਂ ਨੂੰ ਹਰਾ ਚਾਰਾ ਪਾਉਣ ਲੱਗ ਪਿਆ ਅਤੇ ਮਨਜੀਤ ਚਾਹ ਬਣਾਉਣ ਲੱਗ ਗਈ। ਅੰਮ੍ਰਿਤ ਵੇਲੇ ਗੁਰੂਘਰ ਵਿਚੋਂ ਚੱਲਦੇ ਸ਼ਬਦ ‘ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ’ ਸੁਣਨ ਦੇ ਨਾਲ-ਨਾਲ ਹੀ ਗੁਰਮੇਲਾ ਆਪਣੇ ਮੂੰਹ ਵਿਚ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਉਸ ਦੇ ਨਾਮ ਜਪਣ ਤੋਂ ਇੰਜ ਜਾਪਦਾ ਸੀ ਜਿਵੇਂ ਕੱਲ੍ਹ ਰਾਤ ਵਾਲਾ ਉਸ ਦਾ ਰੱਬ ਪ੍ਰਤੀ ਸਾਰਾ ਗੁੱਸਾ ਉਤਰ ਗਿਆ ਹੋਵੇ।

ਸੂਰਜ ਲਿਸ਼ਕਾਂ ਮਾਰਨ ਲੱਗਾ ਹੈ। ਮਨਜੀਤ, ਗੁਰਮੇਲੇ ਨੂੰ ਠੰਢੇ ਜੇ ਲਹਿਜੇ ਵਿਚ ਕਹਿੰਦੀ, ‘ਕੋਈ ਗੱਲ ਨ੍ਹੀਂ ਜੇ ਨਰਮੇ ਨੂੰ ਬਿਮਾਰੀ ਪੈ ਗਈ… ਜਿੰਨਾ ਹੋਇਆ, ਓਹੀ ਪਰਮਾਤਮਾ ਚੰਗੇ ਥਾਂ ਲਵਾਵੇ… ਬਾਕੀ ਖਾਣ ਜੋਗੇ ਦਾਣੇ ਤਾਂ ਉਹ ਦੇਵੇਗਾ ਹੀ… ਉੱਥੇ ਤਾਂ ਹਰ ਹੀਲੇ ਰਹਿਣਾ ਪੈਂਦਾ, ਜਿੱਥੇ ਬਖਸ਼ਣਹਾਰਾ ਰੱਖੇ।’ ਇੰਨਾ ਸੁਣਕੇ ਗੁਰਮੇਲਾ ਚੁੱਪ-ਚਾਪ ਇਕ ਨਿੱਕਾ ਜਿਹਾ ਹੁੰਗਾਰਾ ਭਰ ਕੇ ਖੇਤ ਚਲਾ ਗਿਆ।

ਕੰਮ- ਕਾਰ ਕਰਕੇ ਜਦੋਂ ਉਹ ਰੋਟੀ ਖਾਣ ਲਈ ਘਰ ਆਇਆ ਤਾਂ ਕਾਲੇ ਬੱਦਲ ਫੇਰ ਆਸਮਾਨ ’ਚ ਦਿਖਾਈ ਦੇਣ ਲੱਗੇ। ਮਨਜੀਤ ਰੋਟੀਆਂ ਪਕਾਉਂਦੀ- ਪਕਾਉਂਦੀ ਜਵਾਕਾਂ ਨੂੰ ਝਿੜਕਾਂ ਦੇ ਰਹੀ ਸੀ ਕਿਉਂਕਿ ਉਹ ਉਸ ਨੂੰ ਤੰਗ ਕਰ ਰਹੇ ਸਨ। ਉਸ ਨੇ ਖਹਿੜਾ ਛੁਡਾਉਣ ਲਈ ਜੁਆਕਾਂ ਨੂੰ ਕਿਹਾ ‘ਜਾਓ ਵੇ, ਮੀਂਹ ਮੰਗ ਲਓ ਰੱਬ ਤੋਂ…।’

ਘਾਣੀ ਮਾਣੀ ਰੱਬਾ ਮੀਂਹ ਪਾ

ਸਾਡੀ ਕੋਠੀ ਦਾਣੇ ਪਾ।

ਬੱਚੇ ਖੁਸ਼ੀ ਵਿਚ ਝੂਮਦੇ ਹੋਏ ਉੱਚੀ- ਉੱਚੀ ਇਹ ਗੀਤ ਗਾਉਣ ਲੱਗ ਗਏ।

‘ਓਏ ਬਸ ਕਰੋ… ਅੱਗੇ ਥੋੜ੍ਹਾ ਪੈ ਗਿਆ।’ ਆਪਣੇ ਬੱਚਿਆਂ ਨੂੰ ਗਾਉਂਦੇ ਵੇਖ ਕੇ ਗੁਰਮੇਲਾ ਬੇਵਸੀ ਨਾਲ ਮੁਸਕਰਾਉਂਦਾ ਹੋਇਆ ਆਖਦਾ ਹੈ, ਪਰ ਉਸ ਦੀ ਮੁਸਕਰਾਹਟ ਪਿੱਛੇ ਬੇਵਸੀ ਸ਼ਾਇਦ ਨੇਤਰਹੀਣ ਵੀ ਵੇਖ ਸਕਦੇ ਹਨ। ਹੱਸਣ ਤੇ ਜ਼ਿੰਦਗੀ ਨੂੰ ਮੁੜ ਤੋਂ ਖਿੜੇ ਮੱਥੇ ਹੰਢਾਉਣ ਤੋਂ ਸਿਵਾਏ ਉਹ ਹੋਰ ਕਰ ਵੀ ਕੀ ਸਕਦਾ ਸੀ। ਭਲਾਂ ਮਰਿਆਂ ਨਾਲ ਮਰਿਆ ਥੋੜ੍ਹੀ ਜਾਂਦਾ।

ਹਰਪ੍ਰੀਤ ਸਿੰਘ ਸਰਾਂ

 

Comment here